ED ਨੇ ਅਲ ਫਲਾਹ ਯੂਨੀਵਰਸਿਟੀ ਦੇ 140 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਤੇ ਟਰੱਸਟ ਖ਼ਿਲਾਫ਼ ਚਾਰਜਸ਼ੀਟ ਕੀਤੀ ਦਾਖਲ

ED attaches property worth Rs 140 crore of Al Falah University

ਨਵੀਂ ਦਿੱਲੀ : ਲਾਲ ਕਿਲ੍ਹਾ ਇਲਾਕੇ ’ਚ 10 ਨਵੰਬਰ ਨੂੰ ਹੋਏ ਧਮਾਕੇ ਮਗਰੋਂ ਸੁਰੱਖਿਆ ਏਜੰਸੀਆਂ ਦੀ ਰਡਾਰ ’ਤੇ ਆਈ ਹਰਿਆਣਾ ਆਧਾਰਿਤ ਅਲ ਫਲਾਹ ਯੂਨੀਵਰਸਿਟੀ ਦੇ ਕਰੀਬ 140 ਕਰੋੜ ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ।  ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਜ਼ਬਤ ਕਰ ਲਏ ਹਨ। ਈ ਡੀ ਨੇ ਅਲ ਫ਼ਲਾਹ ਗਰੁੱਪ ਦੇ ਚੇਅਰਮੈਨ ਜਾਵੇਦ ਅਹਿਮਦ ਸਿੱਦੀਕੀ ਅਤੇ ਉਸ ਦੇ ਟਰੱਸਟ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਫਰੀਦਾਬਾਦ ਦੇ ਧੌਜ ਇਲਾਕੇ ’ਚ 54 ਏਕੜ ਜ਼ਮੀਨ ਅਤੇ ਵੱਖ-ਵੱਖ ਸਕੂਲਾਂ ਤੇ ਵਿਭਾਗਾਂ ਨਾਲ ਸਬੰਧਤ ਯੂਨੀਵਰਸਿਟੀ ਦੀਆਂ ਇਮਾਰਤਾਂ ਅਤੇ ਹੋਸਟਲਾਂ ਨੂੰ ਕੁਰਕ ਕੀਤਾ ਗਿਆ ਹੈ। ਸਿੱਦੀਕੀ ਨੂੰ ਈ ਡੀ ਨੇ ਨਵੰਬਰ ’ਚ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਭ੍ਰਿਸ਼ਟਾਚਾਰ ਰੋਕੂ ਐਕਟ ਦੀ ਵਿਸ਼ੇਸ਼ ਅਦਾਲਤ ’ਚ ਸਿੱਦੀਕੀ ਅਤੇ ਅਲ ਫ਼ਲਾਹ ਟਰੱਸਟ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੰਪਤੀ ਕੁਰਕ ਹੋਣ ਕਾਰਨ ਸਰਕਾਰ ਯੂਨੀਵਰਸਿਟੀ ਕੈਂਪਸ ਦਾ ਕੰਮਕਾਰ ਚਲਾਉਣ ਲਈ ਰਿਸੀਵਰ ਨਿਯੁਕਤ ਕਰ ਸਕਦੀ ਹੈ । ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋਵੇਗਾ। ਕੌਮੀ ਜਾਂਚ ਏਜੰਸੀ ਅਤੇ ਜੰਮੂ ਕਸ਼ਮੀਰ ਪੁਲੀਸ ਦੀ ਜਾਂਚ ਦੌਰਾਨ ਯੂਨੀਵਰਸਿਟੀ ਦਾ ਨਾਮ ਸਾਹਮਣੇ ਆਇਆ ਸੀ ਜਿਸ ’ਚ ਤਿੰਨ ਡਾਕਟਰਾਂ ਸਮੇਤ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।