ਸਿੰਘੂ ਬਾਰਡਰ ਮਾਮਲਾ: ਸਰਬਜੀਤ ਸਿੰਘ ਨੂੰ 7 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ
ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲਈ ਸੀ ਅਤੇ ਕੱਲ੍ਹ ਸ਼ਾਮ ਨੂੰ ਹੀ ਆਤਮਸਮਰਪਣ ਕਰ ਦਿੱਤਾ ਸੀ।
ਹਰਿਆਣਾ - ਸਿੰਘੂ ਸਰਹੱਦ ’ਤੇ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਨੂੰ ਅੱਜ ਯਾਨੀ ਸ਼ਨੀਵਾਰ ਨੂੰ ਸੋਨੀਪਤ ਕੋਰਟ ’ਚ ਪੇਸ਼ ਕੀਤਾ ਗਿਆ ਸੀ। ਜਿੱਥੇ ਸਰਬਜੀਤ ਸਿੰਘ ਨੂੰ 7 ਦਿਨਾਂ ਦੀ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਆਰੋਪੀ ਨੂੰ ਸੋਨੀਪਤ ਦੇ ਸਿਵਲ ਜੱਜ ਦੀ ਕੋਰਟ ਵਿਚ ਪੇਸ਼ ਕਰਦੇ ਹੋਏ 14 ਦਿਨ ਦੀ ਰਿਮਾਂਡ ਮੰਗੀ ਸੀ ਪਰ ਕੋਰਟ ਨੇ ਸਿਰਫ਼ 7 ਦਿਨ ਦੀ ਹੀ ਰਿਮਾਂਡ ਮਨਜ਼ੂਰ ਕੀਤੀ।
ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਨਿਹੰਗ ਸਰਬਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਦਿਆਂ ਕਿਹਾ ਕਿ ਕਤਲ ਵਿਚ ਵਰਤੇ ਗਏ ਹਥਿਆਰ ਅਜੇ ਬਰਾਮਦ ਕੀਤੇ ਜਾਣੇ ਬਾਕੀ ਹਨ। ਪੁਲਿਸ ਸੂਤਰਾਂ ਅਨੁਸਾਰ ਸਰਬਜੀਤ ਨੇ ਆਪਣੇ ਖੁਲਾਸੇ ਬਿਆਨ ਵਿੱਚ ਚਾਰ ਨਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਗੁਰਦਾਸਪੁਰ ਅਤੇ ਚਮਕੌਰ ਸਾਹਿਬ ਵਿਖੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਜਾਵੇਗੀ।
ਦੱਸਣਯੋਗ ਹੈ ਕਿ ਕਤਲ ਦੀ ਪੂਰੀ ਜ਼ਿੰਮੇਵਾਰੀ ਨਿਹੰਗ ਸਰਬਜੀਤ ਸਿੰਘ ਨੇ ਲਈ ਸੀ ਅਤੇ ਕੱਲ੍ਹ ਸ਼ਾਮ ਨੂੰ ਹੀ ਆਤਮਸਮਰਪਣ ਕਰ ਦਿੱਤਾ ਸੀ। ਹਰਿਆਣਾ ਪੁਲਿਸ ਵਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ, ਹੁਣ ਸਰਬਜੀਤ ਤੋਂ ਪੁੱਛ-ਗਿੱਛ ’ਚ ਇਹ ਪਤਾ ਲਗਾਇਆ ਜਾਵੇਗਾ ਕਿ ਉਸ ਸਮੇਂ ਉਸ ਨਾਲ ਉੱਥੇ ਹੋਰ ਕੌਣ ਮੌਜੂਦ ਸੀ। ਪੁਲਿਸ ਉਹ ਸਾਰੇ ਵੀਡੀਓ ਦੇਖ ਰਹੀ ਹੈ, ਜਿਸ ’ਚ ਇਹ ਸਾਰੀ ਘਟਨਾ ਕੈਦ ਹੈ। ਪੁਲਿਸ ਨੇ ਜਾਂਚ ਵਿਚ ਹੋਰ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾਵੇਗੀ। ਜੇਕਰ ਕੋਈ ਹੋਰ ਵੀ ਇਸ ਕਤਲ ’ਚ ਸ਼ਾਮਲ ਹੋਇਆ ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।