Delhi blast case : ਖ਼ੁਫ਼ੀਆ ਏਜੰਸੀਆਂ ਨੇ ਜੈਸ਼-ਏ-ਮੁਹੰਮਦ ਦੇ ਹੈਂਡਲਰ ਨਾਲ ਜੁੜੇ 20 ਲੱਖ ਰੁਪਏ ਦੇ ਫੰਡ ਟ੍ਰੇਲ ਸਬੰਧੀ ਕੀਤਾ ਖੁਲਾਸਾ
ਜੈਸ਼ ਏ ਮੁਹੰਮਦ ਦੇ ਹੈਂਡਲਰ ਵੱਲੋਂ ਭੇਜੀ ਗਈ ਸੀ ਰਾਸ਼ੀ
ਨਵੀਂ ਦਿੱਲੀ : ਲਾਲ ਕਿਲਾ ਕਾਰ ਧਮਾਕਾ ਮਾਮਲੇ ’ਚ ਇਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਖੁਫ਼ੀਆ ਏਜੰਸੀਆਂ ਨੇ ਤਿੰਨੋਂ ਡਾਕਟਰਾਂ ਉਮਰ, ਮੁਜਮਿਲ ਅਤੇ ਸ਼ਾਹੀਨ ਨਾਲ ਜੁੜੇ 20 ਲੱਖ ਰੁਪਏ ਦੇ ਫੰਡ ਟ੍ਰੇਲ ਦਾ ਖੁਲਾਸਾ ਕੀਤਾ ਹੈ। ਖੁਫ਼ੀਆ ਸੂਤਰਾਂ ਨੇ ਐਤਵਾਰ ਨੂੰ ਦੱਸਿਆ ਕਿ ਸ਼ੱਕ ਹੈ ਕਿ ਇਹ ਰਕਮ ਹਵਾਲਾ ਨੈਟਵਰਕ ਦੇ ਰਾਹੀਂ ਜੈਸ਼ ਏ ਮੁਹੰਮਦ ਦੇ ਇਕ ਹੈਂਡਲਰ ਵੱਲੋਂ ਭੇਜੀ ਗਈ ਹੈ।
ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ’ਚੋਂ ਲਗਭਗ 3 ਲੱਖ ਰੁਪਏ 26 ਕੁਇੰਟਲ ਐਨ.ਪੀ.ਏ. ਖਰੀਦਣ ’ਤੇ ਖਰਚ ਕੀਤੇ ਗਏ। ਜੋ ਖੇਤੀ ’ਚ ਵਰਤਿਆ ਜਾਣ ਵਾਲਾ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਆਧਾਰਤ ਰਸਾਇਣ ਹੈ ਜੋ ਧਮਾਕਾਖੇਜ਼ ਸਮੱਗਰੀ ਬਣਾਉਣ ਦੇ ਵੀ ਸਮਰੱਥ ਹੈ।
ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਪੈਸੇ ਦੇ ਪ੍ਰਬੰਧ ਨੂੰ ਲੈ ਕੇ ਡਾ. ਉਮਰ ਉਨ ਨਬੀ ਅਤੇ ਡਾ. ਸ਼ਹੀਨ ਦਰਮਿਆਨ ਕਥਿਤ ਤੌਰ ’ਤੇ ਤਣਾਅ ਪੈਦਾ ਹੋ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਮੁਜਮਿਲ ਤੋਂ ਇਕ ਮਹੱਤਵਪੂਰਨ ਸੁਰਾਗ ਮਿਲਿਆ ਹੈ, ਜਿਸ ਨਾਲ ਜਾਂਚ ਕਰਨ ਵਾਲਿਆਂ ਨੂੰ ਸਾਜ਼ਿਸ਼ ਦੇ ਪਿੱਛੇਵਿੱਛੀ ਸਬੰਧਾਂ ਨੂੰ ਸਮਝਣ ’ਚ ਮਦਦ ਮਿਲੀ। ਇਸ ਦਰਮਿਆਨ ਦਿੱਲੀ ਪੁਲਿਸ ਨੇ ਸੂਤਰਾਂ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਘਟਨਾ ਵਾਲੀ ਥਾਂ ਤੋਂ ਮਿਲੇ ਤਿੰਨ ਕਾਰਤੂਸ, ਦੋ ਅਣਚੱਲੇ ਅਤੇ ਇਕ ਚੱਲਿਆ ਹੋਇਆ 9 ਮਿਮੀ ਕੈਲੀਬਰ ਦੇ ਸਨ। ਜਿਹੜੇ ਕਿ ਆਮ ਨਾਗਰਿਕਾਂ ਲਈ ਪਾਬੰਦੀਸ਼ੁਦਾ ਹਨ ਅਤੇ ਇਨ੍ਹਾਂ ਦੀ ਵਰਤੋਂ ਸੁਰੱਖਿਆ ਮੁਲਾਜ਼ਮਾਂ ਵੱਲੋਂ ਹੀ ਕੀਤੀ ਜਾਂਦੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਾਰਤੂਸ ਬਰਾਮਦ ਹੋਣ ਤੋਂ ਬਾਅਦ ਘਟਨਾ ਵਾਲੀ ਥਾਂ ਤੋਂ ਕੋਈ ਪਿਸਤੌਲ ਜਾਂ ਉਸਦਾ ਕੋਈ ਹਿੱਸਾ ਬਰਾਮਦ ਨਹੀਂ ਮਿਲਿਆ। ਪੁਲਿਸ ਨੇ ਕਿਹਾ ਕਿ ਇਹ ਕਾਰਤੂਸ ਆਮ ਤੌਰ ’ਤੇ ਕੇਵਲ ਸੁਰੱਖਿਆ ਕਰਮਚਾਰੀਆਂ ਜਾਂ ਵਿਸ਼ੇਸ਼ ਆਗਿਆ ਪ੍ਰਾਪਤ ਵਿਅਕਤੀਆਂ ਕੋਲ ਹੀ ਹੁੰਦਾ ਹੈ। ਅਧਿਕਾਰੀਆਂ ਅਨੁਸਾਰ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਾਰਤੂਸ ਧਮਾਕੇ ਵਾਲੀ ਥਾਂ ’ਤੇ ਕਿਸ ਤਰ੍ਹਾਂ ਪਹੁੰਚਿਆ ਕੀ ਇਹ ਸ਼ੱਕੀ ਦੇ ਕੋਲ ਸੀ।