Assembly Election 2024 : ਚੋਣ ਕਮਿਸ਼ਨ ਵੱਲੋਂ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਐਲਾਨ ,ਜਾਣੋਂ ਕਦੋਂ ਪੈਣਗੀਆਂ ਵੋਟਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ 'ਚ 18, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ ,ਹਰਿਆਣਾ ਦੀਆਂ ਸਾਰੀਆਂ ਸੀਟਾਂ 'ਤੇ 1 ਅਕਤੂਬਰ ਨੂੰ ਵੋਟਿੰਗ; ਦੋਵਾਂ ਰਾਜਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣਗੇ।

Assembly Election 2024

 Assembly Election 2024 : ਚੋਣ ਕਮਿਸ਼ਨ ਨੇ ਸ਼ੁੱਕਰਵਾਰ 16 ਅਗਸਤ ਨੂੰ ਜੰਮੂ-ਕਸ਼ਮੀਰ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜੰਮੂ-ਕਸ਼ਮੀਰ 'ਚ 3 ਪੜਾਵਾਂ 'ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ।  ਹਰਿਆਣਾ 'ਚ 1 ਅਕਤੂਬਰ ਨੂੰ ਵਿਧਾਨ ਸਭਾ ਦੀਆਂ 90 ਸੀਟਾਂ 'ਤੇ ਇੱਕ ਪੜਾਅ 'ਚ ਵੋਟਿੰਗ ਹੋਵੇਗੀ। ਦੋਵਾਂ ਰਾਜਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣਗੇ।

ਜੰਮੂ ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਚੋਣ

ਉਨ੍ਹਾਂ ਅੱਗੇ ਕਿਹਾ, 'ਜੰਮੂ ਅਤੇ ਕਸ਼ਮੀਰ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ 74 ਜਨਰਲ, SC-7 ਅਤੇ ST-9 ਹਨ। ਜੰਮੂ-ਕਸ਼ਮੀਰ ਵਿੱਚ ਕੁੱਲ 87.09 ਲੱਖ ਵੋਟਰ ਹੋਣਗੇ, ਜਿਨ੍ਹਾਂ ਵਿੱਚੋਂ 44.46 ਲੱਖ ਪੁਰਸ਼, 42.62 ਲੱਖ ਔਰਤਾਂ, 3.71 ਲੱਖ ਪਹਿਲੀ ਵਾਰ ਵੋਟਰ ਅਤੇ 20.7 ਲੱਖ ਨੌਜਵਾਨ ਵੋਟਰ ਹਨ। ਅਮਰਨਾਥ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ ਅਤੇ ਅੰਤਿਮ ਵੋਟਰ ਸੂਚੀ ਵੀ 20 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਵਿੱਚ 30 ਸਤੰਬਰ 2024 ਤੱਕ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਸੀ।

ਹਰਿਆਣਾ ਵਿੱਚ ਕੁੱਲ 2 ਕਰੋੜ ਵੋਟਰ 


ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਕਹਿਣਾ ਹੈ, 'ਹਰਿਆਣਾ ਵਿੱਚ ਕੁੱਲ 90 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ 73 ਜਨਰਲ, SC-17 ਅਤੇ ST-0 ਹਨ। ਹਰਿਆਣਾ ਵਿੱਚ ਕੁੱਲ 2.01 ਕਰੋੜ ਵੋਟਰ ਹੋਣਗੇ, ਜਿਨ੍ਹਾਂ ਵਿੱਚ 1.06 ਕਰੋੜ ਪੁਰਸ਼, 0.95 ਕਰੋੜ ਔਰਤਾਂ, 4.52 ਲੱਖ ਪਹਿਲੀ ਵਾਰ ਵੋਟਰ ਅਤੇ 40.95 ਲੱਖ ਨੌਜਵਾਨ ਵੋਟਰ ਹਨ। ਹਰਿਆਣਾ ਦੀ ਵੋਟਰ ਸੂਚੀ 27 ਅਗਸਤ 2024 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

'ਲੋਕ ਸਭਾ ਚੋਣਾਂ ਸਫਲਤਾਪੂਰਵਕ ਸੰਪੰਨ'

ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, '2024 ਦੀਆਂ ਲੋਕ ਸਭਾ ਚੋਣਾਂ ਵਿਸ਼ਵ ਪੱਧਰ 'ਤੇ ਸਭ ਤੋਂ ਵੱਡੀ ਚੋਣ ਪ੍ਰਕਿਰਿਆ ਸੀ। ਇਹ ਸਫਲਤਾਪੂਰਵਕ ਅਤੇ ਸ਼ਾਂਤੀਪੂਰਵਕ ਸਪੰਨ ਹੋਈ। ਇਸ ਨੇ ਇੱਕ ਮਜ਼ਬੂਤ ​​ਲੋਕਤੰਤਰੀ ਆਧਾਰ ਬਣਾਇਆ, ਇਹ ਬਿਨਾਂ ਕਿਸੇ ਹਿੰਸਾ ਦੇ ਸ਼ਾਂਤਮਈ ਸੀ ਅਤੇ ਪੂਰੇ ਦੇਸ਼ ਨੇ ਚੋਣਾਂ ਦਾ ਜਸ਼ਨ ਮਨਾਇਆ। ਅਸੀਂ ਕਈ ਰਿਕਾਰਡ ਵੀ ਬਣਾਏ। ਪਹਿਲੀ ਵਾਰ ਦੁਨੀਆਂ ਵਿੱਚ ਸਭ ਤੋਂ ਵੱਧ ਮਤਦਾਨ ਹੋਇਆ।

ਮੁੱਖ ਚੋਣ ਕਮਿਸ਼ਨਰ ਨੇ ਕਿਹਾ- ਜੰਮੂ-ਕਸ਼ਮੀਰ ਦੇ ਲੋਕ ਤਸਵੀਰ ਬਦਲਣਾ ਚਾਹੁੰਦੇ ਹਨ

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਤਸਵੀਰ ਬਦਲਣਾ ਚਾਹੁੰਦੇ ਹਨ। ਚੋਣਾਂ ਲਈ ਹਰ ਕੋਈ ਉਤਾਵਲਾ ਹੈ। ਟੀਮ ਨੇ ਜੰਮੂ ਕਸ਼ਮੀਰ ਅਤੇ ਹਰਿਆਣਾ ਦਾ ਵੀ ਦੌਰਾ ਕੀਤਾ। ਅਸੀਂ ਮੌਸਮ ਦੇ ਸੁਧਰਨ ਦੀ ਉਡੀਕ ਕਰ ਰਹੇ ਸੀ। ਅਮਰਨਾਥ ਯਾਤਰਾ ਦੇ ਖਤਮ ਹੋਣ ਦਾ ਇੰਤਜ਼ਾਰ ਸੀ। ਜੰਮੂ-ਕਸ਼ਮੀਰ ਵਿੱਚ ਇਸ ਵੇਲੇ 87.09 ਲੱਖ ਵੋਟਰ ਹਨ। ਇੱਥੇ 20 ਲੱਖ ਤੋਂ ਵੱਧ ਨੌਜਵਾਨ ਹਨ। ਅੰਤਿਮ ਵੋਟਰ ਸੂਚੀ 20 ਅਗਸਤ ਨੂੰ ਜਾਰੀ ਕੀਤੀ ਜਾਵੇਗੀ।