ਝਾਂਸੀ ਮੈਡੀਕਲ ਕਾਲਜ ’ਚ ਅੱਗ ਲੱਗਣ ਦੇ ਮਾਮਲੇ ਦੀ ਤਿੰਨ ਪੱਧਰੀ ਜਾਂਚ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮ੍ਰਿਤਕਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ

Three-level inquiry ordered into Jhansi Medical College fire incident

ਲਖਨਊ/ਝਾਂਸੀ: ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਨਵਜੰਮੇ ਬੱਚਿਆਂ ਦੇ ਇੰਟੈਂਸਿਵ ਕੇਅਰ ਯੂਨਿਟ (ਐਸਐਨਸੀਯੂ) ਵਾਰਡ ’ਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਤਿੰਨ ਪੱਧਰੀ ਜਾਂਚ ਦੇ ਹੁਕਮ ਦਿਤੇ ਗਏ ਹਨ। ਅੱਗ ਲੱਗਣ ਨਾਲ ਘੱਟੋ-ਘੱਟ 10 ਨਵਜੰਮੇ ਬੱਚਿਆਂ ਦੀ ਮੌਤ ਤੋਂ ਕੁੱਝ ਘੰਟਿਆਂ ਬਾਅਦ ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਮਾਪਿਆਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। 

ਉੱਤਰ ਪ੍ਰਦੇਸ਼ ਸਰਕਾਰ ਵਲੋਂ ਸਨਿਚਰਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਝਾਂਸੀ ਮੈਡੀਕਲ ਕਾਲਜ ਦੇ ਐਨ.ਆਈ.ਸੀ.ਯੂ. ’ਚ ਵਾਪਰੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਤਿੰਨ ਪੱਧਰੀ ਜਾਂਚ ਦੇ ਹੁਕਮ ਵੀ ਦਿਤੇ ਹਨ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮ੍ਰਿਤਕਾਂ ਦੀ ਮੌਤ ’ਤੇ ਸੋਗ ਪ੍ਰਗਟਾਇਆ ਹੈ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। 

ਬਿਆਨ ’ਚ ਕਿਹਾ ਗਿਆ ਹੈ, ‘‘ਮੁੱਖ ਮੰਤਰੀ ਦੀਆਂ ਹਦਾਇਤਾਂ ’ਤੇ ਇਸ ਘਟਨਾ ’ਚ ਬੇਵਕਤੀ ਮਾਰੇ ਗਏ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।’’ਇਸ ਦੌਰਾਨ ਪ੍ਰਯਾਗਰਾਜ ਦੇ ਫੂਲਪੁਰ ’ਚ ਸਨਿਚਰਵਾਰ ਦੁਪਹਿਰ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਝਾਂਸੀ ਮੈਡੀਕਲ ਕਾਲਜ ਦੇ ਐਨ.ਆਈ.ਸੀ.ਯੂ. ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਨਾਲ ਦਰਦਨਾਕ ਦੁਖਾਂਤ ਵਾਪਰਿਆ ਅਤੇ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਹ ਯਕੀਨੀ ਬਣਾਉਣ ਲਈ ਕਿ ਹੋਰ ਬੱਚਿਆਂ ਨੂੰ ਬਚਾਇਆ ਜਾਵੇ, ਅਸੀਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਤਾਲਮੇਲ ਕਰਦੇ ਹੋਏ ਸਾਰੀ ਰਾਤ ਜਾਗਦੇ ਰਹੇ ਅਤੇ ਇਸ ਲਈ ਇੱਥੇ ਪਹੁੰਚਣ ਵਿਚ ਦੇਰੀ ਹੋਈ। ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਕੰਮ ਕਰ ਰਹੇ ਹਨ।’’

ਮੁੱਖ ਮੰਤਰੀ ਨੇ ਝਾਂਸੀ ਦੇ ਡਵੀਜ਼ਨਲ ਕਮਿਸ਼ਨਰ ਅਤੇ ਡੀ.ਆਈ.ਜੀ. ਨੂੰ 12 ਘੰਟਿਆਂ ਦੇ ਅੰਦਰ ਘਟਨਾ ਦੀ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ। 
ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ’ਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ’ਚ ਸ਼ੁਕਰਵਾਰ ਰਾਤ ਅੱਗ ਲੱਗਣ ਨਾਲ ਘੱਟੋ-ਘੱਟ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ 16 ਹੋਰ ਬੱਚੇ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ (ਡੀ.ਐਮ.) ਅਵਿਨਾਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਨਵਜੰਮੇ ਬੱਚਿਆਂ ਦੇ ਇੰਟੈਂਸਿਵ ਕੇਅਰ ਯੂਨਿਟ (ਐਨ.ਆਈ.ਸੀ.ਯੂ.) ’ਚ ਸ਼ੁਕਰਵਾਰ ਰਾਤ ਕਰੀਬ 10.45 ਵਜੇ ਅੱਗ ਲੱਗ ਗਈ। 

ਸਨਿਚਰਵਾਰ ਨੂੰ ਝਾਂਸੀ ’ਚ ਸਖਤ ਸੁਰੱਖਿਆ ਦਰਮਿਆਨ 7 ਬੱਚਿਆਂ ਦਾ ਪੋਸਟਮਾਰਟਮ ਕੀਤਾ ਗਿਆ। ਤਿੰਨਾਂ ਬੱਚਿਆਂ ਦੇ ਮਾਪਿਆਂ ਦੀ ਪਛਾਣ ਨਾ ਹੋਣ ਕਾਰਨ ਪੋਸਟਮਾਰਟਮ ਨਹੀਂ ਹੋ ਸਕਿਆ। ਇਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪ੍ਰਮੁੱਖ ਸਕੱਤਰ ਨੇ ਉਮੀਦ ਜਤਾਈ ਹੈ ਕਿ ਜਾਂਚ ਕਮੇਟੀ ਇਕ ਹਫ਼ਤੇ ਦੇ ਅੰਦਰ ਅਪਣੀ ਜਾਂਚ ਰੀਪੋਰਟ ਸਰਕਾਰ ਨੂੰ ਦੇਵੇਗੀ। 

ਅੱਗ ਬੁਝਾਊ ਯੰਤਰਾਂ ’ਚ ਖਰਾਬੀ ਦੇ ਦੋਸ਼ ਬੇਬੁਨਿਆਦ ਕਰਾਰ

ਉੱਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਸਨਿਚਰਵਾਰ ਨੂੰ ਝਾਂਸੀ ਮੈਡੀਕਲ ਕਾਲਜ ’ਚ ਅੱਗ ਬੁਝਾਊ ਯੰਤਰਾਂ ਦੀ ਮਿਆਦ ਖਤਮ ਹੋਣ ਦੇ ਖਦਸ਼ੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ’ਚ ਅੱਗ ਬੁਝਾਉਣ ਦੇ ਸਾਰੇ ਸਾਜ਼ੋ-ਸਾਮਾਨ ਚੰਗੀ ਹਾਲਤ ’ਚ ਹਨ। ਇਸ ਦੌਰਾਨ ਝਾਂਸੀ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਸੇਂਗਰ ਨੇ ਮੈਡੀਕਲ ਕਾਲਜ ’ਚ ਅੱਗ ਬੁਝਾਊ ਯੰਤਰਾਂ ’ਚ ਖਰਾਬੀ ਦੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ।
ਝਾਂਸੀ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਸੇਂਗਰ ਨੇ ਕਿਹਾ, ‘‘ਮੈਡੀਕਲ ਕਾਲਜ ’ਚ ਕੁਲ 146 ਅੱਗ ਬੁਝਾਊ ਯੰਤਰ ਲਗਾਏ ਗਏ ਹਨ। ਹਾਦਸੇ ਦੇ ਸਮੇਂ ਐਨ.ਆਈ.ਸੀ.ਯੂ. ਵਾਰਡ ਦੇ ਅੱਗ ਬੁਝਾਊ ਯੰਤਰ ਦੀ ਵੀ ਵਰਤੋਂ ਕੀਤੀ ਗਈ ਸੀ। ਇਨ੍ਹਾਂ ਸਾਰੇ ਯੰਤਰਾਂ ਦਾ ਸਮੇਂ-ਸਮੇਂ ’ਤੇ ਆਡਿਟ ਵੀ ਕੀਤਾ ਜਾਂਦਾ ਹੈ। ਇਸ ਸਮੇਂ ਦੌਰਾਨ ਕਮੀਆਂ ਨੂੰ ਦੂਰ ਕੀਤਾ ਜਾਂਦਾ ਹੈ।’’