ਕਈ ਮਹਾਨ ਰਾਜਿਆਂ ਨੇ ਅਪਣਾ ਰਾਜ ਗਵਾਇਆ ਕਿਉਂਕਿ ਉਹ ਦਾਰੂ ਪੀਂਦੇ ਸਨ : ਕਾਂਗਰਸ ਵਿਧਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਟਿਪਣੀ 'ਤੇ ਵਿਵਾਦ ਖੜਾ ਹੋਣ ਮਗਰੋਂ ਮਾਫ਼ੀ ਮੰਗੀ

Baijnath Kushwah

ਭੋਪਾਲ : ਮੱਧ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਬੈਜਨਾਥ ਕੁਸ਼ਵਾਹ ਨੇ ਇਹ ਕਹਿ ਕੇ ਵਿਵਾਦ ਖੜਾ ਕਰ ਦਿਤਾ ਕਿ ਪ੍ਰਿਥਵੀਰਾਜ ਸਿੰਘ ਚੌਹਾਨ ਸਮੇਤ ਕਈ ਰਾਜਿਆਂ ਨੇ ਇਸ ਲਈ ਅਪਣਾ ਰਾਜ ਗਵਾਇਆ ਕਿਉਂਕਿ ਉਹ ਸ਼ਰਾਬ ਪੀਂਦੇ ਸਨ। ਜਦ ਉਨ੍ਹਾਂ ਦੀ ਟਿਪਣੀ 'ਤੇ ਰੌਲਾ ਪੈ ਗਿਆ ਤਾਂ ਉਨ੍ਹਾਂ ਅਪਣੇ ਬਿਆਨ ਲਈ ਮੁਆਫ਼ੀ ਮੰਗ ਲਈ। ਕੁਸ਼ਵਾਹ ਦਾ ਬਿਆਨ ਸੋਸ਼ਲ ਮੀਡੀਆ ਵਿਚ ਤੇਜ਼ੀ ਨਾਲ ਫੈਲਿਆ।

ਮੁਰੈਨਾ ਵਿਖੇ ਕਿਸੇ ਸਮਾਗਮ ਵਿਚ ਵਿਧਾਇਕ ਕੁਸ਼ਵਾਹਾ ਨੇ ਕਿਹਾ, 'ਦਿੱਲੀ ਦੇ ਰਾਜਾ ਪ੍ਰਿਥਵੀਰਾਜ ਸਿੰਘ ਚੌਹਾਨ, ਮਹੋਬਾ ਦੇ ਰਾਜਾ ਪਰੀਮਲ ਅਤੇ ਕਨੌਜ ਦੇ ਰਾਜਾ ਜੈਚੰਦ ਮਹਾਨ ਰਾਜੇ ਰਹੇ ਹਨ ਪਰ ਉਨ੍ਹਾਂ ਦੇ ਕਿਲ੍ਹਿਆਂ ਅਤੇ ਮਹਿਲਾਂ ਵਿਚ ਹੁਣ ਚਮਗਿੱਦੜਾਂ ਉਡ ਰਹੀਆਂ ਹਨ ਅਤੇ ਉਨ੍ਹਾਂ ਦਾ ਨਾਮ ਲੈਣ ਵਾਲਾ ਕੋਈ ਨਹੀਂ ਬਚਿਆ। ਇਸ ਲਈ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੀ ਜਿਹੜੀ ਸੱਭ ਤੋਂ ਵੱਡੀ ਸੰਪਤੀ ਹੈ, ਜੇ ਉਸ ਨੂੰ ਸੁਰੱਖਿਅਤ ਰਖਣਾ ਚਾਹੁੰਦੇ ਹੋ ਤਾਂ ਕਦੇ ਵੀ ਦਾਰੂ ਨਾ ਪੀਣਾ। ਜੇ ਤੁਸੀਂ ਪੀਉਗੇ ਤਾਂ ਤੁਹਾਡਾ ਬੇਟਾ ਵੀ ਪੀਵੇਗਾ।'

ਵਿਧਾਇਕ ਨੇ ਬਾਅਦ ਵਿਚ ਲਿਖਤੀ ਬਿਆਨ ਜਾਰੀ ਕਰ ਕੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਸ ਦਾ ਇਰਾਦਾ ਕਿਸੇ ਦਾ ਅਪਮਾਨ ਕਰਨ ਦਾ ਨਹੀਂ ਸੀ। ਉਧਰ, ਭਾਜਪਾ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਕਿਹਾ, 'ਕੁਸ਼ਵਾਹਾ ਨੇ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਪਣੇ ਭਾਸ਼ਨ ਵਿਚ ਸਾਡੇ ਇਤਿਹਾਸ ਦੀਆਂ ਮਹਾਨ ਹਸਤੀਆਂ ਦਾ ਅਪਮਾਨ ਕੀਤਾ ਹੈ। ਹੁਣ ਮਾਫ਼ੀ ਮੰਗਣ ਦਾ ਕੋਈ ਅਰਥ ਨਹੀਂ, ਉਨ੍ਹਾਂ ਨੂੰ ਸਕੂਲ ਵਿਚ ਜਾ ਕੇ ਮਾਫ਼ੀ ਮੰਗਣੀ ਚਾਹੀਦੀ ਹੇ।' ਸੂਬਾ ਕਾਂਗਰਸ ਨੇ ਕਿਹਾ ਕਿ ਵਿਧਾਇਕ ਦੁਆਰਾ ਮਾਫ਼ੀ ਮੰਗਣ ਨਾਲ ਮਾਮਲਾ ਖ਼ਤਮ ਹੋ ਗਿਆ ਹੈ।