ਸਾਉਣੀ ਫ਼ਸਲਾਂ ਦੀ ਪੈਦਾਵਾਰ ਰਿਕਾਰਡ 1445.2 ਲੱਖ ਟਨ ਰਹਿਣ ਦਾ ਅੰਦਾਜ਼ਾ : ਖੇਤੀ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨਾਂ ਨੂੰ ਖੇਤੀ ਕਾਨੂੰਨ ਵਿਰੁਧ ਗੁਮਰਾਹ ਕੀਤਾ ਜਾ ਰਿਹੈ

IMAGE

ਨਵੀਂ ਦਿੱਲੀ, 16 ਅਕਤੂਬਰ : ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਖੇਤੀ ਖੇਤਰ 'ਤੇ ਬਹੁਤਾ ਪ੍ਰਭਾਵਤ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ 2020-21 ਦੇ ਸਾਉਣੀ ਮੌਸਮ 'ਚ 1,445.2 ਲੱਖ ਟਨ ਅਨਾਜ ਦਾ ਉਤਪਾਦਨ ਹੋਣ ਦਾ ਅੰਦਾਜ਼ਾ ਹੈ। ਪਿਛਲੇ 2019-20 ਦੇ ਸਾਉਣੀ ਮੌਸਮ ਦੌਰਾਨ ਅਨਾਜ ਉਤਪਾਦਨ 1,433.8 ਲੱਖ ਟਨ ਰਿਹਾ ਸੀ। ਮੌਜੂਦਾ ਸਮੇਂ ਦੇਸ਼ ਵਿਚ ਸਾਉਣੀ ਫ਼ਸਲਾਂ ਦੀ ਕਟਾਈ ਚਲ ਰਹੀ ਹੈ। ਝੋਨਾ ਮੁੱਖ ਸਾਉਣੀ ਫ਼ਸਲ ਹੈ। ਤੋਮਰ ਨੇ ਉਦਯੋਗ ਸੰਗਠਨ ਸੀ. ਆਈ. ਆਈ. ਵਲੋਂ ਕਰਵਾਏ ਇਕ ਡਿਜ਼ੀਟਲ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ, ''ਅਨਾਜ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਹੋਵੇਗਾ। ਸ਼ੁਰੂਆਤੀ ਅਨੁਮਾਨਾਂ ਮੁਤਾਬਕ, 2020-21 ਸਾਉਣੀ ਮੌਸਮ ਵਿਚ ਅਨਾਜ ਉਤਪਾਦਨ 1,445.2 ਲੱਖ ਟਨ ਹੋਣ ਦਾ ਅੰਦਾਜ਼ਾ ਹੈ।''

image


 ਉਨ੍ਹਾਂ ਕਿਹਾ ਕਿ ਗੰਨੇ ਅਤੇ ਕਪਾਹ ਵਰਗੀਆਂ ਨਕਦੀ ਫ਼ਸਲਾਂ ਦਾ ਉਤਪਾਦਨ ਵੀ ਚੰਗਾ ਹੋਣ ਦੀ ਉਮੀਦ ਹੈ। ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਸ ਸਾਲ ਸਾਉਣੀ ਫ਼ਸਲਾਂ ਦੇ ਰਕਬੇ ਵਿਚ ਰਿਕਾਰਡ 4.51 ਫ਼ੀ ਸਦੀ ਦਾ ਵਾਧਾ ਹੋਇਆ ਹੈ ਅਤੇ ਇਹ 1,121.75 ਲੱਖ ਹੈਕਟੇਅਰ ਹੋ ਗਿਆ ਹੈ।


 ਤੋਮਰ ਨੇ ਕਿਹਾ ਕਿ ਖੇਤੀ ਭਾਰਤੀ ਅਰਥਚਾਰੇ ਦਾ ਆਧਾਰ ਹੈ। ਵਿੱਤੀ ਵਰ੍ਹੇ 2020-21 ਦੀ ਪਹਿਲੀ ਤਿਮਾਹੀ ਦੌਰਾਨ ਵੀ ਇਹ ਖੇਤਰ 3.4 ਫ਼ੀ ਸਦੀ ਵਧਿਆ ਹੈ। ਨਵੇਂ ਖੇਤੀ ਕਾਨੂੰਨਾਂ 'ਤੇ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸੁਧਾਰਾਂ ਬਾਰੇ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ ਖ਼ਰੀਦ ਦੇ ਨਾਲ-ਨਾਲ ਮੰਡੀਆ ਦੇਸ਼ ਭਰ ਵਿਚ ਕੰਮ ਕਰਦੀਆਂ ਰਹਿਣਗੀਆਂ। (ਪੀਟੀਆਈ)