ਕੋਰੋਨਾ ਸੰਕਟ ਘੱਟ ਹੁੰਦੇ ਹੀ ਅਯੋਧਿਆ ਕੂਚ ਕਰਨ ਦੀ ਤਿਆਰੀ ਵਿਚ ਭਾਜਪਾ ਸੰਸਦ ਮੈਂਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦੇ ਨਾਲ ਹੀ ਰਾਮ ਨਾਮ ਦੀ ਗੂੰਜ ਤੇਜ਼ ਹੋ ਜਾਵੇਗੀ।

BJP

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦਾ ਪ੍ਰਕੋਪ ਘੱਟ ਹੋਣ ਦੇ ਨਾਲ ਹੀ ਰਾਮ ਨਾਮ ਦੀ ਗੂੰਜ ਤੇਜ਼ ਹੋ ਜਾਵੇਗੀ। ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਯੋਧਿਆ ਜਾਣ ਅਤੇ ਰਾਮ ਨਾਮ ਦੇ ਜਾਪ ਵਿਚ ਸਭ ਤੋਂ ਅੱਗੇ ਭਾਜਪਾ ਸੰਸਦ ਮੈਂਬਰ ਨਜ਼ਰ ਆ ਰਹੇ ਹਨ। ਕੋਰੋਨਾ ਦਾ ਖਤਰਾ ਘੱਟ ਹੁੰਦੇ ਹੀ ਭਾਜਪਾ ਸੰਸਦ ਮੈਂਬਰ ਅਪਣੇ ਖੇਤਰ ਦੇ ਲੋਕਾਂ ਨੂੰ ਅਯੋਧਿਆ ਜਾਣ ਲਈ ਪ੍ਰੇਰਿਤ ਕਰਨਗੇ। ਇਹ ਮੁਹਿੰਮ ਦੇਸ਼ ਦੇ ਹਰ ਕੋਨੇ ਵਿਚ ਸ਼ੁਰੂ ਹੋਵੇਗੀ।

ਭਾਜਪਾ ਦੇ ਇਕ ਰਾਸ਼ਟਰੀ ਜਨਰਲ ਸਕੱਤਰ ਨੇ ਕਿਹਾ, ‘ਇਹ ਆਸਥਾ ਦਾ ਵਿਸ਼ਾ ਹੈ। ਕੋਈ ਸੰਸਦ ਮੈਂਬਰ ਅਯੋਧਿਆ ਜਾ ਕੇ ਭਗਵਾਨ ਰਾਮ ਦੇ ਦਰਸ਼ਨ ਕਰਦਾ ਹੈ ਤਾਂ ਇਸ ਵਿਚ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ਪਰ ਜੋ ਵੀ ਰਾਮ ਲਲਾ ਦੇ ਦਰਸ਼ਨ ਕਰਨ ਜਾ ਰਿਹਾ ਹੈ ਉਸ ਨੂੰ ਕੋਵਿਡ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ, ਜਿਸ ਨਾਲ ਪਰਿਵਾਰ ਅਤੇ ਹੋਰ ਲੋਕ ਸੁਰੱਖਿਅਤ ਰਹਿਣ’।

ਬਿਹਾਰ ਦੇ ਇਕ ਭਾਜਪਾ ਸੰਸਦ ਮੈਂਬਰ ਡਾਕਟਰ ਸੰਜੇ ਨੇ ਕਿਹਾ, ‘ਰਾਮ ਮੰਦਰ ਮੁਹਿੰਮ ਦੌਰਾਨ ਜਦੋਂ ਜੇਲ੍ਹ ਜਾਣ ਦੀ ਲੋੜ ਪਈ ਸੀ ਤਾਂ ਲੋਕ ਜੇਲ੍ਹ ਵੀ ਗਏ ਸਨ। ਮੈਂ ਵੀ ਉਸ ਮੁਹਿੰਮ ਨਾਲ ਜੁੜਿਆ ਰਿਹਾ ਹਾਂ’। ਉਹਨਾਂ ਕਿਹਾ ਕਿ ਜੇਕਰ ਕੋਵਿਡ-19 ਤੋਂ ਬਾਅਦ ਕਾਰਸੇਵਾ ਲਈ ਅਯੋਧਿਆ ਬੁਲਾਇਆ ਗਿਆ ਤਾਂ ਉਹ ਜਰੂਰ ਜਾਣਗੇ, ਨਹੀਂ ਤਾਂ ਦਰਸ਼ਨ ਲਈ 100 ਫੀਸਦੀ ਜਾਣਗੇ ਹੀ ਜਾਣਗੇ।

ਗੁਜਰਾਤ ਦੇ ਸੂਰਤ ਤੋਂ ਭਾਜਪਾ ਸੰਸਦ ਮੈਂਬਰ ਦਰਸ਼ਨਾ ਜਰਦੋਸ਼ ਨੇ ਕਿਹਾ ਕਿ ਉਹਨਾਂ ਦੇ ਖੇਤਰ ਦੇ ਲੋਕ ਭਗਵਾਨ ਰਾਮ ਦੇ ਦਰਸ਼ਨ ਕਰਨ ਲਈ ਕਾਫੀ ਉਤਸੁਕ ਹਨ। ਉਹਨਾਂ ਕਿਹਾ ਕਿ ਮੌਕਾ ਮਿਲਦੇ ਹੀ ਉਹ ਰਾਮ ਮੰਦਰ ਦਰਸ਼ਨ ਲਈ ਜ਼ਰੂਰ ਜਾਣਗੇ। ਮੱਧ ਪ੍ਰਦੇਸ਼ ਦੇ ਖੰਡਵਾ ਤੋਂ ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਨੰਦਕੁਮਾਰ ਸਿੰਘ ਚੌਹਾਨ ਨੇ ਦੱਸਿਆ ਕਿ 500 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਲੋਕਤੰਤਰਿਕ ਤਰੀਕੇ ਨਾਲ ਅਯੋਧਿਆ ਵਿਚ ਭਗਵਾਨ ਰਾਮ ਦੇ ਮੰਦਰ ਦਾ ਨਿਰਮਾਣ ਹੋਣ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਉਹ ਦਰਸ਼ਨ ਲਈ ਅਯੋਧਿਆ ਜਾਣਗੇ ਅਤੇ ਜਨਤਾ ਨੂੰ ਵੀ ਜਾਣ ਲਈ ਪ੍ਰੇਰਿਤ ਕਰਨਗੇ। ਅਸਮ ਦੇ ਇਕ ਭਾਜਪਾ ਵਿਧਾਇਕ ਨੇ ਕਿਹਾ ਕਿ ਜੇਕਰ ਖੇਤਰ ਦੇ ਰਾਮ ਭਗਤ ਅਯੋਧਿਆ ਜਾਣਾ ਚਾਹੁਣਗੇ ਤਾਂ ਉਹਨਾਂ ਨੂੰ ਜੋ ਵੀ ਮਦਦ ਚਾਹੀਦੀ ਹੋਵੇਗੀ, ਉਹ ਕਰਨਗੇ।