ਕੀ ਘਾਟੀ ’ਚ ਹੁਣ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਾਰੂਕ ਅਬਦੁੱਲਾ ਦੀ ਭੈਣ ਤੇ ਬੇਟੀ ਸਮੇਤ 13 ਔਰਤਾਂ ਗ੍ਰਿਫ਼ਤਾਰ, ਧਾਰਾ 370 ਹਟਾਉਣ ਦਾ ਕਰ ਰਹੀਆਂ ਸੀ ਵਿਰੋਧ

Jammu Kashmir

ਜੰਮੂ ਕਸ਼ਮੀਰ- ਜਦੋਂ ਤੋਂ ਕੇਂਦਰ ਦੀ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਅਤੇ ਧਾਰਾ 35ਏ ਨੂੰ ਖ਼ਤਮ ਕੀਤਾ ਹੈ, ਉਦੋਂ ਤੋਂ ਹੀ ਘਾਟੀ ਵਿਚ ਸਖ਼ਤ ਪਾਬੰਦੀਆਂ ਲਗਾਈਆਂ ਹੋਈਆਂ ਹਨ। ਲੋਕਾਂ ਨੂੰ ਇਹ ਪ੍ਰਗਟਾਵਾ ਕਰਨ ਦਾ ਵੀ ਅਧਿਕਾਰ ਨਹੀਂ ਸੀ ਕਿ ਇਹ ਫ਼ੈਸਲਾ ਉਨ੍ਹਾਂ ਨੂੰ ਪਸੰਦ ਹੈ ਜਾਂ ਨਹੀਂ। ਹੁਣ ਜਦੋਂ ਉਥੇ ਸਖ਼ਤੀ ਘਟਾਈ ਜਾ ਰਹੀ ਹੈ ਤਾਂ ਰੋਸ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਹਨ।

ਜਿਸ ਵਿਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਬੇਟੀ ਅਤੇ ਭੈਣ ਨੇ ਹਿੱਸਾ ਲਿਆ ਪਰ ਪੁਲਿਸ ਨੇ ਇਨ੍ਹਾਂ ਦੋਵਾਂ ਸਮੇਤ 13 ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਜੋ ਧਾਰਾ 370 ਅਤੇ 35ਏ ਖ਼ਤਮ ਕੀਤੇ ਜਾਣ ਦਾ ਵਿਰੋਧ ਕਰ ਰਹੀਆਂ ਸਨ। ਗ੍ਰਿਫ਼ਤਾਰ ਕੀਤੀਆਂ ਵੱਖ-ਵੱਖ ਸੰਗਠਨਾਂ ਨਾਲ ਜੁੜੀਆਂ ਇਨ੍ਹਾਂ ਔਰਤਾਂ ਨੂੰ ਸੀਆਰਪੀਸੀ ਦੀ ਧਾਰਾ 107 ਤਹਿਤ ਹਿਰਾਸਤ ਵਿਚ ਲੈ ਕੇ ਸ੍ਰੀਨਗਰ ਕੇਂਦਰੀ ਜੇਲ੍ਹ ਵਿਚ ਰੱਖਿਆ ਗਿਆ ਹੈ। 

ਇਨ੍ਹਾਂ ਔਰਤਾਂ ਵਿਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਭੈਣ ਸੁਰੱਈਆ, ਉਨ੍ਹਾਂ ਦੀ ਬੇਟੀ ਸਫ਼ੀਆ, ਦਿੱਲੀ ਦੀ ਵਰਕਰ ਸੁਸ਼ੋਭਾ ਭਾਰਵੇ, ਜੰਮੂ ਕਸ਼ਮੀਰ ਦੇ ਸਾਬਕਾ ਚੀਫ਼ ਜਸਟਿਸ ਬਸ਼ੀਰ ਅਹਿਮਦ ਖ਼ਾਨ ਦੀ ਪਤਨੀ ਹਾਵਾ ਬਸ਼ੀਰ, ਕਸ਼ਮੀਰ ਯੂਨੀਵਰਸਿਟੀ ਦੀ ਮੀਡੀਆ ਕਨਵੀਨਰ ਮੁਸਲਿਮ ਜਾਨ ਅਤੇ ਸਮਾਜ ਸੇਵੀ ਕੁਰਤੁਲ ਐਨ ਸ਼ਾਮਲ ਹਨ। ਦਰਅਸਲ ਇਹ ਸਾਰੀਆਂ ਔਰਤਾਂ ਸ੍ਰੀਨਗਰ ਦੇ ਪ੍ਰਤਾਪ ਪਾਰਕ ਵਿਚ ਇਕੱਠੀਆਂ ਹੋਈਆਂ ਸਨ, ਜਿੱਥੇ ਜੰਮੂ ਕਸ਼ਮੀਰ ਪੁਲਿਸ ਨੇ ਇਨ੍ਹਾਂ ਨੂੰ ਪਾਰਕ ਵਿਚੋਂ ਕੱਢ ਦਿੱਤਾ।

ਇਸ ਤੋਂ ਬਾਅਦ ਜਿਵੇਂ ਹੀ ਔਰਤਾਂ ਨੇ ਨਾਅਰੇ ਲਿਖੀਆਂ ਤਖ਼ਤੀਆਂ ਦਿਖਾਈਆਂ ਤਾਂ ਸੀਆਰਪੀਐਫ ਦੀਆਂ ਮਹਿਲਾ ਕਰਮਚਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਵਾਹਨਾਂ ਵਿਚ ਬਿਠਾਉਣਾ ਸ਼ੁਰੂ ਕਰ ਦਿੱਤਾ ਅਤੇ ਕੇਂਦਰੀ ਜੇਲ੍ਹ ਭੇਜ ਦਿੱਤਾ। ਉਧਰ ਨੈਸ਼ਨਲ ਕਾਨਫਰੰਸ ਨੇ ਪਾਰਟੀ ਮੁਖੀ ਦੀ ਭੈਣ ਅਤੇ ਬੇਟੀ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ।

ਦੱਸ ਦਈਏ ਕਿ ਮੋਦੀ ਸਰਕਾਰ ਨੇ 5 ਅਗਸਤ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਅਤੇ 35ਏ ਨੂੰ ਹਟਾਉਣ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਜੰਮੂ-ਕਸ਼ਮੀਰ ਵਿਚ ਕਰਫਿਊ ਵਰਗੀ ਸਥਿਤੀ ਚਲੀ ਆ ਰਹੀ ਹੈ। ਇੰਟਰਨੈੱਟ ਤੇ ਮੋਬਾਇਲ ਫ਼ੋਨ ਤਕ ਬੰਦ ਕਰ ਦਿੱਤੇ ਸਨ, ਜਿਸ ਕਾਰਨ ਉਥੋਂ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਹੁਣ ਸਰਕਾਰ ਨੇ ਮੋਬਾਇਲ ਫ਼ੋਨਾਂ ’ਤੇ ਲਗਾਈ ਪਾਬੰਦੀ ਹਟਾ ਦਿੱਤੀ ਹੈ ਪਰ ਅਜੇ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਜਾਰੀ ਹਨ।