ਭਾਰਤੀ ਚੋਣ ਕਮਿਸ਼ਨ ਨੇ ਬੰਗਾਲ ਵਿਚ ਵੋਟਰ ਸੂਚੀਆਂ ਦਾ ਖਰੜਾ ਕੀਤਾ ਪ੍ਰਕਾਸ਼ਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐੱਸ.ਆਈ.ਆਰ. ਵਿਚ 58 ਲੱਖ ਤੋਂ ਵੱਧ ਨਾਮ ਹਟਾਏ ਗਏ

Election Commission of India publishes draft voter lists in Bengal

ਕੋਲਕਾਤਾ : ਭਾਰਤੀ ਚੋਣ ਕਮਿਸ਼ਨ ਨੇ ਪਛਮੀ ਬੰਗਾਲ ਲਈ ਵੋਟਰ ਸੂਚੀਆਂ ਦਾ ਖਰੜਾ ਜਾਰੀ ਕਰ ਦਿਤਾ ਹੈ। ਖਰੜੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਮੌਤ, ਪਰਵਾਸ ਅਤੇ ਗਿਣਤੀ ਫਾਰਮ ਜਮ੍ਹਾਂ ਨਾ ਕਰਨ ਸਮੇਤ ਵੱਖ-ਵੱਖ ਕਾਰਨਾਂ ਕਰਕੇ 58 ਲੱਖ ਤੋਂ ਵੱਧ ਵੋਟਰਾਂ ਦੇ ਨਾਮ ਹਟਾ ਦਿਤੇ ਗਏ ਹਨ।

ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਨਾਵਾਂ ਨੇ ਕਈ ਮਹੱਤਵਪੂਰਨ ਵਿਧਾਨ ਸਭਾ ਸੀਟਾਂ ਨੂੰ ਪ੍ਰਭਾਵਤ ਕੀਤਾ ਹੈ ਅਤੇ ਸਿਆਸੀ ਮਤਭੇਦਾਂ ਨੂੰ ਹੋਰ ਵਧਾ ਦਿਤਾ ਹੈ।

ਅਧਿਕਾਰਤ ਅੰਕੜਿਆਂ ਮੁਤਾਬਕ 4 ਨਵੰਬਰ ਤੋਂ 11 ਦਸੰਬਰ ਤਕ ਹੋਈ ਵਿਸ਼ੇਸ਼ ਸੋਧ (ਐਸ.ਆਈ.ਆਰ.) ਅਭਿਆਸ ਤੋਂ ਬਾਅਦ 58,20,898 ਨਾਮ ਵੋਟਰ ਸੂਚੀਆਂ ਦੇ ਖਰੜੇ ’ਚੋਂ ਹਟਾ ਦਿਤੇ ਗਏ ਹਨ, ਜਿਸ ਨਾਲ ਸੂਬੇ ਵਿਚ ਵੋਟਰਾਂ ਦੀ ਗਿਣਤੀ 7.66 ਕਰੋੜ ਤੋਂ ਘਟ ਕੇ 7.08 ਕਰੋੜ ਹੋ ਗਈ ਹੈ।

ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪ੍ਰਭਾਵਤ ਵੋਟਰਾਂ ਲਈ ਸੁਣਵਾਈ ਪ੍ਰਕਿਰਿਆ ਲਗਭਗ ਇਕ ਹਫ਼ਤੇ ਵਿਚ ਸ਼ੁਰੂ ਹੋ ਜਾਵੇਗੀ।

ਅਧਿਕਾਰੀ ਨੇ ਕਿਹਾ ਕਿ ਵੋਟਰ ਸੂਚੀਆਂ ਦੇ ਖਰੜੇ ਦੇ ਪ੍ਰਕਾਸ਼ਨ ਅਤੇ ਸੁਣਵਾਈ ਸ਼ੁਰੂ ਹੋਣ ਵਿਚਲਾ ਫ਼ਰਕ ਸੁਣਵਾਈ ਨੋਟਿਸਾਂ ਦਾ ਛਪਣਾ, ਸਬੰਧਤ ਵੋਟਰਾਂ ਨੂੰ ਨੋਟਿਸ ਭੇਜਣ ਅਤੇ ਚੋਣ ਕਮਿਸ਼ਨ ਦੇ ਡੇਟਾਬੇਸ ਉਤੇ ਉਨ੍ਹਾਂ ਦਾ ‘ਡਿਜੀਟਲ ਬੈਕਅਪ’ ਬਣਾਉਣ ਕਾਰਨ ਹੋਵੇਗਾ।

ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਇਲਾਵਾ ਜਿਨ੍ਹਾਂ ਵੋਟਰਾਂ ਦੇ ਨਾਂ ਪ੍ਰਕਾਸ਼ਿਤ ਵੋਟਰ ਸੂਚੀਆਂ ਵਿਚੋਂ ਹਟਾ ਦਿਤੇ ਗਏ ਹਨ ਅਤੇ ਜਿਨ੍ਹਾਂ ਨੇ ਇਸ ਸਬੰਧ ’ਚ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਹਨ, ਅਤੇ ਨਾਲ ਹੀ ਜਿਨ੍ਹਾਂ ਵੋਟਰਾਂ ਦੇ ਨਾਂ ਗਿਣਤੀ ਫਾਰਮਾਂ ’ਚ ਤਰਕਪੂਰਨ ਅੰਤਰ ਪਾਏ ਗਏ ਹਨ ਪਰ ਜਿਨ੍ਹਾਂ ਦੇ ਨਾਂ ਖਰੜਾ ਸੂਚੀ ’ਚ ਸ਼ਾਮਲ ਹਨ, ਉਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਜਾਵੇਗਾ।

ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਸੁਣਵਾਈ ਸੈਸ਼ਨ ਲਈ ਕਿੰਨੇ ਵੋਟਰਾਂ ਨੂੰ ਬੁਲਾਇਆ ਜਾਵੇਗਾ ਪਰ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਇਹ ਗਿਣਤੀ ਦੋ ਕਰੋੜ ਤਕ ਪਹੁੰਚ ਸਕਦੀ ਹੈ।

ਚੋਣ ਕਮਿਸ਼ਨ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੁਲ ਗਿਣਤੀ ਤੋਂ ਇਲਾਵਾ ਹਲਕੇ ਅਨੁਸਾਰ ਜਾਰੀ ਕੀਤੇ ਗਏ ਅੰਕੜਿਆਂ ਨੇ ਸੂਬੇ ’ਚ ਤਿੱਖੀ ਸਿਆਸੀ ਪ੍ਰਤੀਕਿਰਿਆ ਪੈਦਾ ਕੀਤੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭਵਾਨੀਪੁਰ ਹਲਕਾ ਸੱਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿਚੋਂ ਇਕ ਬਣ ਕੇ ਸਾਹਮਣੇ ਆਇਆ ਹੈ।

ਭਵਾਨੀਪੁਰ ’ਚ ਜਨਵਰੀ 2025 ’ਚ ਸੂਚੀਬੱਧ 2,06,295 ਵੋਟਰਾਂ ਵਿਚੋਂ 44,787 ਨਾਂ ਨੂੰ ਹਟਾ ਦਿਤਾ ਗਿਆ ਹੈ, ਜੋ ਕਿ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ (2,78,212 ਵੋਟਰਾਂ ਵਿਚੋਂ 10,599 ਨਾਮ) ਦੇ ਨੰਦੀਗ੍ਰਾਮ ਹਲਕੇ ’ਚ ਹਟਾਏ ਗਏ ਨਾਵਾਂ ਤੋਂ ਲਗਭਗ ਚਾਰ ਗੁਣਾ ਜ਼ਿਆਦਾ ਹੈ।

ਸੂਬੇ ਦੇ 294 ਵਿਧਾਨ ਸਭਾ ਹਲਕਿਆਂ ਵਿਚੋਂ ਸੱਭ ਤੋਂ ਵੱਧ ਗਿਣਤੀ ਉੱਤਰੀ ਕੋਲਕਾਤਾ ਦੇ ਚੌਰੰਗੀ ਤੋਂ ਹਟਾਉਣ ਦੀ ਖ਼ਬਰ ਮਿਲੀ ਹੈ, ਜਿਸ ਦੀ ਨੁਮਾਇੰਦਗੀ ਤ੍ਰਿਣਮੂਲ ਕਾਂਗਰਸ ਦੀ ਵਿਧਾਇਕ ਨਯਨਾ ਬੰਦੋਪਾਧਿਆਏ ਕਰ ਰਹੀ ਹੈ। ਇੱਥੇ 74,553 ਨਾਮ ਵੋਟਰ ਸੂਚੀ ’ਚੋਂ ਹਟਾ ਦਿਤੇ ਗਏ ਸਨ।

ਕੋਲਕਾਤਾ ਦੇ ਸੀਨੀਅਰ ਮੰਤਰੀ ਅਤੇ ਕੋਲਕਾਤਾ ਦੇ ਮੇਅਰ ਫਿਰਹਾਦ ਹਕੀਮ ਦੇ ਹਲਕੇ ਕੋਲਕਾਤਾ ਬੰਦਰਗਾਹ ਤੋਂ 63,730 ਨਾਮ ਹਟਾਏ ਗਏ ਹਨ। ਇਸ ਦੇ ਨਾਲ ਹੀ ਮੰਤਰੀ ਅਰੂਪ ਬਿਸਵਾਸ ਦੇ ਟਾਲੀਗੰਜ ਇਲਾਕੇ ’ਚ 35,309 ਨਾਵਾਂ ਨੂੰ ਹਟਾ ਦਿਤਾ ਗਿਆ।

ਇਸ ਤੋਂ ਇਲਾਵਾ ਸਿੱਖਿਆ ਮੰਤਰੀ ਬ੍ਰਤਿਆ ਬਾਸੂ ਦਾ ਦਮ ਦਮ (33,862 ਨਾਮ), ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਦਾ ਉੱਤਰ ਦਮ ਦਮ (33,912 ਨਾਮ) ਅਤੇ ਮੰਤਰੀ ਇੰਦਰਨੀਲ ਸੇਨ ਦੇ ਚੰਦਨਨਗਰ (25,478 ਨਾਮ) ਸ਼ਾਮਲ ਹਨ।

ਅੰਕੜਿਆਂ ਮੁਤਾਬਕ ਜ਼ਿਲ੍ਹਾ ਪੱਧਰ ਉਤੇ ਦਖਣੀ 24 ਪਰਗਨਾ ’ਚ ਸੱਭ ਤੋਂ ਵੱਧ 8,16,047 ਲੋਕਾਂ ਨੂੰ ਹਟਾਇਆ ਗਿਆ।

ਹਟਾਏ ਗਏ ਨਾਵਾਂ ਦੀ ਸੂਚੀ ਇਕ ਵੱਖਰੇ ਪੋਰਟਲ ਰਾਹੀਂ ਉਪਲਬਧ ਹੈ, ਜਿਸ ਤੋਂ ਵੋਟਰ ਜਾਂਚ ਕਰ ਸਕਦੇ ਹਨ ਕਿ ਉਨ੍ਹਾਂ ਦੇ ਜਾਂ ਪਰਵਾਰ ਦੇ ਮੈਂਬਰਾਂ ਦੇ ਨਾਮ ਹਟਾਏ ਗਏ ਹਨ ਜਾਂ ਨਹੀਂ ਅਤੇ ਕਿਸ ਸ਼੍ਰੇਣੀ ਦੇ ਅਧੀਨ ਹਨ। (ਪੀਟੀਆਈ)