ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟੇਲ ਨਗਰ ਤੋਂ 'ਆਪ' ਉਮੀਦਵਾਰ ਪ੍ਰਵੇਸ਼ ਰਤਨ ਲਈ ਕੀਤਾ ਰੋਡ ਸ਼ੋਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਫਰਤ ਦੀ ਰਾਜਨੀਤੀ ਨੂੰ ਰੱਦ ਕਰੋ, 'ਆਪ' ਕੰਮ ਦੀ ਰਾਜਨੀਤੀ ਕਰਨ ਆਈ ਹੈ: ਮਾਨ

Punjab Chief Minister Bhagwant Mann holds roadshow for AAP candidate Pravesh Ratan from Patel Nagar

ਦਿੱਲੀ/ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ  ਪਟੇਲ ਨਗਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਪ੍ਰਵੇਸ਼ ਰਤਨ ਦੇ ਸਮਰਥਨ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ। ਰੋਡ ਸ਼ੋਅ ਵਿੱਚ ਲੋਕਾਂ ਦੀ ਭਾਰੀ ਭੀੜ ਇਕਠੀ ਹੋਈ, ਜੋ ਪਟੇਲ ਨਗਰ ਦੇ ਲੋਕਾਂ ਦੇ 'ਆਪ' ਪ੍ਰਤੀ ਸਮਰਥਨ ਨੂੰ ਦਰਸਾਉਂਦੀ ਹੈ।

 

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਘੇ ਸਵਾਗਤ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ, "ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਲਈ ਤਹਿ ਦਿਲੋਂ ਧੰਨਵਾਦੀ ਹਾਂ। ਜਦੋਂ ਵੀ ਮੈਂ ਪਟੇਲ ਨਗਰ ਆਉਂਦਾ ਹਾਂ, ਤੁਸੀਂ ਹਮੇਸ਼ਾ ਮੇਰਾ ਉਤਸ਼ਾਹ ਨਾਲ ਸਵਾਗਤ ਕਰਦੇ ਹੋ। ਇਸ ਵਾਰ ਵੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ 5 ਫਰਵਰੀ ਨੂੰ ਆਪਣਾ ਹੀ ਰਿਕਾਰਡ ਤੋੜੋਗੇ।"

ਭਗਵੰਤ ਮਾਨ ਨੇ 'ਆਪ' ਦੀ ਇਮਾਨਦਾਰ ਅਤੇ ਲੋਕ-ਕੇਂਦਰਿਤ ਰਾਜਨੀਤੀ ਲਈ ਪ੍ਰਚਾਰ ਕਰਨ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ। 'ਆਪ' ਨੇਤਾ ਅਰਵਿੰਦ ਕੇਜਰੀਵਾਲ ਦੇ ਮੁੱਲਾਂ ਨੂੰ ਉਜਾਗਰ ਕਰਦੇ ਹੋਏ, ਮਾਨ ਨੇ ਕਿਹਾ, "ਅਰਵਿੰਦ ਕੇਜਰੀਵਾਲ ਨੇ ਇਮਾਨਦਾਰ ਰਾਜਨੀਤੀ ਰਾਹੀਂ ਦੇਸ਼ ਦੀ ਸੇਵਾ ਕਰਨ ਲਈ ਬਤੌਰ ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਛੱਡ ਦਿੱਤੀ। ਉਨ੍ਹਾਂ ਦੀ ਇਮਾਨਦਾਰੀ ਰਵਾਇਤੀ ਪਾਰਟੀਆਂ ਲਈ ਖ਼ਤਰਾ ਹੈ ਜੋ ਲੋਕਾਂ ਦੀ ਭਲਾਈ ਨਾਲੋਂ ਆਪਣੀ ਸ਼ਕਤੀ ਨੂੰ ਤਰਜੀਹ ਦਿੰਦੀਆਂ ਹਨ। ਇਸੇ ਤਰ੍ਹਾਂ ਜਦੋਂ ਮੈਂ ਕਾਮੇਡੀ ਕਿੰਗ ਸੀ ਤਾਂ ਉਨ੍ਹਾਂ ਨੇ ਮੇਰੀ ਤਾਰੀਫ਼ ਕੀਤੀ ਪਰ ਹੁਣ ਉਹ ਮੇਰੇ ਤੋਂ ਡਰਦੇ ਹਨ ਕਿਉਂਕਿ ਮੈਂ ਉਨ੍ਹਾਂ ਦੇ ਭ੍ਰਿਸ਼ਟ ਕੰਮਾਂ ਨੂੰ ਚੁਣੌਤੀ ਦਿੰਦਾ ਹਾਂ।

ਮੁੱਖ ਮੰਤਰੀ ਨੇ ਪੰਜਾਬ ਵਿੱਚ 'ਆਪ' ਦੇ ਸ਼ਾਸਨ ਮਾਡਲ ਨੂੰ ਆਪਣੇ ਵਾਅਦਿਆਂ ਦੇ ਪ੍ਰਮਾਣ ਵਜੋਂ ਵੀ ਉਜਾਗਰ ਕੀਤਾ ਅਤੇ ਕਿਹਾ ਕਿ ਹੁਣ ਪੰਜਾਬ ਦੇ 90% ਘਰਾਂ ਦੇ ਬਿਜਲੀ ਦੇ ਬਿਲ ਜੀਰੋ ਆ ਰਹੇ ਹਨ, ਸਾਡੀ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਅਸੀਂ ਸਰਕਾਰੀ ਸਕੂਲਾਂ ਨੂੰ ਸੁਧਾਰ ਰਹੇ ਹਾਂ। ਮਾਨ ਨੇ ਕਿਹਾ ਕਿ ਪੰਜਾਬ ਵਿੱਚ 'ਆਪ' ਸਰਕਾਰ ਨੇ ਐਸਐਸਐਫ (ਸੜਕ ਸੁਰਖਿਆ ਫੋਰਸ) ਨਾਮਕ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਜਿਸ ਨੇ ਇਕ ਸਾਲ ਵਿੱਚ 1,500 ਤੋਂ ਵੱਧ ਜਾਨਾਂ ਬਚਾਈਆਂ ਹਨ। ਮਾਨ ਨੇ ਕਿਹਾ, "ਅਜਿਹੀਆਂ ਪਹਿਲਕਦਮੀਆਂ ਸਾਡੇ ਸਾਫ਼ ਇਰਾਦਿਆਂ ਨੂੰ ਦਰਸਾਉਂਦੀਆਂ ਹਨ। ਅਸੀਂ ਰਾਜਨੀਤੀ ਵਿੱਚ ਸੇਵਾ ਕਰਨ ਲਈ ਆਏ ਹਾਂ, ਪੈਸਾ ਕਮਾਉਣ ਲਈ ਨਹੀਂ।"

ਵਿਰੋਧੀ ਪਾਰਟੀਆਂ 'ਤੇ ਹਮਲਾ ਬੋਲਦੇ  ਹੋਏ ਮਾਨ ਨੇ ਕਿਹਾ, "ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਰਕਰਾਰ ਰੱਖੇਗੀ। ਭਾਜਪਾ ਝੂਠ ਫੈਲਾ ਰਹੀ ਹੈ, ਪਰ ਲੋਕ ਸੱਚ ਜਾਣਦੇ ਹਨ। 5 ਫਰਵਰੀ ਨੂੰ ਇਮਾਨਦਾਰ ਅਤੇ ਪ੍ਰਗਤੀਸ਼ੀਲ ਸ਼ਾਸਨ ਯਕੀਨੀ ਬਣਾਉਣ ਲਈ ਸਿਰਫ਼ 'ਆਪ' ਨੂੰ ਵੋਟ ਦਿਓ।"

ਮੁੱਖ ਮੰਤਰੀ ਨੇ ਭਾਰਤ ਦੀ ਵਿਭਿੰਨਤਾ ਦੀ ਸੁੰਦਰਤਾ 'ਤੇ ਜ਼ੋਰ ਦਿੱਤਾ ਅਤੇ ਲੋਕਾਂ ਨੂੰ ਨਫ਼ਰਤ ਦੀ ਵੰਡਣ ਵਾਲੀ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਆਪ ਕੰਮ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੀ ਹੈ, ਨਫ਼ਰਤ ਵਿੱਚ ਨਹੀਂ। 5 ਫਰਵਰੀ ਨੂੰ ਸਿਰਫ਼ ਝਾੜੂ ਦਾ ਬਟਨ ਦਬਾਓ।ਪਟੇਲ ਨਗਰ ਤੋਂ 'ਆਪ' ਉਮੀਦਵਾਰ ਪ੍ਰਵੇਸ਼ ਰਤਨ ਨੇ ਲੋਕਾਂ ਦੇ ਸਮਰਥਨ 'ਤੇ ਭਰੋਸਾ ਪ੍ਰਗਟ ਕੀਤਾ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਨ੍ਹਾਂ ਲਈ ਪ੍ਰਚਾਰ ਕਰਨ ਲਈ ਵੀ ਧੰਨਵਾਦ  ਕੀਤਾ।