ਯੂਰਪੀ ਸੰਘ-ਭਾਰਤ ਸੰਮੇਲਨ : ਮੋਦੀ ਵਲੋਂ ਕਾਰਵਾਈ ਕੇਂਦਰਤ ਏਜੰਡਾ ਤਿਆਰ ਕਰਨ 'ਤੇ ਜ਼ੋਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਦੇ ਸਬੰਧਾਂ ਨੂੰ ਹੋਰ ਵਸੀਹ ਕਰਨ ਲਈ
ਨਵੀਂ ਦਿੱਲੀ, 15 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਭਾਰਤ ਅਤੇ 27 ਦੇਸ਼ਾਂ ਦੇ ਯੂਰਪੀ ਸੰਘ ਦੇ ਸਬੰਧਾਂ ਨੂੰ ਹੋਰ ਵਸੀਹ ਕਰਨ ਲਈ ਕਾਰਵਾਈ ਕੇਂਦਰਤ ਏਜੰਡਾ ਤਿਆਰ ਕੀਤੇ ਜਾਣ 'ਤੇ ਜ਼ੋਰ ਦਿਤਾ। ਮੋਦੀ ਨੇ 15ਵੇਂ ਈਯੂ ਭਾਰਤ ਸਿਖਰ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ ਕਿ ਉਹ ਈਯੂ ਨਾਲ ਭਾਰਤ ਦੇ ਸਬੰਧਾਂ ਨੂੰ ਵਧਾਉਣ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਲੰਮੇਸਮੇਂ ਦਾ ਰਣਨੀਤ ਦ੍ਰਿਸ਼ਟੀਕੋਣ ਅਪਣਾਇਆ ਜਾਣਾ ਚਾਹੀਦਾ ਹੈ।
ਮੋਦੀ ਨੇ ਵੀਡੀਉ ਕਾਨਫ਼ਰੰਸ ਜ਼ਰੀਏ ਕਰਵਾਏ ਗਏ ਸੰਮੇਲਨ ਵਿਚ ਕਿਹਾ, 'ਸਾਨੂੰ ਆਪਸੀ ਰਿਸ਼ਤਿਆਂ ਦਾ ਦਾਇਰਾ ਵਸੀਹ ਕਰਨ ਦਾ ਕੰਮ ਤੈਅ ਸਮਾਂ ਹੱਦ ਅੰਦਰ ਪੂਰਾ ਕਰਨ ਲਈ ਕਾਰਵਾਈ ਕੇਂਦਰਤ ਏਜੰਡਾ ਤਿਆਰ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਈਯੂ ਅਤੇ ਭਾਰਤ ਨੂੰ ਕੁਦਰਤੀ ਭਾਈਵਾਲ ਦਸਦਿਆਂ ਕਿਹਾ ਕਿ ਇਹ ਭਾਈਵਾਲੀ ਦੁਨੀਆਂ ਵਿਚ ਸ਼ਾਂਤੀ ਅਤੇ ਜ਼ਿੰਮੇਵਾਰੀ ਲਈ ਫ਼ਾਇਦੇਮੰਦ ਹੈ।
ਉਨ੍ਹਾਂ ਕਿਹਾ, 'ਭਾਰਤ ਅਤੇ ਯੂਰਪੀ ਸੰਘ ਜਮਹੂਰੀ ਕਦਰਾਂ-ਕੀਮਤਾਂ ਵਿਚ ਯਕੀਨ ਕਰਦੇ ਹਨ। ਵੰਨ-ਸੁਵੰਨਤਾ ਅੰਤਰਾਸ਼ਟਰੀ ਸੰਸਥਾਵਾਂ ਦਾ ਸਨਮਾਨ, ਆਜ਼ਾਦੀ ਅਤੇ ਪਾਰਦਰਸ਼ਤਾ ਜਿਹੀਆਂ ਕਦਰਾਂ-ਕੀਮਤਾਂ ਵਿਚ ਸ਼ਰਧਾ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਈਯੂ ਦੀ ਭਾਈਵਾਲੀ ਆਰਥਕ ਪੁਨਰਨਿਰਮਾਣ ਅਤੇ ਮਨੁੱਖ ਕੇਂਦਰਤ ਵਿਸ਼ਵੀਕਰਨ ਦੀ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਸੰਮੇਲਨ ਵਿਚ ਯੂਰਪੀ ਸੰਘ ਦੇ ਵਫ਼ਦ ਦੀ ਅਗਵਾਈ ਯੂਰਪੀ ਪਰਿਸ਼ਦ ਦੇ ਪ੍ਰਧਾਨ ਚਾਰਲਸ ਮਾਈਕਲ ਅਤੇ ਯੂਰਪੀ ਕਮਿਸ਼ਨ ਦੀ ਮੁਖੀ ਉਰਸਲਾ ਵਾਨ ਡੇਰ ਲੇਯੇਨ ਨੇ ਕੀਤੀ। ਈਯੂ ਭਾਰਤ ਲਈ ਰਣਨੀਤਕ ਤੌਰ 'ਤੇ ਅਹਿਮ ਗਰੁਪ ਹੈ ਅਤੇ 2018 ਵਿਚ ਭਾਰਤ ਦਾ ਸੱਭ ਤੋਂ ਵੱਡਾ ਵਪਾਰ ਭਾਈਵਾਲ ਸੀ। ਸਾਲ 2018-19 ਵਿਚ ਭਾਰਤ ਦਾ ਈਯੂ ਨਾਲ ਦੁਵੱਲਾ ਵਪਾਰ 115.6 ਅਰਬ ਡਾਲਰ ਦਾ ਰਿਹਾ ਜਿਸ ਵਿਚ ਭਾਰਤ ਤੋਂ ਦਰਾਮਦ 57.17 ਅਰਬ ਡਾਲਰ ਅਤੇ ਦਰਾਮਦ 5.42 ਅਰਬ ਡਾਲਰ ਦਾ ਰਿਹਾ। (ਏਜੰਸੀ)