ਅਤਿਵਾਦ ਦਾ ਦੂਜਾ ਨਾਂ ਪਾਕਿਸਤਾਨ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਨਵਾਂ ਭਾਰਤ ਅਪਣੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਨਹੀਂ ਬਖ਼ਸ਼ੇਗਾ....

Narendra Modi

ਯਵਤਮਾਲ/ਧੁਲੇ (ਮਹਾਂਰਾਸ਼ਟਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਪੁਲਵਾਮਾ ਹਮਲੇ ਲਈ ਨਿਸ਼ਾਨਾਂ ਸਾਧਿਆ ਅਤੇ ਲੋਕਾਂ ਨੂੰ ਸ਼ਾਂਤੀ ਰੱਖਣ ਅਤੇ ਸੁਰੱਖਿਆ ਬਲਾਂ 'ਤੇ ਭਰੋਸਾ ਕਾਇਮ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੂੰ ਹਮਲੇ ਦੇ ਸਾਜ਼ਸ਼ਕਰਤਾਵਾਂ ਨੂੰ ਸਜ਼ਾ ਦੇਣ ਦੀ ਪੂਰੀ ਆਜ਼ਾਦੀ ਦੇ ਦਿਤੀ ਗਈ ਹੈ। ਮਹਾਂਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਪਾਂਧਰਕਾਵੜਾ ਵਿਚ ਕਈ ਯੋਜਨਾਵਾਂ ਦੀ ਸ਼ੁਰੂਆਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਇਕ ਜਨਤਕ ਸਭਾ ਵਿਚ ਕਿਹਾ ਕਿ ਪਾਕਿਸਤਾਨ ਅਤਿਵਾਦ ਦਾ ਦੂਜਾ ਨਾਂ ਬਣ ਗਿਆ ਹੈ।  

ਉਨ੍ਹਾਂ ਕਿਹਾ, ''ਇਕ ਦੇਸ਼ ਜੋ ਵੰਡ ਮਗਰੋਂ ਹੋਂਦ ਵਿਚ ਆਇਆ ਅਤੇ ਅਤਿਵਾਦੀ ਗਤੀਵਿਧੀਆਂ ਨੂੰ ਵਧਾ ਰਿਹਾ ਹੈ ਅਤੇ ਜੋ ਦੀਵਾਲੀਆ ਹੋਣ ਦੀ ਕਾਗਾਰ 'ਤੇ ਹੈ, ਅੱਜ ਅਤਿਵਾਦ ਦਾ ਦੂਜਾ ਨਾਂ ਬਣ ਚੁੱਕਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ, ''ਪੁਲਵਾਮਾ ਦੇ ਸ਼ਹੀਦਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਏਗੀ। ਉਨ੍ਹਾਂ ਕਿਹਾ ਕਿ ਅਤਿਵਾਦੀ ਸੰਗਠਨ ਲੁਕਣ ਦੀ ਕਿਨੀਂ ਵੀ ਕੋਸ਼ਿਸ਼ ਕਰ ਲੈਣ, ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੇ ਅਪਰਾਧਾਂ ਦੀ ਸਜ਼ਾ ਦਿਤੀ ਜਾਏਗੀ।'' ਉਨ੍ਹਾਂ ਕਿਹਾ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਨਿਕਲੇ ਅੱਥਰੂਆਂ ਦਾ ਪੂਰਾ ਪੂਰਾ ਜਵਾਬ ਲਿਆ ਜਾਏਗਾ।  

ਪੁਲਵਾਮਾ ਵਿਚ ਹੋਏ ਭਿਆਨਕ ਹਮਲੇ ਸਬੰਧੀ ਅਪਣਾ ਸਖ਼ਤ ਲਹਿਜ਼ਾ ਜਾਰੀ ਰੱਖਦਿਆਂ ਮੋਦੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਜੋ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ ਜੋ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾਂ ਬਣਾਉਣ ਲਈ ਬੰਦੂਕ ਅਤੇ ਬੰਬ ਦਿੰਦੇ ਹਨ। ਮੋਦੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਉਨ੍ਹਾਂ ਦੇ ਪ੍ਰਵਾਰ ਨਾਲ ਹਮਦਰਦੀ ਜਤਾਈ।  ਉਨ੍ਹਾਂ ਕਿਹਾ, ''ਮੈਂ ਅਜਿਹੇ ਸਮੇਂ ਇਥੇ ਆਇਆ ਹਾਂ ਜਦੋਂ ਲੋਕਾਂ ਵਿਚ ਗੁੱਸਾ ਹੈ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹਨ। ਮੈਂ ਬਹਾਦਰ ਜਵਾਨਾਂ ਅਤੇ ਉਨ੍ਹਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਸਲਾਮ ਕਰਦਾ ਹਾਂ।''                     (ਪੀਟੀਆਈ)