Kerala Flood : ਮੌਸਮ ਦਾ ਬਦਲਿਆ ਮਿਜਾਜ਼, ਭਾਰੀ ਮੀਂਹ ਨਾਲ ਇੱਕ ਦੀ ਮੌਤ,12 ਲਾਪਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਈ ਸੂਬਿਆਂ ਵਿਚ ਰੈੱਡ ਅਲਰਟ ਜਾਰੀ

Kerala Flood

ਤਿਰੂਵਨੰਤਪੁਰਮ : ਮਾਨਸੂਨ ਦੇ ਲਗਭਗ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਅਜੇ ਜਾਰੀ ਹੈ। ਤਾਜ਼ਾ ਜਾਣਕਾਰੀ ਕੇਰਲਾ ਤੋਂ ਹੈ ਜਿਥੇ ਅੱਜ ਤਿਰੂਵਨੰਤਪੁਰਮ, ਇਡੁੱਕੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੌਸਮ ਅਚਾਨਕ ਬਦਲ ਗਿਆ ਅਤੇ ਭਾਰੀ ਮੀਂਹ ਪਿਆ, ਜਿਸ ਵਿੱਚ ਕਾਫੀ ਨੁਕਸਾਨ ਹੋਣ ਦੀ ਖ਼ਬਰ ਹੈ। 

ਜਾਣਕਾਰੀ ਅਨੁਸਾਰ ਕੋਟਾਯਮ ਵਿੱਚ ਢਿੱਗਾਂ ਡਿੱਗਣ ਕਾਰਨ ਇੱਕ ਔਰਤ ਦੀ ਮੌਤ ਅਤੇ 12 ਲੋਕ ਲਾਪਤਾ ਹੋ ਗਏ। ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਵੀ ਇਸ ਸਥਾਨ 'ਤੇ ਪਹੁੰਚਣ ਵਿੱਚ ਅਸਮਰੱਥ ਹਨ। ਮੌਸਮ ਵਿਭਾਗ ਨੇ ਸੂਬੇ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। 
ਭਾਰੀ ਬਾਰਿਸ਼ ਦੇ ਮੱਦੇਨਜ਼ਰ,ਪਠਾਨਾਮਥਿੱਟਾ, ਕੋਟਯਾਮ, ਏਰਨਾਕੁਲਮ, ਇਡੁੱਕੀ, ਤ੍ਰਿਸ਼ੂਰ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਤਿਰੂਵਨੰਤਪੁਰਮ, ਕੋਲਮ, ਅਲਾਪੁਝਾ, ਪਲੱਕੜ, ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਲਈ ਜੈਲੋ ਅਲਰਟ ਜਾਰੀ ਕੀਤੀ ਗਈ ਹੈ।

ਦੱਸ ਦਈਏ ਕਿ ਦਿੱਲੀ ਸਮੇਤ ਕੁਝ ਰਾਜਾਂ ਵਿੱਚ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਉੱਤਰ ਪ੍ਰਦੇਸ਼, ਦਿੱਲੀ, ਉੜੀਸਾ ਸਮੇਤ ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿੱਚ ਸ਼ਨੀਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦੱਸਣਯੋਗ ਹੈ ਕਿ ਮੌਸਮ ਵਿੱਚ ਇਹ ਤਬਦੀਲੀ ਬੰਗਾਲ ਦੀ ਖਾੜੀ ਵਿੱਚ ਪੈਦਾ ਹੋਏ ਦਬਾਅ ਕਾਰਨ ਵੇਖੀ ਜਾ ਸਕਦੀ ਹੈ। ਮੀਂਹ ਤੋਂ ਬਾਅਦ ਦਿੱਲੀ-ਐਨਸੀਆਰ ਦਾ ਤਾਪਮਾਨ ਘੱਟ ਸਕਦਾ ਹੈ।