ਨਿਠਾਰੀ ਕੇਸ: ਪੰਧੇਰ ਬਰੀ ਪਰ ਇੱਕ ਕੇਸ ਵਿਚ ਕੋਲੀ 'ਤੇ ਫਾਂਸੀ ਦੀ ਤਲਵਾਰ ਲਟਕੀ, 19 ਕੁੜੀਆਂ ਮਾਰ ਕੇ ਖਾਧੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

- ਮੁਲਜ਼ਮਾਂ ਨੇ 2005-2006 'ਚ 19 ਲੜਕੀਆਂ ਨਾਲ ਬਲਾਤਕਾਰ ਕਰ ਕੇ ਕੀਤਾ ਕਤਲ

Nithari case

ਇਲਾਹਾਬਾਦ - ਇਲਾਹਾਬਾਦ ਹਾਈ ਕੋਰਟ ਨੇ ਨੋਇਡਾ ਦੇ ਨਿਠਾਰੀ ਮਾਮਲੇ ਵਿਚ ਸੁਰਿੰਦਰ ਕੋਲੀ ਅਤੇ ਮੋਨਿੰਦਰ ਸਿੰਘ ਪੰਧੇਰ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਗਾਜ਼ੀਆਬਾਦ ਦੀ ਸੀਬੀਆਈ ਅਦਾਲਤ ਨੇ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਈਕੋਰਟ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ। ਨਿਠਾਰੀ ਮਾਮਲੇ ਵਿਚ ਹਾਈ ਕੋਰਟ ਨੇ ਕੁੱਲ 14 ਕੇਸਾਂ ਵਿਚ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਇਸ 'ਚ ਕੋਲੀ ਨੂੰ 12 ਮਾਮਲਿਆਂ 'ਚ ਅਤੇ ਪੰਧੇਰ ਨੂੰ 2 ਮਾਮਲਿਆਂ 'ਚ ਰਾਹਤ ਮਿਲੀ ਹੈ। ਹਾਲਾਂਕਿ ਕੋਲੀ ਨੂੰ ਸੁਪਰੀਮ ਕੋਰਟ ਨੇ ਇੱਕ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੈ। ਜੋ ਕਿ ਫਿਲਹਾਲ ਚੱਲਦਾ ਰਹੇਗਾ। ਇਹ ਫ਼ੈਸਲਾ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਐੱਸਐੱਚਏ ਰਿਜ਼ਵੀ ਦੀ ਬੈਂਚ ਨੇ ਦਿੱਤਾ ਹੈ। ਲੰਬੀ ਬਹਿਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਅਪੀਲਾਂ ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਗਿਆ ਸੀ।    

ਮੋਨਿੰਦਰ ਸਿੰਘ ਪੰਧੇਰ ਦੀ ਵਕੀਲ ਮਨੀਸ਼ਾ ਭੰਡਾਰੀ ਨੇ ਕਿਹਾ ਕਿ  "ਸੈਸ਼ਨ ਕੋਰਟ ਦੇ ਫਾਂਸੀ ਦੀ ਸਜ਼ਾ ਦੇ ਫ਼ੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ। ਪੰਧੇਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਦੋਵਾਂ ਮਾਮਲਿਆਂ ਵਿਚ ਬਰੀ ਕਰ ਦਿੱਤਾ ਹੈ। ਪੰਧੇਰ ਖਿਲਾਫ਼ ਹੁਣ ਕੋਈ ਕੇਸ ਨਹੀਂ ਹੈ। ਕੁੱਲ ਛੇ ਕੇਸ ਹਨ। "2010 ਵਿਚ ਸੈਸ਼ਨ ਟਰਾਇਲ ਹੋਏ ਸਨ। ਇੱਕ ਕੇਸ ਨੂੰ ਹਾਈ ਕੋਰਟ ਨੇ 2010 ਵਿਚ ਰੱਦ ਕਰ ਦਿੱਤਾ ਸੀ। ਤਿੰਨ ਕੇਸਾਂ ਵਿਚ ਸੈਸ਼ਨ ਕੋਰਟ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਦੋ ਕੇਸਾਂ ਵਿਚ ਫਾਂਸੀ ਦੀ ਸਜ਼ਾ ਹੋਈ ਸੀ, ਜਿਸ ਵਿਚ ਪੰਧੇਰ ਨੂੰ ਅੱਜ ਬਰੀ ਕਰ ਦਿੱਤਾ ਗਿਆ ਹੈ।"   

ਸੀਬੀਆਈ ਦੇ ਵਕੀਲ ਸੰਜੇ ਯਾਦਵ ਨੇ ਕਿਹਾ ਕਿ "ਰਿੰਪਾ ਹਲਦਰ ਕਤਲ ਕੇਸ ਵਿਚ ਸੁਰੇਂਦਰ ਕੋਲੀ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਸ ਮਾਮਲੇ ਵਿਚ ਜੋ ਸਬੂਤ ਸਨ, ਉਹੀ ਸਬੂਤ ਬਾਕੀ ਮਾਮਲਿਆਂ ਵਿਚ ਵੀ ਹਨ। "ਅਸੀਂ ਹੈਰਾਨ ਹਾਂ ਕਿ ਕਿਵੇਂ ਹਾਈ ਕੋਰਟ ਨੇ ਬਾਕੀ ਮਾਮਲਿਆਂ ਵਿਚ ਸੁਰਿੰਦਰ ਕੋਲੀ ਨੂੰ ਬਰੀ ਕਰ ਦਿੱਤਾ ਜਦੋਂ ਕਿ ਅਜਿਹੇ ਸਬੂਤ ਸਨ। ਅਸੀਂ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਵਾਂਗੇ।"   

ਰਿੰਪਾ ਹਲਦਰ ਨਾਂ ਦੀ ਲੜਕੀ ਦਾ 2005 ਵਿਚ ਕਤਲ ਕਰ ਦਿੱਤਾ ਗਿਆ ਸੀ। ਇਸ ਜੁਰਮ ਵਿਚ ਹੇਠਲੀ ਅਦਾਲਤ ਨੇ ਸੁਰਿੰਦਰ ਕੋਲੀ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਇਲਾਹਾਬਾਦ ਹਾਈ ਕੋਰਟ ਨੇ ਵੀ ਇਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ। ਬਾਅਦ ਵਿਚ ਸੁਪਰੀਮ ਕੋਰਟ ਨੇ ਵੀ 15 ਫਰਵਰੀ 2011 ਨੂੰ ਇਸ ਫ਼ੈਸਲੇ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ।   

ਜ਼ਿਕਰਯੋਗ ਹੈ ਕਿ 2005 ਅਤੇ 2006 ਦੇ ਨਿਠਾਰੀ ਕਾਂਡ ਵਿਚ ਕੁੱਲ 19 ਲੜਕੀਆਂ ਨਾਲ ਬਲਾਤਕਾਰ ਕਰ ਕੇ ਕਤਲ ਕੀਤਾ ਗਿਆ ਸੀ। ਮੁਲਜ਼ਮਾਂ ਨੇ ਕਤਲ ਤੋਂ ਬਾਅਦ ਉਹਨਾਂ ਨੂੰ ਖਾ ਲਿਆ ਤੇ ਕੰਕਾਲ ਨਾਲੇ ਵਿਚ ਸੁੱਟ ਦਿੱਤੇ। ਇਸ ਵਿਚ ਕੁੱਲ 19 ਕੇਸ ਦਰਜ ਕੀਤੇ ਗਏ ਸਨ। ਤਿੰਨ ਮਾਮਲਿਆਂ ਵਿਚ ਪੁਲਿਸ ਨੇ ਸਬੂਤਾਂ ਦੀ ਘਾਟ ਕਾਰਨ ਕਲੋਜ਼ਰ ਰਿਪੋਰਟਾਂ ਦਾਇਰ ਕੀਤੀਆਂ। ਸੀਬੀਆਈ ਕੋਰਟ ਗਾਜ਼ੀਆਬਾਦ ਦਾ ਫ਼ੈਸਲਾ 16 ਮਾਮਲਿਆਂ ਵਿਚ ਆਇਆ ਹੈ। ਸੁਰਿੰਦਰ ਕੋਲੀ ਨੂੰ 13 ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਤਿੰਨ ਵਿਚ ਬਰੀ ਹੋ ਗਿਆ ਸੀ।   

ਜਦੋਂ ਕਿ ਮੋਨਿੰਦਰ ਪੰਧੇਰ ਨੂੰ ਦੋ ਕੇਸਾਂ ਵਿਚ ਫਾਂਸੀ, ਇੱਕ ਕੇਸ ਵਿਚ ਸੱਤ ਸਾਲ ਦੀ ਕੈਦ ਅਤੇ ਚਾਰ ਕੇਸਾਂ ਵਿਚ ਬਰੀ ਕਰ ਦਿੱਤਾ ਗਿਆ ਸੀ। ਦੋਵਾਂ ਦੋਸ਼ੀਆਂ ਨੇ ਫਾਂਸੀ ਦੀ ਸਜ਼ਾ ਖਿਲਾਫ ਇਲਾਹਾਬਾਦ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਸੀ। ਨਿਠਾਰੀ ਪਿੰਡ ਨੋਇਡਾ ਦੇ ਸੈਕਟਰ-31 ਵਿਚ ਹੈ। ਮੋਨਿੰਦਰ ਸਿੰਘ ਪੰਧੇਰ ਇੱਥੇ ਡੀ-5 ਕੋਠੀ ਵਿਚ ਰਹਿੰਦਾ ਸੀ। ਮੋਨਿੰਦਰ ਸਿੰਘ ਮੂਲ ਰੂਪ ਵਿਚ ਪੰਜਾਬ ਦਾ ਰਹਿਣ ਵਾਲਾ ਸੀ। ਉਨ੍ਹਾਂ ਨੇ ਇਹ ਘਰ ਸਾਲ 2000 'ਚ ਖਰੀਦਿਆ ਸੀ। ਪਰਿਵਾਰ ਵੀ 2003 ਤੱਕ ਇਕੱਠਾ ਰਿਹਾ, ਜਿਸ ਤੋਂ ਬਾਅਦ ਮੋਨਿੰਦਰ ਨੂੰ ਛੱਡ ਕੇ ਸਾਰੇ ਪੰਜਾਬ ਚਲੇ ਗਏ। ਮੋਨਿੰਦਰ ਘਰ ਵਿਚ ਇਕੱਲਾ ਰਹਿੰਦਾ ਸੀ।  

ਇਸ ਦੌਰਾਨ ਉਸ ਨੇ ਅਲਮੋੜਾ (ਉਤਰਾਖੰਡ) ਦੇ ਸੁਰਿੰਦਰ ਕੋਲੀ ਨੂੰ ਆਪਣੇ ਘਰ ਨੌਕਰ ਵਜੋਂ ਰੱਖਿਆ। ਮੋਨਿੰਦਰ ਸਿੰਘ ਅਕਸਰ ਇਸ ਘਰ ਵਿਚ ਕੁੜੀਆਂ ਨੂੰ ਕਾਲ ਕਰਦਾ ਰਹਿੰਦਾ ਸੀ। ਇੱਕ ਵਾਰ ਸੁਰਿੰਦਰ ਕੋਲੀ ਨੇ ਉੱਥੇ ਆਈ ਇੱਕ ਕਾਲ ਗਰਲ ਨਾਲ ਸਰੀਰਕ ਸਬੰਧ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਤਾਂ ਕਾਲ ਗਰਲ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਸੁਰਿੰਦਰ ਨੂੰ ਬੁਰਾ ਲੱਗਾ।

ਸੁਰਿੰਦਰ ਨੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਨਾਲੇ ਵਿਚ ਸੁੱਟ ਦਿੱਤਾ। ਡੀ-5 ਕੋਠੀ ਵਿਚ ਇਹ ਪਹਿਲਾ ਕਤਲ ਸੀ। ਇਸ ਤੋਂ ਬਾਅਦ ਇਸ ਘਰ ਵਿਚ ਆਈ ਕੋਈ ਵੀ ਲੜਕੀ ਜ਼ਿੰਦਾ ਵਾਪਸ ਨਹੀਂ ਗਈ। ਹੌਲੀ-ਹੌਲੀ ਇਸ ਖੇਤਰ ਵਿਚੋਂ ਕਈ ਕੁੜੀਆਂ ਲਾਪਤਾ ਹੋਣ ਲੱਗੀਆਂ। ਚਸ਼ਮਦੀਦਾਂ ਨੇ ਉਨ੍ਹਾਂ ਨੂੰ ਆਖ਼ਰੀ ਵਾਰ ਇਸ ਘਰ ਦੇ ਬਾਹਰ ਦੇਖਿਆ ਸੀ, ਪਰ ਠੋਸ ਸਬੂਤਾਂ ਦੀ ਘਾਟ ਕਾਰਨ ਪੁਲਿਸ ਮੋਨਿੰਦਰ-ਸੁਰਿੰਦਰ ਨੂੰ ਹੱਥ ਨਹੀਂ ਪਾ ਸਕੀ। 

ਇਹਨਾਂ ਸਾਰੇ 19 ਮਾਮਲਿਆਂ ਵਿਚੋਂ ਇਕ 25 ਸਾਲ ਦੀ ਆਨੰਦਾ ਦੇਵੀ ਵੀ ਇਕ ਸੀ। ਉਹ ਘਰੇਲੂ ਨੌਕਰ ਵਜੋਂ ਮੋਨਿੰਦਰ ਪੰਧੇਰ ਦੇ ਘਰ ਆਈ ਸੀ ਅਤੇ 31 ਅਕਤੂਬਰ 2006 ਨੂੰ ਲਾਪਤਾ ਹੋ ਗਈ ਸੀ। ਇਸ ਤੋਂ ਪਹਿਲਾਂ ਦੀਪਿਕਾ ਉਰਫ਼ ਪਾਇਲ ਵਾਸੀ ਊਧਮ ਸਿੰਘ ਨਗਰ (ਉਤਰਾਖੰਡ) 7 ਮਈ 2006 ਨੂੰ ਮੋਨਿੰਦਰ ਸਿੰਘ ਪੰਧੇਰ ਕੋਲ ਨੌਕਰੀ ਦੀ ਤਲਾਸ਼ ਵਿਚ ਗਈ ਸੀ, ਉਹ ਵੀ ਵਾਪਸ ਨਹੀਂ ਆਈ। 24 ਅਗਸਤ 2006 ਨੂੰ ਜਦੋਂ ਨੋਇਡਾ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਦੀਪਿਕਾ ਦਾ ਮੋਬਾਈਲ ਸੁਰਿੰਦਰ ਕੋਲੀ ਕੋਲੋਂ ਮਿਲਿਆ ਸੀ। 

ਇਹ ਪਹਿਲਾ ਮਾਮਲਾ ਸੀ ਜਦੋਂ ਮੋਨਿੰਦਰ ਪੰਧੇਰ ਅਤੇ ਸੁਰਿੰਦਰ ਕੋਲੀ ਕਿਸੇ ਮਾਮਲੇ ਵਿਚ ਸ਼ਾਮਲ ਸਨ। ਪੁਲਿਸ ਨੇ ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੀਪਿਕਾ ਉਰਫ਼ ਪਾਇਲ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਲਾਸ਼ ਘਰ ਦੇ ਨੇੜੇ ਹੀ ਨਾਲੇ ਵਿਚ ਸੁੱਟਣ ਦੀ ਗੱਲ ਕਬੂਲੀ। 29 ਅਤੇ 30 ਦਸੰਬਰ 2006 ਨੂੰ, ਨੋਇਡਾ ਪੁਲਿਸ ਨੇ ਇੱਕ ਡਰੇਨ ਵਿਚੋਂ ਵੱਡੀ ਗਿਣਤੀ ਵਿਚ ਮਨੁੱਖੀ ਪਿੰਜਰ ਬਰਾਮਦ ਕੀਤੇ ਜੋ ਕਿ ਸਿਰਫ਼ ਲੜਕੀਆਂ ਦੇ ਹੀ ਸਨ।