ਵਿਆਹ ਤੋਂ ਕੁੱਝ ਘੰਟੇ ਪਹਿਲਾਂ ਮੰਗੇਤਰ ਵੱਲੋਂ ਲਾੜੀ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਛੋਟੀ ਜਿਹੀ ਬਹਿਸ ਮਗਰੋਂ ਘਰ ਜਾ ਕੇ ਸਿਰ ’ਚ ਮਾਰੀ ਰਾਡ

Bride murdered by fiancé hours before wedding

ਭਾਵਨਗਰ : ਗੁਜਰਾਤ ਦੇ ਭਾਵਨਗਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਮੰਗੇਤਰ ਨੇ ਆਪਣੇ ਵਿਆਹ ਤੋਂ ਕੁੱਝ ਘੰਟੇ ਪਹਿਲਾਂ ਆਪਣੀ ਲਾੜੀ ਦੀ ਹੱਤਿਆ ਕਰ ਦਿੱਤੀ ਅਤੇ ਖ਼ੁਦ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਦੋਵਾਂ ਵਿਚਾਲੇ ਝਗੜਾ ਹੋਇਆ,,,ਜਿਸ ਦੌਰਾਨ ਬਹਿਸ ਇੰਨੀ ਜ਼ਿਆਦਾ ਵਧ ਗਈ ਕਿ ਮੁਲਜ਼ਮ ਨੇ ਆਪਣੀ ਮੰਗੇਤਰ ਦੇ ਸਿਰ ਵਿਚ ਲੋਹੇ ਦੀ ਰਾਡ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਘਟਨਾ ਭਾਵਨਗਰ ਵਿਚ ਪ੍ਰਭੁਦਾਸ ਤਲਾਬ ਕੋਲ ਦੀ ਦੱਸੀ ਜਾ ਰਹੀ ਐ, ਜਿੱਥੋਂ ਦੀ ਰਹਿਣ ਵਾਲੀ 22 ਸਾਲਾਂ ਦੀ ਸੋਨੀ ਹਿੰਮਤ ਰਠੌੜ ਦਾ ਵਿਆਹ ਹੋਣਾ ਸੀ ਪਰ ਵਿਆਹ ਵਾਲੇ ਦਿਨ ਸਵੇਰੇ-ਸਵੇਰੇ ਸੋਨੀ ਦਾ ਆਪਣੇ ਮੰਗੇਤਰ ਸਾਜਨ ਖਗਨਾ ਬਰੈਈਆ ਉਸ ਦੇ ਘਰ ਆਇਆ, ਜਿੱਥੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ। ਕੁੱਝ ਦੇਰ ਵਿਚ ਬਹਿਸ ਹੱਥੋਪਾਈ ਵਿਚ ਬਦਲ ਗਈ,, ਇਸੇ ਦੌਰਾਨ ਸਾਜਨ ਨੇ ਕਥਿਤ ਤੌਰ ’ਤੇ ਇਕ ਲੋਹੇ ਦੀ ਰਾਡ ਨਾਲ ਸੋਨੀ ’ਤੇ ਲਗਾਤਾਰ ਕਈ ਵਾਰ ਕੀਤੇ, ਜਿਸ ਕਾਰਨ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।

ਇਸ ਘਟਨਾ ਤੋਂ ਬਾਅਦ ਵਿਆਹ ਵਾਲੇ ਘਰ ਵਿਚ ਚੀਕ ਚਿਹਾੜਾ ਮੱਚ ਗਿਆ। ਭਾਵਨਗਰ ਸਿਟੀ ਪੁਲਿਸ ਡਿਵੀਜ਼ਨ ਪੁਲਿਸ ਦੇ ਡੀਐਸਪੀ ਆਰ.ਆਰ. ਸਿੰਘਲ ਨੇ ਦੱਸਿਆ ਕਿ ਸਾਜਨ ਨੇ ਲਗਾਤਾਰ ਕਈ ਵਾਰ ਕਰਕੇ ਸੋਨੀ ਦੇ ਸਿਰ ਅਤੇ ਸਰੀਰ ’ਤੇ ਕਈ ਗੰਭੀਰ ਸੱਟਾਂ ਮਾਰੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੱਤਿਆ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਇਸੇ ਦੌਰਾਨ ਰੌਲਾ ਸੁਣ ਕੇ ਪਰਿਵਾਰਕ ਮੈਂਬਰ ਜਾਗ ਗਏ ਅਤੇ ਜਦੋਂ ਉਨ੍ਹਾਂ ਨੇ ਉਪਰ ਆ ਕੇ ਦੇਖਿਆ ਤਾਂ ਸੋਨੀ ਆਪਣੇ ਕਮਰੇ ਵਿਚ ਮ੍ਰਿਤਕ ਪਈ ਹੋਈ ਸੀ। ਡੀਐਸਪੀ ਨੇ ਦੱਸਿਆ ਕਿ ਸੋਨੀ ਅਤੇ ਸਾਜਨ ਪਿਛਲੇ ਡੇਢ ਸਾਲ ਤੋਂ ਇਕੱਠੇ ਰਹਿ ਰਹੇ ਸੀ। ਪਰਿਵਾਰ ਨੂੰ ਉਨ੍ਹਾਂ ਦਾ ਇਕੱਠੇ ਰਹਿਣਾ ਪਸੰਦ ਨਹੀਂ ਸੀ ਪਰ ਦੋਵਾਂ ਦੀ ਮਰਜ਼ੀ ਨਾਲ ਦੋਵੇਂ ਪਰਿਵਾਰ ਵਿਆਹ ਦੇ ਲਈ ਰਾਜ਼ੀ ਹੋ ਗਏ। ਵਿਆਹ ਦੇ ਲਈ ਸੋਨੀ ਵੀ ਆਪਣੇ ਪੇਕੇ ਘਰ ਆ ਗਈ ਸੀ, ਪਰ ਉਸ ਦੇ ਮੰਗੇਤਰ ਨੇ ਵਿਆਹ ਵਾਲੇ ਦਿਨ ਹੀ ਉਸ ਦੀ ਜਾਨ ਲੈ ਲਈ।

ਪੁਲਿਸ ਨੇ ਸੋਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਭੇਜ ਦਿੱਤਾ ਅਤੇ ਗੰਗਾਜਲੀਆ ਥਾਣੇ ਵਿਚ ਸਾਜਨ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਫਿਲਹਾਲ ਸਾਜਨ ਫ਼ਰਾਰ ਐ,, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਐ। ਪੁਲਿਸ ਮੁਤਾਬਕ ਸਾਜਨ ’ਤੇ ਪਹਿਲਾਂ ਵੀ ਹੱਤਿਆ ਦੇ ਯਤਨ, ਲੁੱਟਖੋਹ ਅਤੇ ਮਾਰਕੁੱਟ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਨੇ।