ਅਲਕਾ ਲਾਂਬਾ ਦੇ ‘ਸਾਰੀਆਂ ਸੱਤ ਸੀਟਾਂ ’ਤੇ ਚੋਣਾਂ ਦੀ ਤਿਆਰੀ’ ਵਾਲੇ ਬਿਆਨ ਮਗਰੋਂ ‘ਇੰਡੀਆ’ ਗਠਜੋੜ ’ਚ ਮਚੀ ਤਰਥੱਲੀ
‘ਆਪ’ ਨੇ ਗਠਜੋੜ ਦੀ ਬੈਠਕ ’ਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿਤੀ, ਦਿੱਲੀ ਕਾਂਗਰਸ ਦੇ ਇੰਚਾਰਜ ਨੇ ਅਲਕਾ ਲਾਂਬਾ ਦੇ ਬਿਆਨ ਨੂੰ ਰੱਦ ਕੀਤਾ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਪਾਰਟੀ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨਾਲ ਬੈਠਕ ਕੀਤੀ।
ਬੈਠਕ ਤੋਂ ਬਾਅਦ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਚੋੜ ਲੜ ਸਕਦੀ ਹੈ ਅਤੇ ਆਗੂਆਂ ਨੇ ਸੱਤੇ ਸੀਟਾਂ ’ਤੇ ਜਨਤਾ ਵਿਚਕਾਰ ਨਿਕਲਣ ਲਈ ਕਿਹਾ ਹੈ।
ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਮੁੱਖ ਬੁਲਾਰਾ ਪਿ੍ਰਅੰਕਾ ਕੱਕੜ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਕਿਹਾ ਕਿ ਕਾਂਗਰਸ ਨੇ ਇਸ ਤਰ੍ਹਾਂ ਦਾ ਫੈਸਲਾ ਕਰ ਲਿਆ ਹੈ ਤਾਂ ਫਿਰ ਮੁੰਬਈ ’ਚ 31 ਅਗੱਸਤ ਅਤੇ 1 ਸਤੰਬਰ ਨੂੰ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਬੈਠਕ ’ਚ ‘ਆਪ’ ਦੇ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ।
ਹਾਲਾਂਕਿ ਤੁਰਤ ਸਥਿਤੀ ਨੂੰ ਸੰਭਾਲਦਿਆਂ ਦਿੱਲੀ ਕਾਂਗਰਸ ਦੇ ਇੰਚਾਰਜ ਦੀਪਕ ਬਾਬਾਰੀਆ ਨੇ ਕਿਹਾ ਕਿ ਅਲਕਾ ਲਾਂਬਾ ਪਾਰਟੀ ਦੀ ਬੁਲਾਰਾ ਹਨ ਪਰ ਉਨ੍ਹਾਂ ਨੂੰ ਅਜਿਹੇ ਮਹੱਤਵਪੂਰਨ ਮੁੱਦਿਆਂ ’ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ, ‘‘ਮੈਂ ਪਾਰਟੀ ਦੇ ਇੰਚਾਰਜ ਵਜੋਂ ਕਹਿ ਰਿਹਾ ਹਾਂ ਕਿ ਅੱਜ ਦੀ ਬੈਠਕ ’ਚ ਅਜਿਹੇ ਕਿਸੇ ਮੁੱਦੇ ’ਤੇ ਚਰਚਾ ਨਹੀਂ ਹੋਈ। ਮੈਂ ਅਲਕਾ ਲਾਂਬਾ ਦੇ ਬਿਆਨ ਨੂੰ ਰੱਦ ਕਰਦਾ ਹਾਂ।’’
ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਸੂਬਾ ਕਾਂਗਰਸ ਕਮੇਟੀ ਨੇ ਆਮ ਆਦਮੀ ਪਾਰਟੀ ਨਾਲ ਲੋਕ ਸਭਾ ਚੋਣਾਂ ’ਚ ਗਠਜੋੜ ਦਾ ਫੈਸਲਾ ਪਾਰਟੀ ਹਾਈਕਮਾਨ ’ਤੇ ਛੱਡ ਦਿਤਾ, ਹਾਲਾਂਕਿ ਪਾਰਟੀ ਦੀ ਸੂਬਾ ਇਕਾਈ ਦੇ ਜ਼ਿਆਦਾਤਰ ਆਗੂਆਂ ਦੀ ਰਾਏ ਗਠਜੋੜ ਦੇ ਵਿਰੁਧ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਖੜਗੇ ਅਤੇ ਰਾਹੁਲ ਗਾਂਧੀ ਨੇ ਇਕਜੁਟ ਹੋ ਕੇ ਅੱਗੇ ਵਧਣ ਅਤੇ ਜ਼ਮੀਨ ਪੱਧਰ ’ਤੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ’ (ਇੰਡੀਆ) ਦੀਆਂ ਘਟਕ ਪਾਰਟੀਆਂ ਹਨ। ਕਾਂਗਰਸ ਨੇ ਦਿੱਲੀ ’ਚ ਸੇਵਾਵਾਂ ਨਾਲ ਸਬੰਧਤ ਬਿਲ ਦੇ ਮੁੱਦੇ ’ਤੇ ਪਿਛਲੇ ਦਿਨੀਂ ਸੰਸਦ ਦੇ ਮਾਨਸੂਨ ਸੈਸ਼ਨ ’ਚ ਦੋਹਾਂ ਸਦਨਾਂ ’ਚ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ ਸੀ, ਜਦਕਿ ਸੰਦੀਪ ਦੀਕਸ਼ਿਤ ਅਤੇ ਅਜੈ ਮਾਕਨ ਵਰਗੇ ਕਈ ਆਗੂਆਂ ਦੀ ਰਾਏ ਇਸ ਮੁੱਦੇ ’ਤੇ ਵੱਖ ਸੀ।
ਦਿੱਲੀ ਸੂਬਾ ਕਾਂਗਰਸ ਦੇ ਆਗੂਆਂ ਨਾਲ ਕਾਂਗਰਸ ਹਾਈਕਮਾਨ ਦੀ ਬੈਠਕ ’ਚ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ , ਪਾਰਟੀ ਦੇ ਦਿੱਲੀ ਇੰਚਾਰਜ ਦੀਪਕ ਬਾਬਰਿਆ, ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ, ਸੀਨੀਅਰ ਆਗੂ ਅਜੈ ਮਾਕਨ, ਜੈਪ੍ਰਕਾਸ਼ ਅਗਰਵਾਲ ਅਤੇ ਕਈ ਹੋਰ ਆਗੂ ਮੌਜੂਦ ਸਨ।
ਬੈਠਕ ਤੋਂ ਬਾਅਦ ਖੜਗੇ ਨੇ ਐਕਸ ’ਤੇ ਪੋਸਟ ਕੀਤਾ, “ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦਿੱਲੀ ਕਾਂਗਰਸ ਦੇ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ। ਦਿੱਲੀ ਪ੍ਰਦੇਸ਼ ਦਾ ਨਵਸੰਚਾਰ ਸਾਡੀ ਤਰਜੀਹ ਹੈ, ਜਿਸ ’ਚ ਸਾਰੇ ਆਗੂਆਂ ਅਤੇ ਵਰਕਰਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਅਸੀਂ ਦਿੱਲੀ ਨੂੰ ਖੁਸ਼ਹਾਲ ਬਣਾਇਆ ਸੀ, ਅੱਗੇ ਵੀ ਦਿੱਲੀ ਵਾਸੀਆਂ ਲਈ ਸਾਡਾ ਸੰਘਰਸ਼ ਜਾਰੀ ਹੈ।’’
ਬੱਬਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ’ਚ ਗਠਜੋੜ ਬਾਰੇ ਕੋਈ ਚਰਚਾ ਨਹੀਂ ਹੋਈ ਪਰ ਕਾਂਗਰਸ ਲੀਡਰਸ਼ਿਪ ਇਸ ਸਬੰਧੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਅਤੇ ਵਰਕਰ ਦਿੱਲੀ ’ਚ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਦੋਵਾਂ ਦੀਆਂ ‘ਲੋਕ ਵਿਰੋਧੀ’ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ।
ਮੀਟਿੰਗ ’ਚ ਸ਼ਾਮਲ ਹੋਏ ਇਕ ਆਗੂ ਨੇ ਦਸਿਆ, “ਦਿੱਲੀ ਪ੍ਰਦੇਸ਼ ਕਾਂਗਰਸ ਦੇ ਜ਼ਿਆਦਾਤਰ ਨੇਤਾਵਾਂ ਦਾ ਵਿਚਾਰ ਹੈ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦਾ ਸਮਰਥਨ ਆਧਾਰ ਖੋਹ ਲਿਆ ਹੈ ਅਤੇ ਅਜਿਹੀ ਸਥਿਤੀ ’ਚ ਪਾਰਟੀ ਨੂੰ ਉਸ ਸਮਰਥਨ ਨੂੰ ਮੁੜ ਹਾਸਲ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਡੀ ਤਿਆਰੀ ਸਾਰੀਆਂ ਸੱਤ ਲੋਕ ਸਭਾ ਸੀਟਾਂ ’ਤੇ ਹੋਵੇਗੀ। ਕਾਂਗਰਸ ਲੀਡਰਸ਼ਿਪ ਗਠਜੋੜ ਨੂੰ ਲੈ ਕੇ ਜੋ ਵੀ ਫੈਸਲਾ ਲਵੇਗੀ, ਸਭ ਉਸ ਨੂੰ ਮਨਜ਼ੂਰ ਕਰਨਗੇ।’’
ਪਿਛਲੀਆਂ ਲੋਕ ਸਭਾ ਚੋਣਾਂ ’ਚ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਕਾਂਗਰਸ ਦਾ ਸਫਾਇਆ ਹੋ ਗਿਆ। ਹਾਲਾਂਕਿ ਤਿਕੋਣੀ ਮੁਕਾਬਲੇ ’ਚ ਵੋਟ ਦੇ ਹਿੱਸੇ ਦੇ ਮਾਮਲੇ ’ਚ ਕਾਂਗਰਸ ਭਾਜਪਾ ਤੋਂ ਬਾਅਦ ਦੂਜੇ ਨੰਬਰ ’ਤੇ ਰਹੀ।