ਸ਼ੀਨਾ ਬੋਰਾ ਕਤਲ ਕੇਸ: ਆਰੋਪੀ ਇੰਦਰਾਣੀ ਮੁਖਰਜੀ ਦੀ CBI ਨੂੰ ਚਿੱਠੀ, ‘ਜਿਊਂਦੀ ਹੈ ਮੇਰੀ ਧੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਆਪਣੀ ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਇੰਦਰਾਣੀ ਮੁਖਰਜੀ ਨੇ ਜੇਲ੍ਹ ਤੋਂ ਕੇਂਦਰੀ ਜਾਂਚ ਏਜੰਸੀ ਨੂੰ ਚਿੱਠੀ ਲਿਖੀ ਹੈ।

Indrani Mukerjea On Sheena Bora Case

ਮੁੰਬਈ: ਸ਼ੀਨਾ ਬੋਰਾ ਕਤਲ ਕੇਸ ਵਿਚ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਖਬਰ ਹੈ ਕਿ ਆਪਣੀ ਧੀ ਸ਼ੀਨਾ ਬੋਰਾ ਦੀ ਹੱਤਿਆ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਇੰਦਰਾਣੀ ਮੁਖਰਜੀ ਨੇ ਜੇਲ੍ਹ ਤੋਂ ਕੇਂਦਰੀ ਜਾਂਚ ਏਜੰਸੀ ਨੂੰ ਚਿੱਠੀ ਲਿਖੀ ਹੈ। ਚਿੱਠੀ 'ਚ ਇੰਦਰਾਣੀ ਨੇ ਏਜੰਸੀ ਨੂੰ ਕਿਹਾ ਹੈ ਕਿ ਸ਼ੀਨਾ ਬੋਰਾ ਜਿਊਂਦੀ ਹੈ ਅਤੇ ਸੀਬੀਆਈ ਨੂੰ ਉਸ ਨੂੰ ਲੱਭਣਾ ਚਾਹੀਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਇੰਦਰਾਣੀ ਨੇ ਸੀਬੀਆਈ ਨੂੰ ਲਿਖੇ ਪੱਤਰ ਵਿਚ ਦੱਸਿਆ ਹੈ ਕਿ ਜੇਲ੍ਹ ਵਿਚ ਉਸ ਨੂੰ ਮਿਲੀ ਇਕ ਮਹਿਲਾ ਕੈਦੀ ਨੇ ਦੱਸਿਆ ਹੈ ਕਿ ਉਹ ਕਸ਼ਮੀਰ ਵਿਚ ਸ਼ੀਨਾ ਬੋਰਾ ਨੂੰ ਮਿਲੀ ਸੀ। ਇੰਦਰਾਣੀ ਨੇ ਮੰਗ ਕੀਤੀ ਕਿ ਸੀਬੀਆਈ ਵਲੋਂ ਉਸ ਦੀ ਧੀ ਦੀ ਕਸ਼ਮੀਰ ਵਿਚ ਤਲਾਸ਼ ਕੀਤੀ ਜਾਵੇ। ਇੰਦਰਾਣੀ ਦੇ ਵਕੀਲ ਦਾ ਕਹਿਣਾ ਹੈ ਕਿ ਇੰਦਰਾਣੀ ਨੇ ਸਿੱਧਾ ਸੀਬੀਆਈ ਨੂੰ ਪੱਤਰ ਲਿਖਿਆ ਹੈ, ਇਸ ਲਈ ਉਸ ਨੂੰ ਨਹੀਂ ਪਤਾ ਕਿ ਇਸ ਵਿਚ ਕੀ ਲਿਖਿਆ ਹੈ ਅਤੇ ਉਹ ਜੇਲ੍ਹ ਵਿਚ ਇੰਦਰਾਣੀ ਨੂੰ ਮਿਲਣ ਤੋਂ ਬਾਅਦ ਹੀ ਕੁਝ ਦੱਸ ਸਕੇਗੀ।

ਇੰਦਰਾਣੀ ਦੀ ਇਸ ਚਿੱਠੀ ਨੂੰ 28 ਦਸੰਬਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਰੱਖਿਆ ਜਾਵੇਗਾ। ਇਸ ਦਿਨ ਉਸ ਦੀ ਜ਼ਮਾਨਤ ਅਰਜ਼ੀ ’ਤੇ ਵੀ ਫੈਸਲਾ ਹੋਵੇਗਾ। ਇਸ ਤੋ ਪਹਿਲਾਂ ਇੰਦਰਾਣੀ ਦੀ ਜ਼ਮਾਨਤ ਅਰਜ਼ੀ 6 ਵਾਰ ਖਾਰਜ ਹੋ ਚੁੱਕੀ ਹੈ।ਦੱਸ ਦੇਈਏ ਕਿ ਸ਼ੀਨਾ ਬੋਰਾ, ਇੰਦਰਾਣੀ ਮੁਖਰਜੀ ਦੇ ਪਹਿਲੇ ਵਿਆਹ ਤੋਂ ਹੋਈ ਲੜਕੀ ਸੀ। ਇੰਦਰਾਣੀ ਨੂੰ 2015 'ਚ 25 ਸਾਲਾ ਸ਼ੀਨਾ ਬੋਰਾ ਦੇ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਮੁੰਬਈ ਦੀ ਭਾਇਖਲਾ ਜੇਲ੍ਹ ਵਿਚ ਬੰਦ ਹੈ।

ਸੀਬੀਆਈ ਨੇ ਇਸ ਮਾਮਲੇ ਵਿਚ ਤਿੰਨ ਚਾਰਜਸ਼ੀਟਾਂ ਅਤੇ ਦੋ ਸਪਲੀਮੈਂਟਰੀ ਚਾਰਜਸ਼ੀਟਾਂ ਦਾਇਰ ਕੀਤੀਆਂ ਹਨ ਜਿਸ ਵਿਚ ਇੰਦਰਾਣੀ ਮੁਖਰਜੀ, ਉਸ ਦੇ ਡਰਾਈਵਰ ਸ਼ਿਆਮਵਰ ਰਾਏ, ਪਹਿਲੇ ਪਤੀ ਸੰਜੀਵ ਖੰਨਾ ਅਤੇ ਪੀਟਰ ਮੁਖਰਜੀ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।  ਸੀਬੀਆਈ ਨੇ ਪੀਟਰ ਮੁਖਰਜੀ ਨੂੰ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਵੀ ਕੀਤਾ ਸੀ, ਹਾਲਾਂਕਿ ਉਸ ਨੂੰ 2020 ਵਿਚ ਜ਼ਮਾਨਤ ਮਿਲ ਗਈ ਸੀ।