ਸ਼ੰਭੂ ਬਾਰਡਰ ’ਤੇ ਬੈਰੀਕੇਡ ਹਟਾਉਣ ਵਿਰੁਧ ਪਟੀਸ਼ਨ ’ਤੇ ਸੁਪਰੀਮ ਕੋਰਟ 22 ਜੁਲਾਈ ਨੂੰ ਸੁਣਵਾਈ ਕਰੇਗਾ 

ਏਜੰਸੀ

ਖ਼ਬਰਾਂ, ਰਾਸ਼ਟਰੀ

SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਸੀ ਕਿ ਕਿਸਾਨ ਦਿੱਲੀ ਵਲ ਮਾਰਚ ਕਰਨਗੇ

Supreme court

ਨਵੀਂ ਦਿੱਲੀ: ਸੁਪਰੀਮ ਕੋਰਟ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ ਬੈਰੀਕੇਡ ਹਟਾਉਣ ਦੇ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੀ ਹਰਿਆਣਾ ਸਰਕਾਰ ਦੀ ਪਟੀਸ਼ਨ ’ਤੇ 22 ਜੁਲਾਈ ਨੂੰ ਸੁਣਵਾਈ ਕਰੇਗਾ। 

ਕਿਸਾਨ 13 ਫ਼ਰਵਰੀ ਤੋਂ ਸ਼ੰਭੂ ਬਾਰਡਰ ’ਤੇ ਡਟੇ ਹੋਏ ਹਨ। ਸੂਬਾ ਸਰਕਾਰ ਵਲੋਂ ਪੇਸ਼ ਹੋਏ ਸੀਨੀਅਰ ਵਧੀਕ ਸਾਲਿਸਿਟਰ ਜਨਰਲ ਲੋਕੇਸ਼ ਸਿੰਘਲ ਨੇ ਮੰਗਲਵਾਰ ਨੂੰ ਜਸਟਿਸ ਸੂਰਿਆ ਕਾਂਤ ਅਤੇ ਉਜਵਲ ਭੁਈਆਂ ਦੀ ਬੈਂਚ ਦੇ ਸਾਹਮਣੇ ਮਾਮਲੇ ਦੀ ਤੁਰਤ ਸੁਣਵਾਈ ਦੀ ਜ਼ਰੂਰਤ ਜ਼ਾਹਰ ਕੀਤੀ। ਇਸ ਤੋਂ ਬਾਅਦ ਬੈਂਚ ਮਾਮਲੇ ਨੂੰ ਅਗਲੇ ਸੋਮਵਾਰ ਲਈ ਸੂਚੀਬੱਧ ਕਰਨ ਲਈ ਸਹਿਮਤ ਹੋ ਗਈ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 10 ਜੁਲਾਈ ਦੇ ਹੁਕਮ ਵਿਰੁਧ ਵਕੀਲ ਅਕਸ਼ੈ ਅੰਮ੍ਰਿਤਾਂਸ਼ੂ ਰਾਹੀਂ ਦਾਇਰ ਅਪੀਲ ’ਚ ਕਿਹਾ ਗਿਆ ਹੈ ਕਿ ਇਹ ਇਸ ਹੁਕਮ ਤਕ ਸੀਮਤ ਹੈ ਕਿ ਹਰਿਆਣਾ ਨੂੰ ਇਕ ਹਫ਼ਤੇ ਦੇ ਅੰਦਰ ਸ਼ੰਭੂ ਬਾਰਡਰ ਨੂੰ ਮੁਕੱਦਮੇ ਦੇ ਆਧਾਰ ’ਤੇ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। 

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਸੀ ਕਿ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਵੱਖ-ਵੱਖ ਮੰਗਾਂ ਦੇ ਸਮਰਥਨ ’ਚ ਦਿੱਲੀ ਵਲ ਮਾਰਚ ਕਰਨਗੇ, ਜਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਅੰਬਾਲਾ-ਨਵੀਂ ਦਿੱਲੀ ਕੌਮੀ ਰਾਜਮਾਰਗ ’ਤੇ ਬੈਰੀਕੇਡ ਲਗਾਏ ਸਨ। 

ਸ਼ੰਭੂ ਬਾਰਡਰ ਨੇੜੇ ਹਾਈਵੇਅ ਖੁੱਲ੍ਹਣ ’ਤੇ ਕਿਸਾਨ ਦਿੱਲੀ ਵਲ ਕੂਚ ਕਰਨਗੇ: ਡੱਲੇਵਾਲ 

ਚੰਡੀਗੜ੍ਹ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਹਰਿਆਣਾ ਦੇ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ ਲਗਾਏ ਗਏ ਬੈਰੀਕੇਡ ਹਟਾਏ ਜਾਣ ਤੋਂ ਬਾਅਦ ਕਿਸਾਨ ਦਿੱਲੀ ਵਲ ਮਾਰਚ ਕਰਨਗੇ। 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ’ਤੇ ਲਗਾਏ ਗਏ ਬੈਰੀਕੇਡਾਂ ਨੂੰ ਪ੍ਰਯੋਗਾਤਮਕ ਆਧਾਰ ’ਤੇ ਹਟਾਉਣ ਦੇ ਹੁਕਮ ਦਿਤੇ ਸਨ। ਕਿਸਾਨ 13 ਫ਼ਰਵਰੀ ਤੋਂ ਸਰਹੱਦ ’ਤੇ ਡਟੇ ਹੋਏ ਹਨ। 

ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਐਡਵੋਕੇਟ ਅਕਸ਼ੈ ਅੰਮ੍ਰਿਤਾਂਸ਼ੂ ਰਾਹੀਂ ਅਪੀਲ ਦਾਇਰ ਕਰਦਿਆਂ ਸੂਬਾ ਸਰਕਾਰ ਨੇ ਨਾਕਾਬੰਦੀ ਲਈ ਕਾਨੂੰਨ ਵਿਵਸਥਾ ਦਾ ਹਵਾਲਾ ਦਿਤਾ ਸੀ। 

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਨੇਤਾ ਡੱਲੇਵਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਵੱਖ-ਵੱਖ ਮੰਗਾਂ ਦੇ ਸਮਰਥਨ ’ਚ ‘ਦਿੱਲੀ ਚਲੋ‘ ਅੰਦੋਲਨ ਦੇ ਹਿੱਸੇ ਵਜੋਂ ਕੌਮੀ ਰਾਜਧਾਨੀ ਵਲ ਮਾਰਚ ਕਰਨਗੇ। 

ਉਨ੍ਹਾਂ ਕਿਹਾ, ‘‘ਸਾਡਾ ਫੈਸਲਾ ਹੈ ਕਿ ਜਦੋਂ ਵੀ ਸੜਕ (ਹਾਈਵੇਅ) ਖੁੱਲ੍ਹੇਗੀ ਤਾਂ ਅਸੀਂ ਦਿੱਲੀ ਵਲ ਮਾਰਚ ਕਰਾਂਗੇ।’’ ਉਨ੍ਹਾਂ ਕਿਹਾ ਕਿ ਉਹ ਅਪਣੀਆਂ ਮੰਗਾਂ ਪੂਰੀਆਂ ਹੋਣ ਤਕ ਅਪਣਾ ਅੰਦੋਲਨ ਜਾਰੀ ਰਖਣਗੇ। 

ਡੱਲੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਕਿਸਾਨਾਂ ਨੇ ਹਾਈਵੇਅ ਜਾਮ ਨਹੀਂ ਕੀਤਾ ਸੀ। ਇਕ ਸਵਾਲ ਦੇ ਜਵਾਬ ’ਚ ਡੱਲੇਵਾਲ ਨੇ ਕਿਹਾ ਕਿ ਜਦੋਂ ਉਹ (ਕਿਸਾਨ) ਦਿੱਲੀ ਵਲ ਵਧਣਗੇ ਤਾਂ ਉਹ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣਗੇ। 

ਉਨ੍ਹਾਂ ਕਿਹਾ, ‘‘ਅਸੀਂ ਸ਼ਾਂਤੀਪੂਰਨ ਤਰੀਕੇ ਨਾਲ ਅਪਣੀ ਗੱਲ ਰਖਣਾ ਚਾਹੁੰਦੇ ਹਾਂ।’’ ਡੱਲੇਵਾਲ ਨੇ ਦਿੱਲੀ ਦੇ ਜੰਤਰ ਮੰਤਰ ਜਾਂ ਰਾਮਲੀਲਾ ਮੈਦਾਨ ਜਾਣ ਦੀ ਕਿਸਾਨਾਂ ਦੀ ਮੰਗ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਸੜਕਾਂ ਜਾਮ ਕਰਨ ਦਾ ਕੋਈ ਇਰਾਦਾ ਨਹੀਂ ਹੈ। 

ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਹਾਈਵੇਅ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਰੋਕਿਆ ਸੀ ਨਾ ਕਿ ਕਿਸਾਨਾਂ ਨੇ।