NCERT ਦੀ ਨਵੀਂ ਪਾਠ ਪੁਸਤਕ ਵਿਚ ਮੁਗਲ ਯੁੱਗ ਦਾ ਵਰਣਨ
ਅਕਬਰ ਨੂੰ ਦਸਿਆ ਜ਼ਲਮ ਪਰ ਸਹਿਣਸ਼ੀਲ, ਬਾਬਰ ਬੇਰਹਿਮ
ਨਵੀਂ ਦਿੱਲੀ: ਐੱਨ.ਸੀ.ਈ.ਆਰ.ਟੀ. ਦੀ ਅੱਠਵੀਂ ਜਮਾਤ ਦੀ ਨਵੀਂ ਪਾਠ ਪੁਸਤਕ ’ਚ ਮੁਗਲ ਬਾਦਸ਼ਾਹਾਂ ਦੇ ਸ਼ਾਸਨਕਾਲ ਦਾ ਵਰਣਨ ਕਰਦੇ ਹੋਏ ਕਿਹਾ ਗਿਆ ਹੈ ਕਿ ਅਕਬਰ ਦਾ ਸ਼ਾਸਨ ‘ਬੇਰਹਿਮੀ’ ਅਤੇ ‘ਸਹਿਣਸ਼ੀਲਤਾ’ ਦਾ ਮਿਸ਼ਰਣ ਸੀ, ਬਾਬਰ ‘ਬੇਰਹਿਮ’ ਸੀ ਜਦਕਿ ਔਰੰਗਜ਼ੇਬ ਇਕ ‘ਫੌਜੀ ਸ਼ਾਸਕ’ ਸੀ, ਜਿਸ ਨੇ ਗ਼ੈਰ-ਮੁਸਲਮਾਨਾਂ ਉਤੇ ਫਿਰ ਤੋਂ ਟੈਕਸ ਲਗਾਇਆ ਸੀ।
ਇਸ ਹਫਤੇ ਜਾਰੀ ਹੋਈ ਕਿਤਾਬ ‘ਐਕਸਪਲੋਰਿੰਗ ਸੋਸਾਇਟੀ: ਇੰਡੀਆ ਐਂਡ ਬਿਓਂਡ’ ਐੱਨ.ਸੀ.ਈ.ਆਰ.ਟੀ. ਦੇ ਨਵੇਂ ਪਾਠਕ੍ਰਮ ਦੀ ਪਹਿਲੀ ਕਿਤਾਬ ਹੈ, ਜਿਸ ਵਿਚ ਵਿਦਿਆਰਥੀਆਂ ਨੂੰ ਦਿੱਲੀ ਸਲਤਨਤ, ਮੁਗਲਾਂ, ਮਰਾਠਿਆਂ ਅਤੇ ਬਸਤੀਵਾਦੀ ਯੁੱਗ ਨਾਲ ਜਾਣੂ ਕਰਵਾਇਆ ਗਿਆ ਹੈ।
ਐੱਨ.ਸੀ.ਈ.ਆਰ.ਟੀ. ਦਾ ਕਹਿਣਾ ਹੈ ਕਿ ਸਕੂਲ ਸਿੱਖਿਆ ਲਈ ਕੌਮੀ ਪਾਠਕ੍ਰਮ ਫਰੇਮਵਰਕ (ਐਨ.ਸੀ.ਐਫ.ਐਸ.ਈ.) 2023 ਦੀਆਂ ਸਿਫਾਰਸ਼ਾਂ ਅਨੁਸਾਰ ਹੁਣ ਸਮਾਂ ਸੀਮਾ ਨੂੰ ਪੂਰੀ ਤਰ੍ਹਾਂ 8ਵੀਂ ਜਮਾਤ ਵਿਚ ਤਬਦੀਲ ਕਰ ਦਿਤਾ ਗਿਆ ਹੈ।
ਕਿਤਾਬ ਦੀ ਸ਼ੁਰੂਆਤ ਵਿਚ ‘ਇਤਿਹਾਸ ਵਿਚ ਕੁੱਝ ਹਨੇਰੇ ਸਮੇਂ ਬਾਰੇ ਨੋਟ’ ਸਿਰਲੇਖ ਵਾਲਾ ਇਕ ਹਿੱਸਾ ਹੈ, ਜਿੱਥੇ ਐੱਨ.ਸੀ.ਈ.ਆਰ.ਟੀ. ਸੰਵੇਦਨਸ਼ੀਲ ਅਤੇ ਹਿੰਸਕ ਘਟਨਾਵਾਂ, ਮੁੱਖ ਤੌਰ ’ਤੇ ਜੰਗ ਅਤੇ ਖੂਨ-ਖਰਾਬੇ ਨੂੰ ਸ਼ਾਮਲ ਕਰਨ ਲਈ ਪ੍ਰਸੰਗ ਪੇਸ਼ ਕਰਦਾ ਹੈ।
ਨੋਟ ਵਿਚ ਵਿਦਿਆਰਥੀਆਂ ਨੂੰ ‘ਬੇਰਹਿਮ ਹਿੰਸਾ, ਅਪਮਾਨਜਨਕ ਕੁਸ਼ਾਸਨ ਜਾਂ ਸੱਤਾ ਦੀਆਂ ਗਲਤ ਇੱਛਾਵਾਂ ਦੇ ਇਤਿਹਾਸਕ ਮੂਲ’ ਨੂੰ ਸਮਝਣ ਦੀ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ, ‘‘ਅਤੀਤ ਦੀਆਂ ਘਟਨਾਵਾਂ ਲਈ ਅੱਜ ਕਿਸੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ।’’
ਨਵੀਂ ਕਿਤਾਬ ’ਚ, 13ਵੀਂ ਤੋਂ 17ਵੀਂ ਸਦੀ ਤਕ ਦੇ ਭਾਰਤੀ ਇਤਿਹਾਸ ਨੂੰ ਪੇਸ਼ ਕਰਨ ਵਾਲਾ ਅਧਿਆਇ - ‘ਭਾਰਤ ਦਾ ਸਿਆਸੀ ਨਕਸ਼ਾ’ - ਦਿੱਲੀ ਸਲਤਨਤ ਦੇ ਉਭਾਰ ਅਤੇ ਪਤਨ ਅਤੇ ਇਸ ਦੇ ਵਿਰੋਧ, ਵਿਜੈਨਗਰ ਸਾਮਰਾਜ, ਮੁਗਲਾਂ ਅਤੇ ਉਨ੍ਹਾਂ ਦੇ ਵਿਰੋਧ ਅਤੇ ਸਿੱਖਾਂ ਦੇ ਉਭਾਰ ਨੂੰ ਦਰਸਾਉਂਦਾ ਹੈ।
ਐੱਨ.ਸੀ.ਈ.ਆਰ.ਟੀ. ਦੀ ਅੱਠਵੀਂ ਜਮਾਤ ਦੀ ਸਮਾਜਕ ਵਿਗਿਆਨ ਦੀ ਨਵੀਂ ਪਾਠ ਪੁਸਤਕ ਵਿਚ ਬਾਬਰ ਨੂੰ ‘ਬੇਰਹਿਮ ਅਤੇ ਜ਼ਾਲਮ ਵਿਜੇਤਾ, ਸ਼ਹਿਰਾਂ ਦੀ ਸਾਰੀ ਆਬਾਦੀ ਦਾ ਕਤਲੇਆਮ ਕਰਨ ਵਾਲ’ ਅਤੇ ਔਰੰਗਜ਼ੇਬ ਨੂੰ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਤਬਾਹ ਕਰਨ ਵਾਲਾ ਫੌਜੀ ਸ਼ਾਸਕ ਦਸਿਆ ਗਿਆ ਹੈ।
ਕਿਤਾਬ ਵਿਚ ਅਕਬਰ ਦੇ ਸ਼ਾਸਨਕਾਲ ਨੂੰ ਵੱਖ-ਵੱਖ ਧਰਮਾਂ ਲਈ ‘ਬੇਰਹਿਮੀ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ’ ਦਸਿਆ ਗਿਆ ਹੈ, ਪਰ ਇਸ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਗੈਰ-ਮੁਸਲਮਾਨਾਂ ਨੂੰ ਪ੍ਰਸ਼ਾਸਨ ਦੇ ਉੱਚ ਪੱਧਰ ਉਤੇ ਘੱਟ ਗਿਣਤੀ ਵਿਚ ਰੱਖਿਆ ਗਿਆ ਸੀ। ਅਕਬਰ ਨੂੰ ਚਿਤੌੜਗੜ੍ਹ ਦੀ ਘੇਰਾਬੰਦੀ ਤੋਂ ਬਾਅਦ ‘ਲਗਭਗ 30,000 ਨਾਗਰਿਕਾਂ ਦੇ ਕਤਲੇਆਮ ਦਾ ਹੁਕਮ’ ਦੇਣ ਵਜੋਂ ਦਰਸਾਇਆ ਗਿਆ ਹੈ।
ਕਿਤਾਬ ਵਿਚ ‘ਜਿਜ਼ੀਆ’ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕੁੱਝ ਸੁਲਤਾਨਾਂ ਨੇ ਗੈਰ-ਮੁਸਲਿਮ ਲੋਕਾਂ ਨੂੰ ਸੁਰੱਖਿਆ ਅਤੇ ਫੌਜੀ ਸੇਵਾ ਤੋਂ ਛੋਟ ਦੇਣ ਲਈ ਉਨ੍ਹਾਂ ਉਤੇ ਲਗਾਇਆ ਸੀ, ਕਿਤਾਬ ਵਿਚ ਕਿਹਾ ਗਿਆ ਹੈ ਕਿ ਇਹ ਟੈਕਸ ਜਨਤਕ ਅਪਮਾਨ ਦਾ ਸਰੋਤ ਸੀ ਅਤੇ ਇਸ ਨੇ ਲੋਕਾਂ ਨੂੰ ਇਸਲਾਮ ਕਬੂਲ ਕਰਨ ਲਈ ਵਿੱਤੀ ਅਤੇ ਸਮਾਜਕ ਉਤਸ਼ਾਹ ਦਿਤਾ। ਸੱਤਵੀਂ ਜਮਾਤ ਦੀ ਪੁਰਾਣੀ ਕਿਤਾਬ ਵਿਚ ‘ਜਜ਼ੀਆ’ ਨੂੰ ਗ਼ੈਰ-ਮੁਸਲਮਾਨਾਂ ਵਲੋਂ ਸ਼ੁਰੂ ਵਿਚ ਭੂਮੀ ਟੈਕਸ ਦੇ ਨਾਲ ਅਦਾ ਕੀਤੇ ਗਏ ਟੈਕਸ ਵਜੋਂ ਦਰਸਾਇਆ ਗਿਆ ਸੀ, ਪਰ ਬਾਅਦ ਵਿਚ ਇਕ ਵੱਖਰੇ ਟੈਕਸ ਵਜੋਂ ਦਰਸਾਇਆ ਗਿਆ ਸੀ।
ਅਧਿਆਇ ਵਿਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਇਸ ਦੇ ਬਾਵਜੂਦ, ‘ਭਾਰਤੀ ਸਮਾਜ ਨੇ ਮੁਗਲਾਂ ਅਤੇ ਦਿੱਲੀ ਸਲਤਨਤ ਦੋਹਾਂ ਦੇ ਅਧੀਨ ਇਸ ਸਮੇਂ ਦੌਰਾਨ ਕਸਬਿਆਂ, ਸ਼ਹਿਰਾਂ, ਮੰਦਰਾਂ ਅਤੇ ਆਰਥਕਤਾ ਦੇ ਹੋਰ ਪਹਿਲੂਆਂ ਦੇ ਮੁੜ ਨਿਰਮਾਣ ਵਿਚ ਅਨੁਕੂਲਤਾ ਅਤੇ ਲਚਕੀਲਾਪਣ ਵਿਖਾਇਆ।’
ਸਲਤਨਤ ਅਤੇ ਮੁਗਲ ਭਾਗ ਹਨੇਰੇ ਵਿਸ਼ਿਆਂ ਨਾਲ ਨਜਿੱਠਦੇ ਹਨ, ਜਦਕਿ ਪਾਠ ਪੁਸਤਕ ’ਚ ਵਿਰੋਧ ਅਤੇ ਲਚਕੀਲੇਪਣ ਦਾ ਵੀ ਜ਼ਿਕਰ ਹੈ। ਮਰਾਠਿਆਂ, ਅਹੋਮ, ਰਾਜਪੂਤਾਂ ਅਤੇ ਸਿੱਖਾਂ ਬਾਰੇ ਅਧਿਆਇ ਛਤਰਪਤੀ ਸ਼ਿਵਾਜੀ ਮਹਾਰਾਜ, ਤਾਰਾਬਾਈ ਅਤੇ ਅਹਿਲਿਆਬਾਈ ਹੋਲਕਰ ਵਰਗੀਆਂ ਸ਼ਖਸੀਅਤਾਂ ਨੂੰ ਉਜਾਗਰ ਕਰਦੇ ਹਨ, ਉਨ੍ਹਾਂ ਨੂੰ ਸਭਿਆਚਾਰਕ ਅਤੇ ਸਿਆਸੀ ਵਿਕਾਸ ਵਿਚ ਯੋਗਦਾਨ ਪਾਉਣ ਵਾਲੇ ਦੂਰਦਰਸ਼ੀ ਨੇਤਾਵਾਂ ਵਜੋਂ ਦਰਸਾਉਂਦੇ ਹਨ।
ਪਾਠ ਪੁਸਤਕ ਵਿਚ ਸ਼ਿਵਾਜੀ ਨੂੰ ਇਕ ਮਹਾਨ ਰਣਨੀਤੀਕਾਰ ਦਸਿਆ ਗਿਆ ਹੈ, ਜਿਸ ਨੇ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਹਿੰਦੂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਿਆ। ਕਿਤਾਬ ਵਿਚ ਅਪਵਿੱਤਰ ਮੰਦਰਾਂ ਦੇ ਮੁੜ ਨਿਰਮਾਣ ਵਿਚ ਉਸ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ ਹੈ।
ਐੱਨ.ਸੀ.ਈ.ਆਰ.ਟੀ. ਦੇ ਪਾਠਕ੍ਰਮ ਖੇਤਰ ਸਮੂਹ ਫਾਰ ਸੋਸ਼ਲ ਸਾਇੰਸ ਦੇ ਮੁਖੀ ਮਿਸ਼ੇਲ ਡੈਨੀਨੋ ਨੇ ਪਾਠ ਪੁਸਤਕ ਦਾ ਬਚਾਅ ਕਰਦਿਆਂ ਕਿਹਾ ਕਿ ਮੁਗਲ ਸ਼ਾਸਕਾਂ ਨੂੰ ਬਦਨਾਮ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਕੇਂਦਰੀ ਰਾਜ ਮੰਤਰੀ ਬੀ.ਐਲ. ਵਰਮਾ ਨੇ ਵੀ ਅਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਗਲੀ ਪੀੜ੍ਹੀ ਨੂੰ ਉਨ੍ਹਾਂ ਬਾਰੇ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੁਗਲਾਂ ਨੇ ਸਾਡੇ ਉਤੇ ਲੰਮੇ ਸਮੇਂ ਤਕ ਰਾਜ ਕੀਤਾ। ਅਗਲੀ ਪੀੜ੍ਹੀ ਨੂੰ ਇਸ ਬਾਰੇ ਸਿੱਖਣਾ ਚਾਹੀਦਾ ਹੈ। ਸਾਨੂੰ ਸੱਚਾਈ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ। ਅਗਲੀ ਪੀੜ੍ਹੀ ਨੂੰ ਅਧਿਐਨ ਕਰਨਾ ਚਾਹੀਦਾ ਹੈ ਕਿ ਕੀ ਹੋਇਆ।’’
ਅੱਠਵੀਂ ਜਮਾਤ ਦੀ ਨਵੀਂ ਪਾਠ ਪੁਸਤਕ ਵਿਚ ਮੁਗਲਾਂ ਦੇ ਬਹਾਦਰੀ ਭਰੇ ਵਿਰੋਧ ਬਾਰੇ ਵੀ ਇਕ ਹਿੱਸਾ ਹੈ, ਜਿਸ ਵਿਚ ਜਾਟ ਕਿਸਾਨ ਵੀ ਸ਼ਾਮਲ ਹਨ ਜੋ ਇਕ ਮੁਗਲ ਅਧਿਕਾਰੀ ਨੂੰ ਮਾਰਨ ਵਿਚ ਕਾਮਯਾਬ ਰਹੇ ਸਨ, ਅਤੇ ਭੀਲ, ਗੋਂਡ, ਸੰਥਾਲ ਅਤੇ ਕੋਚ ਕਬਾਇਲੀ ਭਾਈਚਾਰੇ, ਜੋ ਅਪਣੇ ਖੇਤਰਾਂ ਦੀ ਰੱਖਿਆ ਲਈ ਲੜੇ ਸਨ।
ਇਹ ਗੋਂਡ ਸੂਬਿਆਂ ’ਚੋਂ ਇਕ ਦੀ ਰਾਣੀ ਦੁਰਗਾਵਤੀ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਜਿਸ ਨੇ ਅਕਬਰ ਦੀ ਫੌਜ ਵਿਰੁਧ ਲੜਾਈ ਲੜੀ ਸੀ। ਮੇਵਾੜ ਦੇ ਸ਼ਾਸਕ ਮਹਾਰਾਣਾ ਪ੍ਰਤਾਪ ਦੇ ਭੱਜਣ ਅਤੇ ਉੱਤਰ-ਪੂਰਬੀ ਭਾਰਤ ਵਿਚ ਔਰੰਗਜ਼ੇਬ ਦੀ ਫੌਜ ਦੇ ਵਿਰੁਧ ਅਹੋਮਾਂ ਦੇ ਵਿਰੋਧ ਬਾਰੇ ਵੀ ਧਾਰਾਵਾਂ ਜੋੜੀਆਂ ਗਈਆਂ ਹਨ।