Rahul Gandhi visit Delhi AIIMS: ਰਾਹੁਲ ਗਾਂਧੀ ਅਚਾਨਕ ਪਹੁੰਚੇ ਏਮਜ਼, ਠੰਢ ’ਚ ਫੁੱਟਪਾਥ ’ਤੇ ਸੌਂ ਰਹੇ ਲੋਕਾਂ ਲਈ ਵਧਾਇਆ ਮਦਦ ਦਾ ਹੱਥ 

ਏਜੰਸੀ

ਖ਼ਬਰਾਂ, ਰਾਸ਼ਟਰੀ

Rahul Gandhi visit Delhi AIIMS: ਰਾਹੁਲ ਗਾਂਧੀ ਨੇ ਮਰੀਜ਼ਾਂ ਦਾ ਹਾਲ-ਚਾਲ ਪੁਛਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ

Rahul Gandhi visit Delhi AIIMS

 

Rahul Gandhi visit Delhi AIIMS: ਕਾਂਗਰਸ ਨੇਤਾ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀਰਵਾਰ ਦੇਰ ਰਾਤ ਅਚਾਨਕ ਦਿੱਲੀ ਏਮਜ਼ ਪਹੁੰਚੇ ਅਤੇ ਇਲਾਜ ਲਈ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਉਨ੍ਹਾਂ ਦਾ ਹਾਲ-ਚਾਲ ਪੁਛਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਮਰੀਜ਼ਾਂ ਦੀ ਮਦਦ ਲਈ ਵੀ ਹੱਥ ਵਧਾਇਆ। ਇਸ ਸਬੰਧੀ ਇਕ ਵੀਡੀਉ ਸਾਹਮਣੇ ਆਈ ਹੈ।

ਕਾਂਗਰਸ ਨੇ ਅਪਣੇ ਅਧਿਕਾਰਤ ਐਕਸ ਹੈਂਡਲ ’ਤੇ ਰਾਹੁਲ ਗਾਂਧੀ ਦੇ ਏਮਜ਼ ਦੌਰੇ ਦਾ ਵੀਡੀਉ ਸ਼ੇਅਰ ਕੀਤਾ ਹੈ। ਇਸ ਵੀਡੀਉ ’ਚ ਰਾਏਬਰੇਲੀ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਅੱਤ ਦੀ ਠੰਢ ’ਚ ਫੁੱਟਪਾਥ ’ਤੇ ਸੌਂ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਾਂਗਰਸੀ ਆਗੂ ਨੇ ਲੋਕਾਂ ਨੂੰ ਪੁਛਿਆ- ਤੁਹਾਡੀ ਸਮੱਸਿਆ ਕੀ ਹੈ? ਇਸ ’ਤੇ ਪ੍ਰਵਾਰਕ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਅਪਣੀ ਸਮੱਸਿਆ ਦੱਸੀ।

ਕਾਂਗਰਸ ਨੇ ਵੀਡੀਉ ਸ਼ੇਅਰ ਕਰਦੇ ਹੋਏ ਕਿਹਾ ਕਿ ਇਲਾਜ ਲਈ ਮਹੀਨਿਆਂ ਦਾ ਇੰਤਜ਼ਾਰ, ਅਸੁਵਿਧਾ ਅਤੇ ਸਰਕਾਰ ਦੀ ਅਸੰਵੇਦਨਸ਼ੀਲਤਾ - ਇਹ ਅੱਜ ਦਿੱਲੀ ਏਮਜ਼ ਦੀ ਅਸਲੀਅਤ ਹੈ। ਹਾਲਾਤ ਇਹ ਹਨ ਕਿ ਦੂਰ-ਦੁਰਾਡੇ ਤੋਂ ਅਪਣੇ ਪਿਆਰਿਆਂ ਦੀਆਂ ਬੀਮਾਰੀਆਂ ਦਾ ਬੋਝ ਝੱਲ ਕੇ ਆਉਣ ਵਾਲੇ ਲੋਕ ਇਸ ਕੜਾਕੇ ਦੀ ਠੰਡ ’ਚ ਫੁੱਟਪਾਥਾਂ ਅਤੇ ਸਬਵੇਅ ’ਤੇ ਸੌਣ ਲਈ ਮਜਬੂਰ ਹਨ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਲਾਜ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਮਿਲੇ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪਾਰਟੀ ਨੇ ਅੱਗੇ ਲਿਖਿਆ, ‘ਰਾਹੁਲ ਤੁਹਾਡੇ ਹਨ’।

ਮਰੀਜ਼ ਦੇ ਪਰਵਾਰ ਵਾਲਿਆਂ ਨੇ ਰਾਹੁਲ ਗਾਂਧੀ ਨੂੰ ਦਸਿਆ ਕਿ ਉਨ੍ਹਾਂ ਦੀ ਬੇਟੀ ਦੀ ਜਾਂਚ ਹੋ ਚੁਕੀ ਹੈ ਅਤੇ ਹੁਣ ਡਾਕਟਰ ਦੇਖਣਗੇ। ਇਕ ਮਹੀਨਾ ਹੋ ਗਿਆ ਹੈ। ਪਹਿਲਾਂ ਵੀ ਆਏ ਸਨ। ਇਕ ਹੋਰ ਮਰੀਜ਼ ਨੇ ਦਸਿਆ ਕਿ ਅਜੇ ਅਪਰੇਸ਼ਨ ਦੀ ਤਰੀਕ ਨਹੀਂ ਮਿਲੀ ਹੈ। ਇਸ ’ਤੇ ਰਾਹੁਲ ਗਾਂਧੀ ਨੇ ਪੁਛਿਆ, ‘ਕੀ ਇਸ ਦੀ ਮਦਦ ਕੀਤੀ ਜਾ ਸਕਦੀ ਹੈ? ਤਾਂ ਟੀਮ ਨੇ ਜਵਾਬ ਦਿਤਾ ਹਾਂ।’