‘ਕੋਵਿਡ ਟੀਕਾਕਰਨ ’ਚ ਇਕ ਵੀ ਵਿਅਕਤੀ ਰਹਿ ਗਿਆ ਤਾਂ ਫਾਂਸੀ ’ਤੇ ਲਟਕਾ ਦਿਆਂਗਾ’: ਕੌਸ਼ਲੇਂਦਰ ਵਿਕਰਮ
ਚਾਹੇ ਖੇਤ ’ਚ ਜਾਓ, ਲੋਕਾਂ ਦੇ ਪੈਰ ਫੜੋ ਜਾਂ ਉਨ੍ਹਾਂ ਦੇ ਘਰ ਜਾ ਕੇ 24 ਘੰਟੇ ਬੈਠੋ, ਪਰ ਟੀਕਾਕਰਨ ਦਾ ਟੀਚਾ ਪੂਰਾ ਹੋਣਾ ਚਾਹੀਦਾ ਹੈ।
ਗਵਾਲੀਅਰ : ਕੋਰੋਨਾ ਵਾਇਰਸ ਰੋਧੀ ਟੀਕਾਕਰਨ ਦਾ ਟੀਚਾ ਪੂਰਾ ਨਾ ਹੋਣ ’ਤੇ ਗਵਾਲੀਅਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਕੌਸ਼ਲੇਂਦਰ ਵਿਕਰਮ ਸਿੰਘ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ‘ਜੇਕਰ ਇਕ ਵੀ ਵਿਅਕਤੀ ਬਚਿਆ ਤਾਂ ਮੈਂ ਫਾਂਸੀ ’ਤੇ ਲਟਕਾ ਦਿਆਂਗਾ।’ ਉਨ੍ਹਾਂ ਕਿਹਾ ਕਿ ਚਾਹੇ ਖੇਤ ’ਚ ਜਾਓ, ਲੋਕਾਂ ਦੇ ਪੈਰ ਫੜੋ ਜਾਂ ਉਨ੍ਹਾਂ ਦੇ ਘਰ ਜਾ ਕੇ 24 ਘੰਟੇ ਬੈਠੋ, ਪਰ ਟੀਕਾਕਰਨ ਦਾ ਟੀਚਾ ਪੂਰਾ ਹੋਣਾ ਚਾਹੀਦਾ ਹੈ।
ਭਿੱਤਰਵਾਰ ਤਹਿਸੀਲ ਵਿਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਵਿਚ ਜ਼ਿਲ੍ਹਾ ਮੈਜਿਸਟ੍ਰੇਟ ਸਿੰਘ ਦੇ ਸਾਹਮਣੇ ਇਹ ਤੱਥ ਆਇਆ ਕਿ ਕੋਵਿਡ-19 ਰੋਧੀ ਟੀਕਾਕਰਨ ਲਗਾਉਣ ਦਾ ਟੀਚਾ ਪੂਰਾ ਨਹੀਂ ਹੋ ਰਿਹਾ ਹੈ। ਇਸ ’ਤੇ ਸਿੰਘ ਨੇ ਗੁੱਸੇ ਵਿਚ ਆ ਕੇ ਕਿਹਾ, ‘‘ਭਾਵੇਂ ਖੇਤ ਜਾ ਕੇ ਬੰਦੇ ਦੇ ਪੈਰ ਫੜੋ, ਘਰ ਜਾ ਕੇ 24 ਘੰਟੇ ਬੈਠ ਜਾਓ, ਪਰ ਟੀਕਾਕਰਨ ਦਾ ਟੀਚਾ ਪੂਰਾ ਹੋਣਾ ਚਾਹੀਦਾ ਹੈ। ਜੇਕਰ ਇਕ ਵੀ ਟੀਕਾਕਰਨ ਵਾਲਾ ਵਿਅਕਤੀ ਬਚਿਆ ਤਾਂ ਫਾਂਸੀ ’ਤੇ ਲਟਕਾ ਦਿਆਂਗਾ।’ ਸਿੰਘ ਵਲੋਂ ਮੀਟਿੰਗ ਵਿਚ ਦਿਤੀ ਗਈ ਚਿਤਾਵਨੀ ਦਾ ਵੀਡੀਉ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।
ਵੀਡੀਉ ਵਾਇਰਲ ਹੋਣ ਤੋਂ ਬਾਅਦ ਸਿੰਘ ਨੇ ਮੀਡੀਆ ਨੂੰ ਕਿਹਾ, “ਸਰਕਾਰੀ ਕਰਮਚਾਰੀ ਮਾਮਲੇ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਹਨ, ਇਸ ਲਈ ਚਿਤਾਵਨੀ ਦਿਤੀ ਗਈ ਹੈ ਅਤੇ ਜੇਕਰ ਟੀਚਾ ਪੂਰਾ ਨਾ ਕੀਤਾ ਗਿਆ ਤਾਂ ਬਰਖ਼ਾਸਤਗੀ ਅਤੇ ਮੁਅੱਤਲੀ ਦੀ ਕਾਰਵਾਈ ਕੀਤੀ ਜਾਵੇਗੀ।’’