ਪੁਲਵਾਮਾ ਹਮਲੇ ਮਗਰੋਂ ਜੰਮੂ-ਕਸ਼ਮੀਰ ਮੂਲ ਦੇ ਲੋਕਾਂ ਵਿਰੁਧ ਗੁੱਸੇ ਦੀ ਲਹਿਰ
ਕੇਂਦਰ ਨੇ ਸੂਬਿਆਂ 'ਚ ਜੰਮੂ-ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ.......
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਆਪੋ-ਅਪਣੇ ਸੂਬਿਆਂ 'ਚ ਰਹਿ ਰਹੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਨੂੰ ਕਿਹਾ ਹੈ। ਦੇਸ਼ ਦੇ ਕੁੱਝ ਹਿੱਸਿਆਂ 'ਚ ਇਨ੍ਹਾਂ ਨੂੰ ਮਿਲ ਰਹੀਆ ਧਮਕੀਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਹ ਸਲਾਹ ਜਾਰੀ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਸਰਬਪਾਰਟੀ ਬੈਠਕ 'ਚ ਆਗੂਆਂ ਨੂੰ ਪੁਲਵਾਮਾ ਹਮਲੇ ਮਗਰੋਂ ਕਥਿਤ ਤੌਰ 'ਤੇ ਨਿਸ਼ਾਨਾ 'ਤੇ ਆਏ ਕਸ਼ਮੀਰੀ ਵਿਦਿਆਰਥੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹਰ ਸੰਭਵ ਉਪਾਅ ਕਰਨ ਦਾ ਭਰੋਸਾ ਦਿਤੇ ਜਾਣ ਤੋਂ ਕੁੱਝ ਘੰਟਿਆਂ ਬਾਅਦ ਇਹ ਸਲਾਹ ਜਾਰੀ ਕੀਤੀ ਗਈ।
ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਪੜ੍ਹ ਰਹੇ ਕੁੱਝ ਕਸ਼ਮੀਰੀ ਨੌਜੁਆਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਮਕਾਨ ਮਾਲਕ ਪੁਲਵਾਮਾ ਹਮਲੇ ਤੋਂ ਬਾਅਦ ਅਪਣੇ ਘਰਾਂ 'ਤੇ ਹਮਲੇ ਦੇ ਸ਼ੱਕ 'ਚ ਉਸ ਨੂੰ ਮਕਾਨ ਖ਼ਾਲੀ ਕਰਨ ਨੂੰ ਕਹਿ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੇਹਰਾਦੂਨ ਦੀ ਪੁਲਿਸ ਨੇ ਜੰਮੂ-ਕਸ਼ਮੀਰ ਪੁਲਿਸ ਨੂੰ ਦੇਹਰਾਦੂਨ 'ਚ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਇੰਤਜ਼ਾਮ ਕਰਨ ਦਾ ਭਰੋਸਾ ਦਿਤਾ ਹੈ।
ਹਰਿਆਣਾ ਦੇ ਅੰਬਾਲਾ 'ਚ ਵੀ ਇਕ ਪਿੰਡ ਦੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਕਿਰਾਏ 'ਤੇ ਰਹਿ ਰਹੇ
ਕਸ਼ਮੀਰੀ ਵਿਦਿਆਰਥੀਆਂ ਨੂੰ 24 ਘੰਟਿਆਂ ਅੰਦਰ ਮਕਾਨ ਖ਼ਾਲੀ ਕਰਨ ਨੂੰ ਕਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਬਾਬਤ ਇਕ ਵੀਡੀਉ ਸਾਹਮਣੇ ਆਉਣ ਮਗਰੋਂ ਪੰਜ-ਛੇ ਵਿਦਿਆਰਥੀਆਂ ਨੂੰ ਐਮ.ਐਮ. ਮੁਲਾਨਾ ਯੂਨੀਵਰਸਟੀ 'ਚ ਤਬਦੀਲ ਕਰ ਦਿਤਾ ਗਿਆ। ਮੁਲਾਨਾ ਦੇ ਸਰਪੰਚ ਨਰੇਸ਼ ਰਾਣਾ ਨੂੰ ਵੀਡੀਉ 'ਚ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਜੇਕਰ ਕਸ਼ਮੀਰੀ ਵਿਦਿਆਰਥੀਆਂ ਨੂੰ ਨਾ ਕਢਿਆ ਗਿਆ ਤਾਂ ਜਿਸ ਦੇ ਮਕਾਨ 'ਚ ਉਹ ਰਹਿ ਰਹੇ ਹੋਣਗੇ
ਉਸ ਨੂੰ ਗ਼ੱਦਾਰ ਮੰਨਿਆ ਜਾਵੇਗਾ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਸਾਨੂੰ ਸ਼ਰਾਰਤੀ ਤੱਤਾਂ ਨੂੰ ਪਲਵਾਮਾ ਅਤਿਵਾਦੀ ਹਮਲੇ ਦਾ ਪ੍ਰਯੋਗ 'ਲੋਕਾਂ ਨੂੰ ਸਤਾਉਣ ਜਾਂ ਪ੍ਰੇਸ਼ਾਨ ਕਰਨ ਦੇ ਬਹਾਨੇ' ਵਜੋਂ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਅਤੇ ਕਿਹਾ ਕਿ ਸੀ.ਆਰ.ਪੀ.ਐਫ਼. ਦੇ ਮੁਲਾਜ਼ਮਾਂ ਦੀ ਮੌਤ ਦੇ ਦਰਦ ਨੂੰ 'ਇਸ ਤਰ੍ਹਾਂ ਦੀਆਂ ਸ਼ੈਤਾਨੀ ਯੋਜਨਾਵਾਂ' ਨੂੰ ਕਾਮਯਾਬ ਕਰਨ 'ਚ ਇਸਤੇਮਾਲ ਨਹੀਂ ਹੋਣ ਦੇਣਾ ਚਾਹੀਦਾ। (ਪੀਟੀਆਈ)