ਦਿੱਲੀ ਪ੍ਰਦੂਸ਼ਣ: ਕੇਂਦਰੀ ਮੰਤਰੀ ਨੇ ਪਰਾਲੀ ਸਾੜ ਕੇ ਪ੍ਰਦੂਸ਼ਣ ਕਰਨ ਦਾ ਦੋਸ਼ ਪੰਜਾਬ ਸਿਰ ਮੜ੍ਹਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਤੇ ਦਿੱਲੀ ਵਿਚਕਾਰ ਆਉਂਦਾ ਹਰਿਆਣਾ ਮੰਤਰੀ ਨੂੰ ਦਿਖਾਈ ਹੀ ਨਹੀਂ ਦਿਤਾ

Delhi Pollution

ਨਵੀਂ ਦਿੱਲੀ  : ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ 96 ਫ਼ੀ ਸਦੀ ਸਥਾਨਕ ਕਾਰਕਾਂ ਅਤੇ ਸਿਰਫ਼ 4 ਫੀਸਦੀ ਪਰਾਲੀ ਕਾਰਨ ਹੈ। ਜਾਵਡੇਕਰ ਨੇ ਦਿੱਲੀ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (ਐਨ. ਸੀ. ਆਰ.) ਵਿਚ ਪ੍ਰਦੂਸ਼ਣ ਕੰਟਰੋਲ ਲਈ ਗਠਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਦੇ ਦਸਤਿਆਂ ਨੂੰ ਅਪਣੇ ਆਵਾਸ ਤੋਂ ਰਵਾਨਾ ਕਰਨ ਤੋਂ ਪਹਿਲਾਂ ਇਹ ਗੱਲ ਆਖੀ।

ਸੀ. ਪੀ. ਸੀ. ਬੀ. ਦੇ 50 ਦਸਤੇ ਦਿੱਲੀ-ਐਨ. ਸੀ. ਆਰ. ਦੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਨਿਗਰਾਨੀ ਕਰਨਗੇ ਅਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁਧ ਕਾਰਵਾਈ ਕਰਨਗੇ। ਹਰ ਦਲ ਵਿਚ ਇਕ ਵਿਗਿਆਨੀ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਜਾਵਡੇਕਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿਚ ਦਿੱਲੀ 'ਚ ਹਮੇਸ਼ਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਇਸ ਵਿਚ ਹਿਮਾਲਿਆ ਦੀ ਠੰਢੀ ਹਵਾ, ਗੰਗਾ ਦੇ ਮੈਦਾਨੀ ਇਲਾਕਿਆਂ 'ਚ ਬਣਨ ਵਾਲੀ ਨਮੀ, ਹਵਾ ਦੀ ਹੌਲੀ ਰਫ਼ਤਾਰ,

ਸਥਾਨਕ ਪੱਧਰ 'ਤੇ ਨਿਰਮਾਣ ਕੰਮ ਦੌਰਾਨ ਬਣਨ ਵਾਲੀ ਧੂੜ-ਮਿੱਟੀ, ਵਾਹਨਾਂ 'ਚੋਂ ਨਿਕਲਣ ਵਾਲਾ ਧੂੰਆਂ, ਲੋਕਾਂ ਵਲੋਂ ਖੁਲ੍ਹੇ 'ਚ ਕੂੜਾ ਸਾੜਿਆ ਜਾਣਾ ਅਤੇ ਆਲੇ-ਦੁਆਲੇ ਸੂਬਿਆਂ 'ਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣਾ ਆਦਿ ਕਾਰਕ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਿੱਲੀ ਦੇ ਪ੍ਰਦੂਸ਼ਣ ਵਿਚ ਪਰਾਲੀ ਦਾ ਯੋਗਦਾਨ ਸਿਰਫ਼ 4 ਫ਼ੀ ਸਦੀ ਹੈ। ਬਾਕੀ 96 ਫ਼ੀ ਸਦੀ ਪ੍ਰਦੂਸ਼ਣ ਸਥਾਨਕ ਕਾਰਕਾਂ ਦੀ ਵਜ੍ਹਾ ਤੋਂ ਹੈ।

ਜਾਵਡੇਕਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਨੂੰ ਲੈ ਕੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ, ਕਾਂਗਰ ਸਰਕਾਰ ਨੂੰ ਸਖ਼ਤ ਸ਼ਬਦਾਂ ਵਿਚ ਹਦਾਇਤ ਦਿਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ  ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਥੇ ਪਰਾਲੀ ਜ਼ਿਆਦਾ ਨਾ ਸਾੜੇ। ਪੰਜਾਬ ਸਰਕਾਰ ਤੁਰਤ ਹਰਕਤ 'ਚ ਆਵੇ ਤਾਕਿ ਪਰਾਲੀ ਘੱਟ ਸੜੇ।

ਇਸ ਨਾਲ ਸੂਬੇ ਦੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੋਵੇਗੀ। ਪੰਜਾਬ ਦੀ ਪਰਾਲੀ ਬਾਰੇ ਗੱਲ ਕਰਦਿਆਂ ਮੰਤਰੀ ਇਹ ਭੁੱਲ ਗਏ ਕਿ ਦਿੱਲੀ ਅਤੇ ਪੰਜਾਬ ਵਿਚਕਾਰ ਹਰਿਆਣਾ ਵੀ ਆਉਂਦਾ ਹੈ। ਮੰਤਰੀ ਨੇ ਹਰਿਆਣਾ ਨੂੰ ਬਰੀ ਕਰ ਕੇ ਪਰਾਲੀ ਸਾੜਨ ਦਾ ਦੋਸ਼ ਪੰਜਾਬ ਦੇ ਕਿਸਾਨਾਂ ਸਿਰ ਮੜ੍ਹ ਦਿਤਾ। ਉਹ ਸ਼ਾਇਦ ਸਾਰਾ ਕੁੱਝ ਜਾਣਦੇ ਹੋਏ ਵੀ ਇਹ ਨਾ ਕਹਿ ਸਕੇ ਕਿ ਪੰਜਾਬ ਤੇ ਹਰਿਆਣਾ 'ਚ ਪਰਾਲੀ ਸਾੜੀ ਜਾ ਰਹੀ ਹੈ। ਕਾਰਨ ਇਹ ਹੈ ਕਿ ਹਰਿਆਣਾ 'ਚ ਭਾਜਪਾ ਦੀ ਸਰਕਾਰ ਹੈ ਤੇ ਉਥੇ ਸਾੜੀ ਜਾਂਦੀ ਪਰਾਲੀ ਮੰਤਰੀ ਨੂੰ ਦਿਖਾਈ ਹੀ ਦਿੰਦੀ।

ਜਾਵਡੇਕਰ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀੜੀਆਂ ਗਲੀਆਂ ਅਤੇ ਸੜਕਾਂ 'ਤੇ ਵਾਹਨ ਲਿਜਾਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕ ਪੈਦਲ ਜਾਂ ਸਾਈਕਲ ਰਾਹੀਂ ਥੋੜ੍ਹੀ ਦੂਰੀ ਲਈ ਜਾ ਸਕਦੇ ਹਨ। ਕੂੜੇ ਨੂੰ ਖੁਲ੍ਹੇ ਵਿਚ ਨਾ ਸੁੱਟੋ ਅਤੇ ਕੂੜਾ ਨਾ ਸਾੜੋ। ਸਾਰੇ ਦਿਸ਼ਾ ਨਿਰਦੇਸ਼ਾਂ ਦੀ ਉਸਾਰੀ ਕਾਰਜ ਵਿਚ ਪਾਲਣਾ ਕੀਤੀ ਜਾਣੀ ਚਾਹੀਦੀ ਹੈ