ਬਿਹਾਰ 'ਚ ਸਿੱਖ ਸ਼ਰਧਾਲੂਆਂ 'ਤੇ ਹਮਲਾ, ਕੁੱਟਮਾਰ ‘ਚ 6 ਸ਼ਰਧਾਲੂ ਹੋਏ ਜ਼ਖਮੀ 

ਏਜੰਸੀ

ਖ਼ਬਰਾਂ, ਰਾਸ਼ਟਰੀ

4 ਲੋਕ ਗ੍ਰਿਫ਼ਾਤਰ ਕਰ ਲਏ ਗਏ ਹਨ ਅਤੇ ਦੋਸ਼ੀਆਂ ਨੂੰ ਸਜ਼ਾ ਦਵਾ ਕੇ ਰਹਾਂਗੇ - ਮਨਜਿੰਦਰ ਸਿਰਸਾ 

Bihar: Extortion attack on Sikh pilgrims

 

ਪਟਨਾ - ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਗਏ ਸਿੱਖ ਸ਼ਰਧਾਲੂਆਂ 'ਤੇ ਪੰਜਾਬ ਪਰਤਦੇ ਸਮੇਂ ਭੋਜਪੁਰ ਜ਼ਿਲ੍ਹੇ ਦੇ ਆਰਾ-ਸਾਸਾਰਾਮ ਰਾਜ ਮਾਰਗ 'ਤੇ ਚਾਰਪੋਖੜੀ ਨੇੜੇ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਪੱਥਰਬਾਜ਼ੀ ਵਿਚ ਅੱਧੀ ਦਰਜਨ ਸਿੱਖ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪਹੁੰਚੀ ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਚਾਰਪੋਖਰੀ ਪੀ.ਐਚ.ਸੀ. 'ਚ ਕੀਤਾ ਜਾ ਰਿਹਾ ਹੈ।
ਘਟਨਾ ਤੋਂ ਬਾਅਦ ਡੀਐਸਪੀ ਰਾਹੁਲ ਸਿੰਘ ਦੀ ਅਗਵਾਈ ਹੇਠ ਕਈ ਥਾਣਿਆਂ ਦੀ ਪੁਲਿਸ ਟੀਮ ਉਥੇ ਪੁੱਜ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹਮਲੇ 'ਚ ਜ਼ਖਮੀ ਹੋਏ ਸਾਰੇ ਲੋਕ ਪੰਜਾਬ ਦੇ ਸ਼ਹਿਰ ਮੁਹਾਲੀ ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਘਟਨਾ ਸਬੰਧੀ ਜ਼ਖਮੀ ਹੋਏ ਤਜਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਸ਼ਰਧਾਲੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਲਈ ਪਟਨਾ ਆਏ ਹੋਏ ਸਨ।ਤਿਉਹਾਰ ਦੀ ਸਮਾਪਤੀ ਤੋਂ ਬਾਅਦ 60 ਲੋਕ ਪਟਨਾ ਤੋਂ ਟਰੱਕ 'ਤੇ ਸਵਾਰ ਹੋ ਕੇ ਪੰਜਾਬ ਵਾਪਸ ਆ ਰਹੇ ਸਨ, ਟਰੱਕ 'ਚ ਕੁੱਲ 20 ਔਰਤਾਂ ਅਤੇ 40 ਪੁਰਸ਼ ਸਵਾਰ ਸਨ। ਇਸੇ ਦੌਰਾਨ ਚਾਰਪੋਖਰੀ ਥਾਣਾ ਖੇਤਰ ਦੇ ਪਿੰਡ ਧਿਆਨ ਟੋਲਾ ਨੇੜੇ ਕੁਝ ਨੌਜਵਾਨਾਂ ਨੇ ਉਹਨਾਂ ਦੇ ਟਰੱਕ ਨੂੰ ਰੋਕ ਲਿਆ ਜਿੱਥੇ ਤਿੰਨ-ਚਾਰ ਦਰਜਨ ਵਿਅਕਤੀ ਮੌਜੂਦ ਸਨ।

ਜਿਸ ਤੋਂ ਬਾਅਦ ਉਨ੍ਹਾਂ ਨੇ 'ਯੱਗ' ਦੇ ਨਾਂ 'ਤੇ ਟਰੱਕ ਦੇ ਡਰਾਈਵਰ ਤੋਂ ਚੰਦਾ ਮੰਗਣਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਜਦੋਂ ਸ਼ਰਧਾਲੂਆਂ ਨੇ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਵੱਲੋਂ ਟਰੱਕ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਹਮਲੇ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਵੀ ਟਵੀਟ ਕੀਤਾ ਹੈ ਜਿਸ ਵਿਚ ਉਹਨਾਂ ਨੇ ਮੁਹਾਲੀ ਦੀਆਂ ਸੰਗਤਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਵਾਉਣਗੇ ਹਾਲਾਂਕਿ ਹੁਣ ਤੱਕ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਵੀ ਜਾਰੀ ਹੈ।