ਮੁਫ਼ਤ ਸਿਖਿਆ, ਸਿਹਤ ਸੇਵਾ ਨੂੰ ‘ਮੁਫ਼ਤ ਦੀ ਰਿਊੜੀਆਂ’ ਵੰਡਣਾ ਨਹੀਂ ਕਹਿੰਦੇ : ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਇਹ ਰਿਊੜੀ ਨਹੀਂ, ਦੇਸ਼ ਦੀ ਨੀਂਹ ਹੈ

Arvind Kejriwal on PM Modi's remark

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਬੁੰਦੇਲਖੰਡ ਐਕਸਪ੍ਰੈੱਸ-ਵੇਅ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ  ‘ਰਿਊੜੀ ਕਲਚਰ’ ਤੋਂ ਦੇਸ਼ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਲਟਵਾਰ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਅਪਣੇ ਦੇਸ਼ ਦੇ ਬੱਚਿਆਂ ਨੂੰ ਮੁਫ਼ਤ ਅਤੇ ਚੰਗੀ ਸਿਖਿਆ ਦੇਣਾ ਅਤੇ ਲੋਕਾਂ ਦਾ ਚੰਗਾ ਅਤੇ ਮੁਫ਼ਤ ਇਲਾਜ ਕਰਾਉਣਾ ਇਸ ਨੂੰ ਮੁਫ਼ਤ ਦੀ ਰੇਵੜੀ ਵੰਡਣਾ ਨਹੀਂ ਕਹਿੰਦੇ। ਅਸੀਂ ਇਕ ਵਿਕਸਿਤ ਅਤੇ ਗੌਰਵਸ਼ਾਲੀ ਭਾਰਤ ਦੀ ਨੀਂਹ ਰੱਖ ਰਹੇ ਹਾਂ। ਇਹ ਕੰਮ 75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ।

Arvind Kejriwal

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨ ਮਗਰੋਂ ਕਿਸੇ ਪਾਰਟੀ ਜਾਂ ਨੇਤਾ ਦਾ ਨਾਂ ਲਏ ਬਿਨਾਂ ‘ਰਿਊੜੀ ਕਲਚਰ’ (ਮੁਫ਼ਤ ’ਚ ਸਹੂਲਤਾਂ ਉਪਲੱਬਧ ਕਰਾਉਣ ਵਾਲੀ ਰਾਜਨੀਤੀ) ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਰਿਊੜੀ ਕਲਚਰ ਦੇਸ਼ ਦੇ ਵਿਕਾਸ ਲਈ ਬਹੁਤ ਖਤਰਨਾਕ ਹੈ। ਕੇਜਰੀਵਾਲ ਨੇ ਇਸ ’ਤੇ ਪਲਟਵਾਰ ਕਰ ਕੇ ਕਿਹਾ ਅਸੀਂ ਦਿੱਲੀ ਦੀਆਂ ਔਰਤਾਂ ਨੂੰ ਬੱਸ ’ਚ ਮੁਫ਼ਤ ਯਾਤਰਾ ਦੀ ਸਹੂਲਤ ਦੇ ਰਹੇ ਹਾਂ। ਇਸ ’ਤੇ ਜੋ ਲੋਕ ਮੈਨੂੰ ਗਾਲ੍ਹਾਂ ਕੱਢ ਰਹੇ ਹਨ, ਉਨ੍ਹਾਂ ਨੇ ਜਨਤਾ ਦੇ ਪੈਸੇ ਤੋਂ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰ ਕੇ ਅਪਣੇ ਲਈ ਪ੍ਰਾਈਵੇਟ ਜਹਾਜ਼ ਖ਼ਰੀਦੇ ਹਨ।

PM Modi

ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ’ਚ 18 ਲੱਖ ਬੱਚੇ ਪੜ੍ਹਦੇ ਹਨ। ਦੇਸ਼ ਭਰ ’ਚ ਸਰਕਾਰੀ ਸਕੂਲਾਂ ਦਾ ਬੇੜਾ ਗਰਕ ਸੀ। ਉਸ ਤਰ੍ਹਾਂ ਦੀ ਹਾਲਤ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਸੀ। 18 ਲੱਖ ਬੱਚਿਆਂ ਦਾ ਭਵਿੱਖ ਬਰਬਾਦ ਸੀ। ਅੱਜ ਅਸੀਂ ਜੇਕਰ ਇਨ੍ਹਾਂ ਬੱਚਿਆਂ ਦਾ ਭਵਿੱਖ ਠੀਕ ਕੀਤਾ ਤਾਂ ਮੈਂ ਕੀ ਗੁਨਾਹ ਕਰ ਰਿਹਾ ਹਾਂ? ਅੱਜ ਮੇਰਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹ ਰਿਊੜੀ ਨਹੀਂ ਹੈ, ਦੇਸ਼ ਦੀ ਨੀਂਹ ਹੈ। ਅੱਜ ਦਿੱਲੀ ਦੇ ਸਰਕਾਰੀ ਹਸਪਤਾਲ ਸ਼ਾਨਦਾਰ ਕਰ ਦਿਤੇ ਹਨ। ਮੁਹੱਲਾ ਕਲੀਨਿਕ ਸ਼ਾਨਦਾਰ ਕਰ ਦਿਤੇ ਹਨ, ਜਿਨ੍ਹਾਂ ਦੀ ਚਰਚਾ ਪੂਰੀ ਦੁਨੀਆ ’ਚ ਹੋ ਰਹੀ ਹੈ।