ਸਰਬਪਾਰਟੀ ਬੈਠਕ ਵਿਚ ਇਕਜੁਟ ਹੋਈਆਂ ਸਿਆਸੀ ਪਾਰਟੀਆਂ
ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਅਤਿਵਾਦ ਵਿਰੁਧ ਲੜਾਈ 'ਚ ਭਾਰਤ ਦੇ ਅਹਿਦ ਨੂੰ ਵਿਖਾਉਂਦਿਆਂ ਸਨਿਚਰਵਾਰ ਨੂੰ ਸਾਰੀਆਂ ਸਿਆਸੀ.....
ਨਵੀਂ ਦਿੱਲੀ : ਪੁਲਵਾਮਾ ਅਤਿਵਾਦੀ ਹਮਲੇ ਮਗਰੋਂ ਅਤਿਵਾਦ ਵਿਰੁਧ ਲੜਾਈ 'ਚ ਭਾਰਤ ਦੇ ਅਹਿਦ ਨੂੰ ਵਿਖਾਉਂਦਿਆਂ ਸਨਿਚਰਵਾਰ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਅਤਿਵਾਦ ਵਿਰੁਧ ਲੜਾਈ 'ਚ ਅਪਣੇ ਸੁਰੱਖਿਆ ਬਲਾਂ ਨਾਲ ਇਕਜੁਟਤਾ ਨਾਲ ਖੜੀ ਹੈ। ਸਰਕਾਰ ਵਲੋਂ ਸੱਦੀ ਸਰਬਪਾਰਟੀ ਬੈਠਕ 'ਚ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ। ਭਾਜਪਾ ਅਤੇ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੇ ਇਕ ਮਤਾ ਪਾਸ ਕਰ ਕੇ ਅਤਿਵਾਦੀ ਹਮਲੇ ਅਤੇ ਸਰਹੱਦ ਪਾਰ ਤੋਂ ਉਸ ਨੂੰ ਮਿਲ ਰਹੀ ਹਮਾਇਤ ਦੀ ਨਿੰਦਾ ਕੀਤੀ।
ਵਿਰੋਧੀ ਮੈਂਬਰਾਂ ਨੇ ਇਸ ਚੁਨੌਤੀ ਨਾਲ ਨਜਿੱਠਣ 'ਚ ਸਰਕਾਰ ਨੂੰ ਪੂਰੀ ਹਮਾਇਤ ਦਿਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਪ੍ਰਮੁੱਖ ਕੌਮੀ ਅਤੇ ਖੇਤਰੀ ਪਾਰਟੀਆਂ ਦੇ ਪ੍ਰਧਾਨਾਂ ਦੀ ਇਕ ਬੈਠਕ ਸੱਦਣ। ਤ੍ਰਿਣਮੂਲ ਕਾਂਗਰਸ ਦ ਡੇਰੇਕ ਓ. ਬਰਾਊਨ ਅਤੇ ਸੀ.ਪੀ.ਐਮ. ਦੇ ਡੀ. ਰਾਜਾ ਨੇ ਇਸ ਵਿਚਾਰ ਦੀ ਹਮਾਇਤ ਕੀਤੀ।
ਕਰੀਬ ਢਾਈ ਘੰਟੇ ਚੱਲੀ ਬੈਠਕ 'ਚ ਪਾਸ ਮਤੇ 'ਚ ਕਿਹਾ ਗਿਆ, ''ਭਾਰਤ ਨੇ ਇਨ੍ਹਾਂ ਚੁਨੌਤੀਆਂ ਨਾਲ ਨਜਿੱਠਣ ਲਈ ਸਖ਼ਤੀ ਪ੍ਰਗਟਾਈ ਹੈ।
ਪੂਰਾ ਦੇਸ਼ ਇਕ ਸੁਰ 'ਚ ਇਨ੍ਹਾਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਪੱਕਾ ਹੈ। ਅੱਜ, ਅਸੀਂ ਭਾਰਤ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਅਤਿਵਾਦ ਵਿਰੁਧ ਲੜਾਈ 'ਚ ਅਪਣੇ ਸੁਰੱਖਿਆ ਬਲਾਂ ਨਾਲ ਇਕਜੁਟ ਹੋ ਕੇ ਖੜੇ ਹਾਂ।'' ਵਿਰੋਧੀ ਧਿਰ ਦੇ ਸੂਤਰਾਂ ਨੇ ਕਿਹਾ ਕਿ ਸਰਕਾਰ ਵਲੋਂ ਸਾਂਝਾ ਕੀਤੇ ਗਏ ਮਤੇ ਦੇ ਖਰੜੇ 'ਚ ਪਾਰਟੀਆਂ ਦੇ ਸੁਰੱਖਿਆ ਬਲਾਂ ਨਾਲ ਖੜੇ ਹੋਣ ਅਤੇ 'ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕੋਸ਼ਿਸ਼ਾਂ' ਦਾ ਜ਼ਿਕਰ ਕੀਤਾ ਗਿਆ ਸੀ, ਪਰ ਵਿਰੋਧੀ ਪਾਰਟੀਆਂ ਦੇ ਸੁਝਾਅ 'ਤੇ ਇਸ ਦੀ ਆਖ਼ਰੀ ਕਾਪੀ 'ਚੋਂ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਜ਼ਿਕਰ ਹਟਾ ਦਿਤਾ ਗਿਆ।
ਪਾਸ ਕੀਤੇ ਮਤੇ 'ਚ ਪਾਕਿਸਤਾਨ ਦਾ ਨਾਂ ਨਹੀਂ ਲਿਆ ਗਿਆ ਪਰ ਇਸ ਗੱਲ 'ਤੇ ਜ਼ੋਰ ਦਿਤਾ ਗਿਆ ਕਿ ਭਾਰਤ ਸਰਹੱਦ ਪਾਰ ਤੋਂ ਅਤਿਵਾਦੀ ਖ਼ਤਰੇ ਦਾ ਸਾਹਮਣੇ ਕਰਦਾ ਰਿਹਾ ਹੈ ਜਿਸ ਨੂੰ ਪਿੱਛੇ ਜਿਹੇ ਗੁਆਂਢੀ ਦੇਸ਼ ਦੀਆਂ ਤਾਕਤਾਂ ਵਲੋਂ ਕਾਫ਼ੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੀ ਵੀਰਵਾਰ ਨੂੰ ਸੀ.ਆਰ.ਪੀ.ਐਫ਼. ਦੇ ਇਕ ਕਾਫ਼ਲੇ 'ਤੇ ਫ਼ਦਾਈਲ ਹਮਲਾ ਹੋਇਆ ਜਿਸ 'ਚ ਨੀਮ-ਫ਼ੌਜੀ ਬਲ ਦੇ ਘੱਟ ਤੋਂ ਘੱਟ 40 ਜਵਾਨ ਸ਼ਹੀਦ ਹੋ ਗਏ। ਪਾਕਿਸਤਾਨੀ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। (ਪੀਟੀਆਈ)