ਹਰਿਆਣਾ 'ਚ ਸ਼ੁਰੂ ਹੋਇਆ ਜਾਟ ਅੰਦੋਲਨ, ਸੁਰੱਖਿਆ ਪ੍ਰਬੰਧ ਮਜ਼ਬੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਲ ਭਾਰਤੀ ਜਾਟ ਰਾਖਵਾਂਕਰਨ ਕਮੇਟੀ ਨੇ 16 ਅਗਸਤ ਤੋਂ ਸੂਬੇ ਦੇ 9 ਜ਼ਿਲ੍ਹਿਆਂ ਵਿਚ ਜਾਟ ਰਾਖਵਾਂਕਰਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ..............

Jat Reservation

ਚੰਡੀਗੜ੍ਹ : ਆਲ ਭਾਰਤੀ ਜਾਟ ਰਾਖਵਾਂਕਰਨ ਕਮੇਟੀ ਨੇ 16 ਅਗਸਤ ਤੋਂ ਸੂਬੇ ਦੇ 9 ਜ਼ਿਲ੍ਹਿਆਂ ਵਿਚ ਜਾਟ ਰਾਖਵਾਂਕਰਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੇ ਵੀ 18 ਅਗਸਤ ਨੂੰ ਹਰਿਆਣਾ ਬੰਦ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਨੇ ਫਿਲਹਾਲ ਸੂਬਾ ਸਰਕਾਰ ਵੀ ਇਨ੍ਹਾਂ ਦੋਹਾਂ ਨਾਲ ਨਜਿੱਠਣ ਲਈ ਅਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਦੀ ਸੁਰੱਖਿਆ ਵੀ ਵਧਾ ਦਿਤੀ ਗਈ ਹੈ।

ਦੋਵੇਂ ਨੇਤਾਵਾਂ ਦੇ ਘਰਾਂ ਦੀ ਵੀ ਸੁਰੱਖਿਆ ਵਧਾ ਦਿਤੀ ਗਈ ਹੈ। ਨਾਲ ਹੀ ਪੁਲਿਸ ਕਰਮੀਆਂ ਦੀਆਂ ਛੁੱਟੀਆ ਰੱਦ ਕਰ ਦਿਤੀਆਂ ਗਈਆਂ ਹਨ। ਮੁੱਖ ਮੰਤਰੀ ਮਨੋਹਰ ਲਾਲ ਸੂਬੇ ਦੇ ਮੁੱਖ ਸਕੱਤਰ ਡੀਐਸ ਢੇਸੀ, ਗ੍ਰਹਿ ਸਕੱਤਰ ਐਸਐਸ ਪ੍ਰਸਾਦ ਅਤੇ ਪੁਲਿਸ ਮਹਾਨਿਰਦੇਸ਼ਕ ਬੀਐਸ ਸੰਧੂ ਤੋਂ ਜਾਟ ਅੰਦੋਲਨ ਅਤੇ ਹਰਿਆਣਾ ਬੰਦ ਨੂੰ ਲੈ ਕੇ ਰਿਪੋਰਟ ਹਾਸਲ ਕਰ ਰਹੇ ਹਨ। ਮੁੱਖ ਸਕੱਤਰ ਨੇ ਕਾਨੂੰਨ ਵਿਵਸਥਾ ਤੇ ਚਰਚਾ ਕਰਨ ਲਈ ਅਧਿਕਾਰੀਆਂ ਦੀ ਬੈਠਕ ਵੀ ਲਈ ਹੈ। ਉਨ੍ਹਾਂ ਦਸਿਆ ਕਿ ਰਾਖਵਾਂਕਰਨ ਅੰਦੋਲਨ ਅਤੇ ਇਨੈਲੋ ਦੇ ਹਰਿਆਣਾ ਬੰਦ ਦੇ ਮੱਦੇਨਜ਼ਰ ਸੂਬਾ ਸਰਕਾਰ ਸੁਰੱਖਿਆ ਪ੍ਰਬੰਧ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ।

ਪੁਲਿਸ ਮਹਾਨਿਰਦੇਸ਼ਕ ਬੀਐਸ ਸੰਧੂ ਨੇ ਸੂਬੇ ਉਚ ਪੁਲਿਸ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਆਦਿ ਨਾਲ ਵੀਡਿਓ ਕਾਨਫਰੰਸ ਕੀਤੀ ਅਤੇ ਸੁਰੱਖਿਆ ਬੰਦੋਬਸਤ ਪੁਖਤਾ ਕਰਨ ਦੇ ਹੁਕਮ ਜਾਰੀ ਕੀਤੇ ਹਨ। 18 ਅਗਸਤ ਨੂੰ ਇਨੈਲੋ ਨੇ ਐਸਵਾਈਐਲ ਨਹਿਰ ਦੇ ਮੁੱਦੇ ਤੇ ਬੰਦ ਨੂੰ ਲੈ ਕੇ ਪੁਲਿਸ ਵੱਖੋ ਵੱਖ ਜ਼ਿਲ੍ਹਿਆਂ ਚ ਤਾਇਨਾਤ ਰਹੇਗੀ। ਉਧਰ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦਾ ਸੁਰੱਖਿਆ ਘੇਰਾ ਵੀ ਸਖ਼ਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਜਾਟ ਰਾਖਵਾਂਕਰਨ ਕਮੇਟੀ ਵਲੋਂ 16 ਤਰੀਕ ਤੋਂ 9 ਜ਼ਿਲ੍ਹਿਆਂ ਵਿਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਪ੍ਰੋਗਰਾਮਾਂ ਵਿਚ ਰੁਕਾਵਟ ਪਹੁੰਚਾਉਣ ਵਾਲੀ ਵਰਗੀ ਸੂਚਨਾ ਦਾ ਗੰਭੀਰਤਾ ਨਾਲ ਨੋਟਿਸ ਲੈਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਨਿਰਦੇਸ਼ ਦਿਤੇ। ਸੰਧੂ ਨੇ ਕਿਹਾ ਕਿ ਪਿੰਡਾਂ ਵਿਚ ਸਰਪੰਚ, ਪੰਚ ਅਤੇ ਪੰਚਾਇਤ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ।

ਉਨ੍ਹਾਂ ਕਿਹਾ ਕਿ ਮੰਡਲ ਕਮਿਸ਼ਨਰ ਅਤੇ ਪੁਲਿਸ ਮੁਖੀ ਜ਼ਿਲ੍ਹਿਆਂ ਵਿਚ ਸੁਰੱਖਿਆ ਦੇ ਇੰਤਜ਼ਾਮਾਂ 'ਤੇ ਪੂਰੀ ਨਿਗਰਾਨੀ ਰਖਣਗੇ ਅਤੇ ਹਾਲਾਤ ਦੇ ਅਨੁਸਾਰ ਅਪਣੇ ਪੱਧਰ 'ਤੇ ਫ਼ੈਸਲੇ ਲੈਣਗੇ। ਉਨ੍ਹਾਂ ਨੇ 18 ਤਰੀਕ ਨੂੰ ਇਨੈਲੋ ਵਲੋਂ ਬੁਲਾਏ ਗਏ ਬੰਦ 'ਤੇ ਵੀ ਪੁਲਿਸ ਅਧਿਕਾਰੀਆਂ ਨੂੰ ਹਾਲਾਤਾਂ ਦੇ ਅਨੁਸਾਰ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿਤੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।