Odisha cement factory collapses: ਓਡੀਸ਼ਾ ਸੀਮਿੰਟ ਫ਼ੈਕਟਰੀ ’ਚ ਵਾਪਰਿਆ ਵੱਡਾ ਹਾਦਸਾ, ਲੋਹੇ ਦਾ ਢਾਂਚਾ ਡਿਗਿਆ, ਕਈ ਮਜ਼ਦੂਰ ਫਸੇ
Odisha cement factory collapses: ਕਰੇਨ ਦੀ ਮਦਦ ਨਾਲ ਮਲਬੇ ਨੂੰ ਹਟਾਇਆ ਜਾ ਰਿਹੈ, ਮਜ਼ਦੂਰਾਂ ਨੇ ਫ਼ੈਕਟਰੀ ਪ੍ਰਬੰਧਕਾਂ ’ਤੇ ਲਾਏ ਲਾਪਰਵਾਹੀ ਦੇ ਦੋਸ਼
Odisha cement factory collapses: ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲੇ੍ਹ ਦੇ ਰਾਜਗੰਗਪੁਰ ’ਚ ਵੀਰਵਾਰ ਨੂੰ ਇਕ ਸੀਮਿੰਟ ਫ਼ੈਕਟਰੀ ਦੇ ਅੰਦਰ ਲੋਹੇ ਦਾ ਵੱਡਾ ਢਾਂਚਾ ਢਹਿ ਜਾਣ ਕਾਰਨ ਕਈ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਫ਼ੈਕਟਰੀ ਨੇੜੇ 12 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਦਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਲਬਾ ਹਟਾਉਣ ’ਚ ਮਦਦ ਕੀਤੀ।
ਇਹ ਹਾਦਸਾ ਡਾਲਮੀਆ ਸੀਮਿੰਟ ਫ਼ੈਕਟਰੀ ਵਿਚ ਵਾਪਰਿਆ। ਅੱਗ ਬੁਝਾਊ ਵਿਭਾਗ ਅਤੇ ਬਚਾਅ ਦਲ ਹਾਦਸੇ ਵਾਲੀ ਥਾਂ ’ਤੇ ਮੌਜੂਦ ਹਨ। ਮਲਬੇ ਨੂੰ ਹਟਾਉਣ ਅਤੇ ਬਚਾਅ ਕਰਮਚਾਰੀਆਂ ਲਈ ਅਰਥ ਮੂਵਰ ਅਤੇ ਹੋਰ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਰਾਜਗੰਗਪੁਰ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਐਮ. ਪ੍ਰਧਾਨ ਨੇ ਦਸਿਆ, “ਵੱਡਾ ਲੋਹੇ ਦਾ ਢਾਂਚਾ ‘ਕੋਇਲਾ ਹੌਪਰ’ ਅਚਾਨਕ ਹੇਠਾਂ ਡਿੱਗ ਗਿਆ। ਅਸੀਂ ਇਸ ਸਮੇਂ ਮੌਕੇ ’ਤੇ ਹਾਂ। ਕਰੇਨ ਦੀ ਮਦਦ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਅਜੇ ਤਕ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪਰ, ਸਾਨੂੰ ਸ਼ੱਕ ਹੈ ਕਿ ਮਲਬੇ ਦੇ ਅੰਦਰ ਕੁਝ ਕਰਮਚਾਰੀ ਫਸ ਹੋ ਸਕਦੇ ਹਨ।
ਇਸ ਹਾਦਸੇ ਤੋਂ ਬਾਅਦ ਫ਼ੈਕਟਰੀ ਦੇ ਮੇਨ ਗੇਟ ’ਤੇ ਕਾਫ਼ੀ ਮਜ਼ਦੂਰ ਇਕੱਠੇ ਹੋ ਗਏ। ਇਸ ਹਾਦਸੇ ਨੂੰ ਲੈ ਕੇ ਮਜ਼ਦੂਰਾਂ ਵਿਚ ਭਾਰੀ ਰੋਸ ਹੈ। ਮਜ਼ਦੂਰਾਂ ਦਾ ਦੋਸ਼ ਹੈ ਕਿ ਇਹ ਹਾਦਸਾ ਫ਼ੈਕਟਰੀ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ੈਕਟਰੀ ਵਿਚ ਸੁਰੱਖਿਆ ਮਾਪਦੰਡਾਂ ਵੱਲ ਕਈ ਵਾਰ ਪ੍ਰਬੰਧਕਾਂ ਦਾ ਧਿਆਨ ਦਿਵਾਇਆ। ਕੋਲਾ ਹਾਪਰ ਦੀ ਜਾਂਚ ਲਈ ਪ੍ਰਬੰਧਕਾਂ ਨੂੰ ਬੇਨਤੀ ਵੀ ਕੀਤੀ ਗਈ ਸੀ ਪਰ ਇਨ੍ਹਾਂ ਸੁਝਾਵਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ।