ਹੁਣ ਹਿੰਦੀ ’ਚ ਵੀ ਹੋਵੇਗੀ MBBS ਦੀ ਪੜ੍ਹਾਈ, ਅਮਿਤ ਸ਼ਾਹ ਨੇ ਕਿਤਾਬਾਂ ਕੀਤੀਆਂ ਰਿਲੀਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

MBBS ਪਹਿਲੇ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀਆਂ

Now MBBS studies will also be in Hindi, Amit Shah released books

 

ਭੋਪਾਲ- ਮੱਧ ਪ੍ਰਦੇਸ਼ ਪਹਿਲਾ ਅਜਿਹਾ ਸੂਬਾ ਬਣਿਆ ਹੈ, ਜਿੱਥੇ MBBS ਦੀ ਪੜ੍ਹਾਈ ਹਿੰਦੀ ’ਚ ਹੋਵੇਗੀ। ਅੱਜ ਯਾਨੀ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ’ਚ ਮੱਧ ਪ੍ਰਦੇਸ਼ ਸਰਕਾਰ ਦੀ ਮਹੱਤਵਪੂਰਨ ਯੋਜਨਾ ਤਹਿਤ MBBS ਪਹਿਲੇ ਸਾਲ ਦੀਆਂ 3 ਕਿਤਾਬਾਂ ਰਿਲੀਜ਼ ਕੀਤੀਆਂ। ਦੇਸ਼ ’ਚ ਇਹ ਪਹਿਲੀ ਵਾਰ ਹੈ ਕਿ MBBS ਦੀਆਂ ਕਿਤਾਬਾਂ ਹਿੰਦੀ ’ਚ ਪ੍ਰਕਾਸ਼ਿਤ ਹੋਈਆਂ ਹਨ। ਅਮਿਤ ਸ਼ਾਹ ਨੇ ਜਿਨ੍ਹਾਂ ਤਿੰਨ ਕਿਤਾਬਾਂ ਨੂੰ ਭੋਪਾਲ ’ਚ ਰਿਲੀਜ਼ ਕੀਤਾ, ਉਨ੍ਹਾਂ ਦੇ ਨਾਂ ਹਨ- ਐਨਾਟੋਮੀ, ਫਿਜ਼ੀਓਲੋਜੀ ਅਤੇ ਬਾਇਓਕੈਮਿਸਟਰੀ।

ਦੱਸ ਦਈਏ ਕਿ 97 ਡਾਕਟਰਾਂ ਦੀ ਟੀਮ ਨੇ ਪ੍ਰਸਿੱਧ ਅੰਗਰੇਜ਼ੀ ਦੀਆਂ ਕਿਤਾਬਾਂ ਦਾ ਹਿੰਦੀ ’ਚ ਅਨੁਵਾਦ ਕੀਤਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ ਵਿਸ਼ਵਾਸ ਸਾਰੰਗ ਨੇ ਕਿਤਾਬਾਂ ਰਿਲੀਜ਼ ਕੀਤੀਆਂ। ਇਸ ਮੌਕੇ ਸ਼ਾਹ ਨੇ ਕਿਹਾ, ‘‘ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਨੇ ਦੇਸ਼ ’ਚ ਸਭ ਤੋਂ ਪਹਿਲਾ ਮੈਡੀਕਲ ਸਿੱਖਿਆ ਹਿੰਦੀ ਭਾਸ਼ਾ ’ਚ ਸ਼ੁਰੂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫ਼ਨੇ ਨੂੰ ਪੂਰਾ ਕਰਨ ਦਾ ਕੰਮ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸਿੱਖਿਆ ਖੇਤਰ ਲਈ ਬਹੁਤ ਮਹੱਤਵਪੂਰਨ ਹੈ। ਅੱਜ ਦਾ ਦਿਨ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਇਹ ਸਿੱਖਿਆ ਦੇ ਖੇਤਰ ਵਿਚ ਪੁਨਰ ਨਿਰਮਾਣ ਦਾ ਦਿਨ ਹੈ।

ਅਮਿਤ ਸ਼ਾਹ ਨੇ ਕਿਹਾ ਅੱਜ ਉਨ੍ਹਾਂ ਲਈ ਮਾਣ ਦਾ ਦਿਨ ਹੈ ਜੋ ਮਾਂ ਬੋਲੀ ਦੇ ਸਮਰਥਕ ਹਨ। ਭਾਜਪਾ ਸਰਕਾਰ ਨੇ ਤਕਨੀਕੀ ਅਤੇ ਮੈਡੀਕਲ ਸਿੱਖਿਆ ਵਿਚ ਹਿੰਦੀ ਪਾਠਕ੍ਰਮ ਸ਼ੁਰੂ ਕਰਕੇ ਇਤਿਹਾਸ ਰਚਿਆ ਹੈ। ਸਰਕਾਰ ਦੇ ਇਸ ਉਪਰਾਲੇ ਨੇ ਉਨ੍ਹਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਹੈ ਜੋ ਇਸ ਕਦਮ ਨੂੰ ਅਸੰਭਵ ਦੱਸ ਰਹੇ ਸਨ। ਸੂਬਾ ਸਰਕਾਰ ਦਾ ਇਹ ਉਪਰਾਲਾ ਦੇਸ਼ ਭਰ ’ਚ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਸੋਚਣ ਦੀ ਪ੍ਰਕਿਰਿਆ ਉਸ ਦੀ ਮਾਂ ਬੋਲੀ ਵਿਚ ਹੀ ਹੁੰਦੀ ਹੈ। ਮਾਂ ਬੋਲੀ ਵਿਚ ਵਿਅਕਤੀ ਬਿਹਤਰ ਢੰਗ ਨਾਲ ਸੋਚ, ਸਮਝ, ਖੋਜ, ਤਰਕ ਅਤੇ ਕੰਮ ਕਰ ਸਕਦਾ ਹੈ।