ਲੋਕ ਦੂਸ਼ਿਤ ਪਾਣੀ ਪੀ ਕੇ ਮਰ ਰਹੇ ਹਨ: ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਦੌਰ 'ਚ ਹੋਈਆਂ ਮੌਤਾਂ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

People are dying after drinking contaminated water: Rahul Gandhi

ਇੰਦੌਰ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੇਸ਼ ਦੇ ਸੱਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ ’ਚ ਦੂਸ਼ਿਤ ਪੀਣ ਵਾਲੇ ਪਾਣੀ ਕਾਰਨ ਹੋਈਆਂ ਮੌਤਾਂ ਲਈ ਸਰਕਾਰ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਕਥਿਤ ਸ਼ਹਿਰੀ ਮਾਡਲ ਉਤੇ ਸਵਾਲ ਵੀ ਚੁਕੇ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇੰਦੌਰ ਦੇ ਭਗੀਰਥਪੁਰਾ ’ਚ ਪਾਣੀ ਦੇ ਦੂਸ਼ਿਤ ਹੋਣ ਨਾਲ ਜੁੜੇ ਉਲਟੀਆਂ ਅਤੇ ਦਸਤ ਨਾਲ ਪ੍ਰਭਾਵਤ ਮਰੀਜ਼ਾਂ ਅਤੇ ਪਰਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਸਾਫ਼ ਪਾਣੀ ਜਨਤਕ ਅਧਿਕਾਰ ਹੈ।

ਭਗੀਰਥਪੁਰਾ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਮਹੀਨੇ ਇਲਾਕੇ ਵਿਚ ਉਲਟੀਆਂ ਅਤੇ ਦਸਤ ਫੈਲਣ ਨਾਲ ਹੁਣ ਤਕ 24 ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਮੱਧ ਪ੍ਰਦੇਸ਼ ਹਾਈ ਕੋਰਟ ’ਚ ਅਪਣੀ ਸਟੇਟਸ ਰੀਪੋਰਟ ’ਚ ਮ੍ਰਿਤਕਾਂ ਦੀ ਗਿਣਤੀ ਸੱਤ ਦੱਸੀ ਹੈ, ਜਿਨ੍ਹਾਂ ’ਚ ਇਕ ਪੰਜ ਮਹੀਨੇ ਦਾ ਬੱਚਾ ਵੀ ਸ਼ਾਮਲ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਉਤੇ  ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇੰਦੌਰ ਇਕ ਅਜਿਹੀ ਨਵੀਂ ਮਾਡਲ ਸਮਾਰਟ ਸਿਟੀ ਹੈ, ਜਿਸ ਵਿਚ ਪੀਣ ਵਾਲਾ ਸਾਫ਼ ਪਾਣੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ।

ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀਤੂ ਪਟਵਾਰੀ ਅਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘ ਦੇ ਨਾਲ ਰਾਹੁਲ ਗਾਂਧੀ ਨੇ ਬੰਬੇ ਹਸਪਤਾਲ ’ਚ ਇਲਾਜ ਕਰਵਾ ਰਹੇ ਚਾਰ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛ-ਪੜਤਾਲ ਕੀਤੀ ਅਤੇ ਉਨ੍ਹਾਂ ਦੇ ਪਰਵਾਰਕ ਜੀਆਂ ਨਾਲ ਗੱਲਬਾਤ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਭਗੀਰਥਪੁਰਾ ਇਲਾਕੇ ਦਾ ਦੌਰਾ ਕੀਤਾ, ਜਿੱਥੇ ਪਿਛਲੇ ਮਹੀਨੇ ਇਸ ਵਾਇਰਸ ਦੀ ਖ਼ਬਰ ਮਿਲੀ ਸੀ ਅਤੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪੀੜਤਾਂ ਦੇ ਪਰਵਾਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਅਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਪਰ ਸਰਕਾਰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਰਹੀ।’’

ਸ਼ਹਿਰੀ ਮਾਡਲ ਉਤੇ  ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਇੰਦੌਰ ਵਿਚ ਲੋਕ ਦੂਸ਼ਿਤ ਪਾਣੀ ਪੀਣ ਨਾਲ ਮਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਸਾਫ਼ ਸਪਲਾਈ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ, ‘‘ਇਹ ਸ਼ਹਿਰੀ ਮਾਡਲ ਹੈ। ਇਹ ਸਿਰਫ਼ ਇੰਦੌਰ ਦੀ ਗੱਲ ਨਹੀਂ ਹੈ। ਇਹ ਦੇਸ਼ ਭਰ ਦੇ ਸ਼ਹਿਰਾਂ ਵਿਚ ਹੋ ਰਿਹਾ ਹੈ।’’

ਰਾਹੁਲ ਗਾਂਧੀ ਨੇ ਕਿਹਾ ਕਿ ਇੰਦੌਰ ’ਚ ਪੀਣ ਵਾਲੇ ਪਾਣੀ ਦੀ ਹਾਦਸੇ ਲਈ ਸਰਕਾਰ ’ਚ ਕੋਈ ਤਾਂ ਜ਼ਿੰਮੇਵਾਰ ਹੋਵੇਗਾ ਅਤੇ ਸਰਕਾਰ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਇੰਦੌਰ ’ਚ ਸਰਕਾਰ ਦੀ ਲਾਪਰਵਾਹੀ ਕਾਰਨ ਦੂਸ਼ਿਤ ਪਾਣੀ ਪੀਣ ਨਾਲ ਲੋਕਾਂ ਦੀ ਮੌਤ ਹੋ ਗਈ ਹੈ। ਅਜਿਹੀ ਸਥਿਤੀ ਵਿਚ ਸਰਕਾਰ ਨੂੰ ਪੀੜਤਾਂ ਨੂੰ ਪੂਰਾ ਸਮਰਥਨ ਅਤੇ ਢੁੱਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ, ‘‘ਅਸੀਂ ਭਗੀਰਥਪੁਰਾ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਜਾਰੀ ਰੱਖਾਂਗੇ।’’

ਅਪਣੇ  ਸਾਹਮਣੇ ਇਕ  ਵੱਡੀ ਸਰਕਾਰੀ ਪਾਣੀ ਦੀ ਟੈਂਕੀ ਵਲ  ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਇਸ ਟੈਂਕੀ ਵਿਚ ਅੱਜ ਵੀ ਸਾਫ਼ ਪਾਣੀ ਨਹੀਂ ਹੈ। ਕਿਉਂਕਿ ਸ਼ਹਿਰ ਮੀਡੀਆ ਦੀ ਜਾਂਚ ਦੇ ਅਧੀਨ ਹੈ, ਇਸ ਲਈ ਜ਼ਖ਼ਮ ਉਤੇ  ਪੱਟੀ ਲਗਾ ਦਿਤੀ ਗਈ ਹੈ, ਜੋ ਸਿਰਫ ਕੁੱਝ  ਦਿਨਾਂ ਲਈ ਰਹੇਗੀ। ਜਿਵੇਂ ਹੀ ਮੀਡੀਆ ਦਾ ਧਿਆਨ ਬਦਲੇਗਾ, ਸਥਿਤੀ ਉਸੇ ਤਰ੍ਹਾਂ ਵਾਪਸ ਆ ਜਾਵੇਗੀ ਜੋ ਪਹਿਲਾਂ ਸੀ।’’

ਰਾਹੁਲ ਗਾਂਧੀ ਨੇ ਕਿਹਾ ਕਿ ਭਗੀਰਥਪੁਰਾ ਦੇ ਦੁਖਾਂਤ ਦੇ ਪੀੜਤ ਚਾਹੁੰਦੇ ਹਨ ਕਿ ਸਰਕਾਰ ਅਪਣੀ ਜ਼ਿੰਮੇਵਾਰੀ ਨਿਭਾਵੇ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਲਈ ਸਥਾਈ ਪ੍ਰਣਾਲੀ ਵਿਕਸਤ ਕਰੇ। ਉਨ੍ਹਾਂ ਨੇ ਸੱਤਾਧਾਰੀ ਭਾਜਪਾ ਦੇ ਦੋਸ਼ਾਂ ਨੂੰ ਵੀ ਖਾਰਜ ਕਰ ਦਿਤਾ ਕਿ ਉਨ੍ਹਾਂ ਦੀ ਇੰਦੌਰ ਯਾਤਰਾ ਸਿਆਸੀ ਤੌਰ ਉਤੇ  ਪ੍ਰੇਰਿਤ ਸੀ।

ਰਾਹੁਲ ਗਾਂਧੀ ਦੀ ਮੌਜੂਦਗੀ ’ਚ ਪਾਰਟੀ ਨੇ 16 ਪ੍ਰਭਾਵਤ  ਪਰਵਾਰਾਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿਤੀ, ਜਦਕਿ ਸਿੰਘੜ ਨੇ 50-50,000 ਰੁਪਏ ਦੀ ਸਹਾਇਤਾ ਦਿਤੀ।