KGF ਗੀਤ ਕਾਪੀਰਾਈਟ ਮਾਮਲਾ: ਕਰਨਾਟਕ ਹਾਈਕੋਰਟ ਨੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਆਗੂਆਂ ਖ਼ਿਲਾਫ਼ FIR 'ਤੇ ਲਗਾਈ ਰੋਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਗੈਰ ਇਜਾਜ਼ਤ ਗਾਣੇ ਦੀ ਵਰਤੋਂ ਕਰਨ ਲਈ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰਿਆ ਸ਼੍ਰੀਨਾਤੇ ਦੇ ਖ਼ਿਲਾਫ਼ ਕਾਰਵਾਈ ਦੀ ਕੀਤੀ ਗਈ ਸੀ ਮੰਗ 

Karnataka High Court

ਨਵੀਂ ਦਿੱਲੀ : ਕਰਨਾਟਕ ਹਾਈ ਕੋਰਟ ਨੇ KGF ਗੀਤ ਕਾਪੀਰਾਈਟ ਉਲੰਘਣਾ ਮਾਮਲੇ 'ਚ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰਿਆ ਸ਼੍ਰੀਨਾਤੇ ਦੇ ਖਿਲਾਫ FIR 'ਤੇ ਰੋਕ ਲਗਾ ਦਿੱਤੀ ਹੈ। 'ਕੇਜੀਐਫ ਚੈਪਟਰ 2' ਦੇ ਹਿੰਦੀ ਸੰਸਕਰਣ ਦੇ ਅਧਿਕਾਰ ਰੱਖਣ ਵਾਲੀ ਐਮਆਰਟੀ ਮਿਊਜ਼ਿਕ ਕੰਪਨੀ ਨੇ ਕਾਂਗਰਸੀ ਨੇਤਾਵਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਬੈਂਗਲੁਰੂ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਹੁਲ ਨੇ ਭਾਰਤ ਜੋੜੋ ਯਾਤਰਾ ਦੇ ਪ੍ਰਚਾਰ ਵਿੱਚ ਕੇਜੀਐਫ-2 ਦੇ ਗੀਤ ਦੀ ਵਰਤੋਂ ਕੀਤੀ ਹੈ। ਕੰਪਨੀ ਨੇ ਹਿੰਦੀ ਵਿੱਚ KGF-2 ਦੇ ਸਾਉਂਡਟ੍ਰੈਕ ਦੇ ਅਧਿਕਾਰ ਲੈਣ ਲਈ ਨਿਰਮਾਤਾਵਾਂ ਨੂੰ ਮੋਟੀ ਰਕਮ ਅਦਾ ਕੀਤੀ ਸੀ। ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ ਲਈ ਸਾਡੀ ਇਜਾਜ਼ਤ ਤੋਂ ਬਿਨਾਂ ਆਪਣੇ ਪ੍ਰਚਾਰ ਵੀਡੀਓ ਵਿੱਚ ਇਸ ਆਵਾਜ਼ ਦੀ ਵਰਤੋਂ ਕੀਤੀ।

ਕੰਪਨੀ ਦੇ ਮੈਨੇਜਰ ਐੱਮ ਨਵੀਨ ਕੁਮਾਰ ਨੇ ਬੈਂਗਲੁਰੂ ਦੇ ਯਸ਼ਵੰਤਪੁਰ 'ਚ ਐੱਫ.ਆਈ.ਆਰ ਦਰਜ ਕਰਵਾਈ, ਜਿਸ 'ਚ ਕਿਹਾ ਗਿਆ ਕਿ ਜਦੋਂ ਭਾਰਤ ਜੋੜੋ ਯਾਤਰਾ ਕਰਨਾਟਕ 'ਚੋਂ ਲੰਘ ਰਹੀ ਸੀ ਤਾਂ ਕੇਜੀਐੱਫ-2 ਗੀਤ 'ਸਮੁੰਦਰ ਮੇ ਲਹਿਰ' ਦੇ ਪ੍ਰਚਾਰ 'ਚ ਵਰਤਿਆ ਗਿਆ ਸੀ। ਇਸ ਦੇ ਲਈ ਉਸ ਤੋਂ ਇਜਾਜ਼ਤ ਨਹੀਂ ਲਈ ਗਈ ਸੀ। ਕੰਪਨੀ ਨੇ ਕਿਹਾ ਕਿ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੋ ਵੀਡੀਓ ਟਵੀਟ ਕੀਤੇ ਹਨ, ਜਿਨ੍ਹਾਂ 'ਚ ਗੀਤ ਦੀ ਵਰਤੋਂ ਕੀਤੀ ਗਈ ਹੈ।

ਨਵੀਨ ਕੁਮਾਰ ਨੇ ਨਵੰਬਰ ਦੇ ਪਹਿਲੇ ਹਫ਼ਤੇ ਯਸ਼ਵੰਤਪੁਰ ਥਾਣੇ ਵਿੱਚ ਰਾਹੁਲ ਗਾਂਧੀ, ਜੈਰਾਮ ਰਮੇਸ਼ ਅਤੇ ਸੁਪ੍ਰੀਆ ਸ਼੍ਰੀਨੇਟ ਖ਼ਿਲਾਫ਼ ਸ਼ਿਕਾਇਤ ਕੀਤੀ ਸੀ। ਤਿੰਨਾਂ ਕਾਂਗਰਸੀ ਨੇਤਾਵਾਂ ਦੇ ਖਿਲਾਫ ਆਈਪੀਸੀ ਦੀ ਧਾਰਾ 403 (ਸੰਪੱਤੀ ਦੀ ਬੇਈਮਾਨੀ ਨਾਲ ਦੁਰਵਰਤੋਂ), 465 (ਜਾਲਸਾਜ਼ੀ), 120 ਬੀ (ਅਪਰਾਧਿਕ ਸਾਜ਼ਿਸ਼) ਅਤੇ ਕਾਪੀਰਾਈਟ ਐਕਟ, 1957 ਦੀ ਧਾਰਾ 63 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।