ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਸਬੂਤ ਹਨ : ਗਹਿਲੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਯਤਨ

Ashok Ghelot

ਜੈਪੁਰ, 15 ਜੁਲਾਈ  : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਯਤਨ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਕੋਲ ਇਸ ਦੇ ਸਬੂਤ ਹਨ। ਉਨ੍ਹਾਂ ਸਚਿਨ ਪਾਇਲਟ ਦਾ ਨਾਮ ਲਏ ਬਿਨਾਂ ਦਾਅਵਾ ਕੀਤਾ ਕਿ ਉਹ ਸਿੱਧੇ ਤੌਰ 'ਤੇ ਭਾਜਪਾ ਨਾਲ ਮਿਲ ਕੇ ਵਿਧਾਇਕਾਂ ਦੀ ਖ਼ਰੀਦੋ-ਫ਼ਰੋਖ਼ਤ ਵਿਚ ਸ਼ਾਮਲ ਸਨ। ਪਾਇਲਟ ਵਿਰੁਧ ਹਮਲਾਵਰ ਹੁੰਦਿਆਂ ਗਹਿਲੋਤ ਨੇ ਇਥੇ ਪੱਤਰਕਾਰਾਂ ਨੂੰ ਕਿਹਾ, 'ਸਫ਼ਾਈ ਕੌਣ ਦੇ ਰਿਹਾ ਸੀ, ਸਫ਼ਾਈ ਉਹੀ ਨੇਤਾ ਦੇ ਰਹੇ ਸਨ ਜੋ ਖ਼ੁਦ ਸਾਜ਼ਸ਼ ਵਿਚ ਸ਼ਾਮਲ ਸੀ, ਸਾਜ਼ਸ਼ ਦਾ ਹਿੱਸਾ ਸਨ।

ਸਾਡੇ ਕੋਲ ਉਪ ਮੁੱਖ ਮੰਤਰੀ ਹੋਵੇ, ਪੀਸੀਸੀ ਪ੍ਰਧਾਨ ਹੋਵੇ ਜਾਂ ਖ਼ੁਦ ਹੀ ਜੇ ਡੀਲ ਕਰੇ, ਉਹ ਸਫ਼ਾਈ ਦੇ ਰਹੇ ਹਨ ਕਿ ਸਾਡੇ ਕੋਲ ਇਥੇ ਕੋਈ ਖ਼ਰੀਦੋ-ਫ਼ਰੋਖ਼ਤ ਨਹੀਂ ਹੋ ਰਹੀ ਸੀ।' ਜ਼ਿਕਰਯੋਗ ਹੈ ਕਿ 19 ਜੂਨ ਨੂੰ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਚੋਣਾਂ ਤੋਂ ਪਹਿਲਾਂ ਵਿਧਾਇਕਾਂ ਨੂੰ ਕਥਿਤ ਤੌਰ 'ਤੇ ਲਾਲਚ ਦਿਤੇ ਜਾਣ ਸਬੰਧੀ ਕਾਂਗਰਸ ਅਤੇ ਭਾਜਪਾ ਵਿਚ ਕਾਫ਼ੀ ਬਿਆਨਬਾਜ਼ੀ ਹੋਈ ਸੀ। ਮੁੱਖ ਮੰਤਰੀ ਗਹਿਲੋਤ ਨੇ ਦੋਸ਼ ਲਾਇਆ ਸੀ ਕਿ ਭਾਜਪਾ ਕੁੱਝ ਵਿਧਾਇਕਾਂ ਨੂੰ ਲਾਲਚ ਦੇ ਰਹੀ ਹੈ। ਗਹਿਲੋਤ ਨੇ ਕੌਮੀ ਮੀਡੀਆ ਨੂੰ ਵੀ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕੌਮੀ ਮੀਡੀਆ ਵੀ ਉਨ੍ਹਾਂ ਲੋਕਾਂ ਦਾ ਸਮਰਥਨ ਕਰ ਰਿਹਾ ਹੈ ਜੋ ਲੋਕ ਜਮਹੂਰੀਅਤ ਦੀ ਹਤਿਆ ਅਤੇ ਖ਼ਰੀਦੋ-ਫ਼ਰੋਖ਼ਤ ਵਿਚ ਸ਼ਾਮਲ ਹਨ।                   (ਏਜੰਸੀ)

ਵਿਰੋਧੀਆਂ ਨੂੰ ਅਸਥਿਰ ਕਰ ਰਹੀ ਹੈ ਭਾਜਪਾ: ਸ਼ਿਵ ਸੈਨਾ
ਮੁੰਬਈ, 15 ਜੁਲਾਈ : ਸ਼ਿਵ ਸੈਨਾ ਨੇ ਰਾਜਸਥਾਨ 'ਚ ਸਿਆਸੀ ਸੰਕਟ ਬਾਰੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਰਾਜਗ ਕਾਂਗਰਸ ਸ਼ਾਸਿਤ ਸੂਬੇ 'ਚ ਅਪਣੇ ਵਿਰੋਧੀਆਂ ਨੂੰ ਅਸਥਿਰ ਕਰਨ ਲਈ ਕੰਮ ਕਰ ਰਹੀ ਹੈ ਅਤੇ ਵਿਧਾਇਕਾਂ ਦੀ ਖ਼ਰੀਦ-ਫ਼ਰੋਖ਼ਤ ਨੂੰ ਵਧਾਵਾ ਦੇ ਰਹੀ ਹੈ। ਸ਼ਿਵ ਸੈਨਾ ਨੇ ਸੰਪਾਦਕੀ 'ਚ ਸਵਾਲ ਕੀਤਾ ਕਿ ਭਾਜਪਾ ਰੇਗਿਸਤਾਨ 'ਚ ਇਸ ਸਿਆਸੀ ਗੜਬੜੀ ਨਾਲ ਤੂਫ਼ਾਨ ਪੈਦਾ ਕਰ ਕੇ ਕੀ ਹਾਸਲ ਕਰਨਾ ਚਾਹੁੰਦੀ ਹੈ?

ਉਸ ਨੇ ਕਿਹਾ ਕਿ ਅਜਿਹੇ ਕਦਮ ਦੇਸ਼ ਦੇ ਸੰਸਦੀ ਲੋਕਤੰਤਰ ਨੂੰ ਰੇਗਿਸਤਾਨ 'ਚ ਬਦਲ ਦੇਣਗੇ। ਰਾਜਸਥਾਨ 'ਚ ਥਾਰ ਰੇਗਿਸਤਾਨ ਹੈ, ਜਿਸ ਦਾ ਕੁੱਝ ਹਿੱਸਾ ਗੁਜਰਾਤ, ਪੰਜਾਬ ਅਤੇ ਹਰਿਆਣਾ ਵਰਗੇ ਸੂਬਿਆਂ 'ਚ ਵੀ ਫੈਲਿਆ ਹੈ। ਘਟਨਾ 'ਤੇ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਪੂਰੇ ਦੇਸ਼ 'ਤੇ ਸ਼ਾਸਨ ਕਰ ਰਹੀ ਹੈ (ਭਾਜਪਾ ਕੇਂਦਰ 'ਚ ਸੱਤਾ 'ਚ ਹੈ)। ਉਸ ਨੂੰ ਵਿਰੋਧੀਆਂ ਲਈ ਵੀ ਕੁੱਝ ਸੂਬਾ ਛੱਡ ਦੇਣਾ ਚਾਹੀਦਾ ਹੈ। ਇਹੀ ਲੋਕਤੰਤਰ ਦਾ ਮਾਣ ਹੋਵੇਗਾ। (ਏਜੰਸੀ)