ਕੇਂਦਰ ਨੇ ਐਮ.ਬੀ.ਬੀ.ਐਸ ਦੇ ਦਾਖ਼ਲੇ ਲਈ 'ਨੀਟ' ਲਾਜ਼ਮੀ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੀਟ ਵਾਸਤੇ ਆਨਲਾਈਨ ਅਪਲਾਈ ਕਰਨ ਦੀ ਤਰੀਕ 2 ਤੋਂ 31 ਦਸੰਬਰ ਮੁਕਰਰ ਕੀਤੀ ਗਈ ਹੈ। ਨੀਟ 3 ਮਈ ਨੂੰ ਹੋਵੇਗਾ

The Center mandates 'neat' for MBBS admission

ਚੰਡੀਗੜ੍ਹ  (ਕੰਵਲਜੀਤ ਸਿੰਘ ਬਨਵੈਤ): ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਨੇ ਇਕ ਅਹਿਮ ਫ਼ੈਸਲੇ ਰਾਹੀਂ ਦੇਸ਼ ਭਰ ਦੇ ਮੈਡੀਕਲ ਕਾਲਜਾਂ ਲਈ ਨੀਟ (ਨੈਸ਼ਨਲ ਅਲੈਜੀਬਿਲਟੀ ਟੈਸਟ) ਲਾਜ਼ਮੀ ਕਰ ਦਿਤਾ ਹੈ। ਨਵੇਂ ਫ਼ੈਸਲੇ ਮੁਤਾਬਕ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਦਿੱਲੀ ਅਤੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਪੁਡੂਚਰੀ ਸਮੇਤ ਦੇਸ਼ ਭਰ ਦੀਆਂ ਡੀਮਡ ਯੂਨੀਵਰਸਟੀਆਂ ਅਤੇ ਨਿਜੀ ਮੈਡੀਕਲ ਕਾਲਜਾਂ ਨੂੰ ਦਾਖ਼ਲਾ ਨੀਟ ਦੇ ਆਧਾਰ 'ਤੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਰਕਾਰ ਦਾ ਇਹ ਫ਼ੈਸਲਾ ਅਗਲੇ ਵਿਦਿਅਕ ਸੈਸ਼ਨ ਤੋਂ ਲਾਗੂ ਹੋ ਜਾਵੇਗਾ।

ਨੀਟ ਵਾਸਤੇ ਆਨਲਾਈਨ ਅਪਲਾਈ ਕਰਨ ਦੀ ਤਰੀਕ 2 ਤੋਂ 31 ਦਸੰਬਰ ਮੁਕਰਰ ਕੀਤੀ ਗਈ ਹੈ। ਨੀਟ 3 ਮਈ ਨੂੰ ਹੋਵੇਗਾ। ਸਿਹਤ ਮੰਤਰਾਲੇ ਵਲੋਂ ਜਾਰੀ ਨੋਟੀਫ਼ੀਕੇਸ਼ਨ ਵਿਚ 31 ਦਸੰਬਰ ਤੋਂ 15 ਮਈ ਤਕ ਦਾਖ਼ਲਾ ਫ਼ਾਰਮਾਂ ਵਿਚ ਸੋਧ ਕਰਨ ਦਾ ਸਮਾਂ ਦਿਤਾ ਗਿਆ ਹੈ ਜਦਕਿ 27 ਮਾਰਚ ਤਕ ਰੋਲ ਨੰਬਰ ਦਿਤੇ ਜਾਣਗੇ। ਭਾਰਤ ਵਿਚ ਸਰਕਾਰੀ ਅਤੇ ਗ਼ੈਰ ਸਰਕਾਰੀ ਮੈਡੀਕਲ ਕਾਲਜਾਂ ਦੀ ਗਿਣਤੀ 452 ਹੈ ਅਤੇ ਐਮ.ਬੀ.ਬੀ.ਐਸ ਦੀਆਂ 60,000 ਸੀਟਾਂ ਹਨ। ਡੀ.ਐਸ ਸੀਟਾਂ ਦੀ ਗਿਣਤੀ ਇਸ ਤੋਂ ਵਖਰੀ ਹੈ।

ਨੋਟੀਫ਼ੀਕੇਸ਼ਨ ਅਨੁਸਾਰ ਹਰੇਕ ਸੂਬੇ ਨੂੰ 15 ਫ਼ੀ ਸਦੀ ਸੀਟਾਂ ਕੇਂਦਰੀ ਕੋਟੇ ਵਿਚੋਂ ਭਰਨ ਲਈ ਕਿਹਾ ਗਿਆ ਹੈ। ਸੂਬੇ ਦੇ ਹਿੱਸੇ ਦੀਆਂ 85 ਫ਼ੀ ਸਦੀ ਸੀਟਾਂ ਵਿਚੋਂ ਸਰਕਾਰੀ ਮੈਡੀਕਲ ਕਾਲਜਾਂ ਵਿਚ 15 ਫ਼ੀ ਸਦੀ ਸੀਟਾਂ ਐਨ.ਆਰ.ਆਈਜ਼ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ। ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਹੋਰ 35 ਫ਼ੀ ਸਦੀ ਮੈਨੇਜਮੈਂਟ ਕੋਟੇ ਵਿਚ ਭਰਨ ਦੀ ਖੁਲ੍ਹ ਹੈ। ਪੰਜਾਬ ਵਿਚ ਹਾਲ ਦੀ ਘੜੀ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਕੋਟ ਵਿਖੇ ਤਿੰਨ ਮੈਡੀਕਲ ਕਾਲਜ ਹਨ।

ਇਸ ਤੋਂ ਬਿਨਾਂ ਦਿਆਨੰਦ ਮੈਡੀਕਲ ਕਾਲਜ, ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ, ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ, ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਜਲੰਧਰ, ਆਦੇਸ਼ ਮੈਡੀਕਲ ਕਾਲਜ ਬਠਿੰਡਾ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਸਾਇੰਸਜ਼ ਬਠਿੰਡਾ ਵਿਚ ਦਾਖ਼ਲਾ ਨੀਟ ਰਾਹੀਂ ਕੀਤਾ ਜਾਵੇਗਾ। ਮੋਹਾਲੀ ਵਿਚ ਨਵੇਂ ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਹੋ ਗਈ ਹੈ ਪਰ ਅਗਲੇ ਵਿਦਿਅਕ ਸੈਸ਼ਨ ਵਿਚ ਦਾਖ਼ਲਾ ਕਰਨ ਦੀ ਆਗਿਆ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ