NEET Paper Leak : CBI ਨੇ ਮੁੱਖ ਮੁਲਜ਼ਮ ਸਮੇਤ 2 ਹੋਰ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹੁਣ ਤੱਕ ਇਸ ਮਾਮਲੇ ’ਚ ਕੁਲ 14 ਗ੍ਰਿਫਤਾਰੀਆਂ ਹੋਈਆਂ
NEET Paper Leak : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪਾਤਰਤਾ ਅਤੇ ਦਾਖ਼ਲਾ ਇਮਤਿਹਾਨ-ਗਰੈਜੁਏਸ਼ਨ (ਨੀਟ-ਯੂ.ਜੀ.) ਪੇਪਰ ਲੀਕ ਮਾਮਲੇ ਦੇ ਇਕ ਪ੍ਰਮੁੱਖ ਮੁਲਜ਼ਮ ਸਮੇਤ ਦੋ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ ,ਜਿਨ੍ਹਾਂ ਨੇ ਝਾਰਖੰਡ ਦੇ ਹਜ਼ਾਰੀਬਾਗ ’ਚ ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਦੇ ਟਰੰਕ ’ਚੋਂ ਪ੍ਰਸ਼ਨ ਪੱਤਰ ਚੋਰੀ ਕੀਤਾ ਸੀ।
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਗ੍ਰਿਫਤਾਰੀਆਂ ਨਾਲ ਮੈਡੀਕਲ ਦਾਖਲਾ ਇਮਤਿਹਾਨ ’ਚ ਲੀਕ, ਨਕਲ ਅਤੇ ਹੋਰ ਬੇਨਿਯਮੀਆਂ ਨਾਲ ਜੁੜੇ ਮਾਮਲਿਆਂ ’ਚ ਗ੍ਰਿਫਤਾਰੀਆਂ ਦੀ ਕੁਲ ਗਿਣਤੀ ਹੁਣ 14 ਹੋ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਮਸ਼ੇਦਪੁਰ ਦੇ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਉਰਫ ਆਦਿੱਤਿਆ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਹਜ਼ਾਰੀਬਾਗ ’ਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਦੇ ਟਰੰਕ ’ਚੋਂ ਨੀਟ-ਯੂ.ਜੀ. ਪ੍ਰਸ਼ਨ ਪੱਤਰ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਦਸਿਆ ਕਿ ਬੋਕਾਰੋ ਦੇ ਰਹਿਣ ਵਾਲੇ ਕੁਮਾਰ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਰਾਜੂ ਸਿੰਘ ਨਾਂ ਦੇ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਕੁਮਾਰ ਨੂੰ ਪ੍ਰਸ਼ਨ ਪੱਤਰ ਚੋਰੀ ਕਰਨ ਅਤੇ ਗਿਰੋਹ ਦੇ ਹੋਰ ਮੈਂਬਰਾਂ ਨੂੰ ਦੇਣ ਵਿਚ ਕਥਿਤ ਤੌਰ ’ਤੇ ਮਦਦ ਕੀਤੀ ਸੀ। ਰਾਜੂ ਸਿੰਘ ਨੂੰ ਹਜ਼ਾਰੀਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਮੈਡੀਕਲ ਦਾਖਲਾ ਇਮਤਿਹਾਨ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਛੇ ਐਫ.ਆਈ.ਆਰ. ਦਰਜ ਕੀਤੀਆਂ ਹਨ। ਬਿਹਾਰ ’ਚ ਐਫ.ਆਈ.ਆਰ. ਪ੍ਰਸ਼ਨ ਪੱਤਰ ਲੀਕ ਨਾਲ ਸਬੰਧਤ ਸਨ, ਜਦਕਿ ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ’ਚ ਬਾਕੀ ਐਫ.ਆਈ.ਆਰ. ਨਕਲ ਅਤੇ ਉਮੀਦਵਾਰਾਂ ਨੂੰ ਬਦਲਣ ਨਾਲ ਸਬੰਧਤ ਸਨ।
ਕੇਂਦਰੀ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਏਜੰਸੀ ਦੀ ਐਫ.ਆਈ.ਆਰ. ਇਮਤਿਹਾਨ ’ਚ ਕਥਿਤ ਬੇਨਿਯਮੀਆਂ ਦੀ ‘ਵਿਆਪਕ ਜਾਂਚ’ ਨਾਲ ਸਬੰਧਤ ਹੈ।
ਨੀਟ-ਯੂ.ਜੀ. ਐਨ.ਟੀ.ਏ. ਵਲੋਂ ਸਰਕਾਰੀ ਅਤੇ ਨਿੱਜੀ ਸੰਸਥਾਵਾਂ ’ਚ ਐਮਬੀਬੀਐਸ, ਬੀਡੀਐਸ, ਆਯੂਸ਼ ਅਤੇ ਹੋਰ ਸਬੰਧਤ ਕੋਰਸਾਂ ’ਚ ਦਾਖਲੇ ਲਈ ਕੀਤਾ ਜਾਂਦਾ ਹੈ। ਇਸ ਸਾਲ ਇਹ ਇਮਤਿਹਾਨ 5 ਮਈ ਨੂੰ 14 ਵਿਦੇਸ਼ੀ ਸ਼ਹਿਰਾਂ ਸਮੇਤ 571 ਸ਼ਹਿਰਾਂ ਦੇ 4,750 ਕੇਂਦਰਾਂ ’ਤੇ ਆਯੋਜਿਤ ਕੀਤੀ ਗਈ ਸੀ। ਇਸ ਇਮਤਿਹਾਨ ’ਚ 23 ਲੱਖ ਤੋਂ ਵੱਧ ਉਮੀਦਵਾਰ ਸ਼ਾਮਲ ਹੋਏ ਸਨ।