ਨੇਤਾਵਾਂ ਦੀ ਬਿਮਾਰੀ ਤੋਂ ਭਾਜਪਾ ਪਰੇਸ਼ਾਨ, ਅਮਿਤ ਸ਼ਾਹ ਤੋਂ ਬਾਅਦ ਰਾਮਲਾਲ ਵੀ ਹੋਏ ਬਿਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਦੇ ਪਾਰਟੀ ਨੇਤਾਵਾਂ ਲਈ ਦਿਨ ਚੰਗੇ ਨਹੀਂ ਚਲ ਰਹੇ ਹਨ।

BJP General Secretary Ram Lal

ਨਵੀਂ ਦਿੱਲੀ : ਆਉਣ ਵਾਲੀਆਂ ਲੋਕਸਭਾ ਚੋਣਾਂ ਭਾਜਪਾ ਲਈ ਬਹੁਤ ਮਹੱਤਵਪੂਰਨ ਹਨ। ਪਾਰਟੀ ਨੇ ਇਸ ਦੇ ਲਈ ਵੱਡੇ ਪੱਧਰ 'ਤੇ ਰੈਲੀਆਂ ਕੱਢਣ ਦੀ ਯੋਜਨਾ ਵੀ ਤਿਆਰ ਕੀਤੀ ਹੈ, ਪਰ ਇਹਨਾਂ ਸਬੰਧੀ ਕੁਝ ਵੀ ਸਪਸ਼ਟ ਨਹੀਂ ਹੈ ਕਿਓਂਕਿ ਪਾਰਟੀ ਨੇਤਾਵਾਂ ਲਈ ਦਿਨ ਚੰਗੇ ਨਹੀਂ ਚਲ ਰਹੇ ਹਨ। ਉਹ ਸਿਹਤ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਭਾਜਪਾ ਦੇ ਰਾਸ਼ਟਰੀ ਮੁਖੀ ਅਮਿਤ ਸ਼ਾਹ ਨੂੰ ਸਵਾਈਨ ਫਲੂ ਹੋਇਆ ਹੈ ਜਿਸ ਕਾਰਨ ਉਹਨਾਂ ਨੂੰ ਏਮਸ ਵਿਚ ਭਰਤੀ ਕਰਵਾਇਆ ਗਿਆ ਹੈ।

ਮਾਹਰ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ। ਪ੍ਰੋਟੋਕਾਲ ਅਤੇ ਬਿਮਾਰੀ ਕਾਰਨ ਉਹਨਾਂ ਨੂੰ ਵੱਖਰੇ ਤੌਰ 'ਤੇ ਰੱਖਿਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਵੀ ਠੀਕ ਨਹੀਂ ਹੈ। ਜੇਤਲੀ ਦੀ ਸਿਹਤ ਸਬੰਧੀ ਅਧਿਕਾਰਕ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਉਹ ਅਪਣਾ ਇਲਾਜ ਅਮਰੀਕਾ ਵਿਚ ਕਰਵਾ ਰਹੇ ਹਨ।  ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪ੍ਰਸਾਦ ਨੂੰ ਸਾਹ ਨਲੀ ਵਿਚ ਮੁਸ਼ਕਲ ਹੋਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਉਹਨਾਂ ਦੀ ਹਾਲਤ ਹੁਣ ਸਥਿਰ ਹੈ। ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਬੀਤੇ 11 ਮਹੀਨਿਆਂ ਤੋਂ ਬਿਮਾਰ ਚਲ ਰਹੇ ਹਨ। ਸਾਲ 2018 ਦੀਆਂ ਸ਼ੁਰੂਆਤੀ ਤਿੰਨ ਮਹੀਨੇ ਅਮਰੀਕਾ ਵਿਚ ਇਲਾਜ ਕਰਾਉਣ ਤੋਂ ਬਾਅਦ ਉਹਨਾਂ ਦਾ ਇਲਾਜ ਏਮਸ ਵਿਚ ਇਲਾਜ ਚਲਿਆ। 16 ਦਸੰਬਰ ਨੂੰ ਉਹਨਾਂ ਨੂੰ ਏਮਸ ਤੋਂ ਛੁੱਟੀ ਮਿਲੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸਿਹਤ ਠੀਕ ਨਾ ਹੋਣ ਕਾਰਨ 2019 ਵਿਚ ਲੋਕਸਭਾ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਹੈ।

ਮੀਡੀਆ ਰੀਪੋਰਟਾਂ ਮੁਤਾਬਕ ਉਹਨਾਂ ਦੀ ਕਿਡਨੀ ਫੇਲ੍ਹ ਹੋ ਗਈ ਸੀ। ਜਿਸ ਤੋਂ ਬਾਅਦ ਉਹਨਾਂ ਦੀ ਕਿਡਨੀ ਦਾ ਆਪ੍ਰੇਸ਼ਨ ਹੋਇਆ ਹੈ। ਕੇਂਦਰੀ ਸੜਕ ਆਵਾਜਾਈ ਮੰਤਰੀ ਨੀਤਿਨ ਗਡਕਰੀ ਵੀ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਹਨ। ਕੁਝ ਸਮਾਂ ਪਹਿਲਾਂ ਇਕ ਸਮਾਗਮ ਦੌਰਾਨ ਉਹ ਬੇਹੋਸ਼ ਹੋ ਗਏ ਸਨ। ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਲਾਲ ਨੂੰ ਨੌਇਡਾ ਦੇ ਕੈਲਾਸ਼ ਹਸਪਤਾਲ ਵਿਖੇ ਤੇਜ਼ ਬੁਖਾਰ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।