ਵਾਡਰਾ ਦੀ ਗ੍ਰਿਫ਼ਤਾਰੀ 'ਤੇ ਰੋਕ ਦੀ ਸੀਮਾ ਦੋ ਮਾਰਚ ਤਕ ਵਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਇਕ ਅਦਾਲਤ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਕੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਸਨਿਚਰਵਾਰ ਨੂੰ ਰਾਬਰਟ ਵਾਡਰਾ.....

Robert Vadra

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਕੇ ਗਏ ਮਨੀ ਲਾਂਡਰਿੰਗ ਮਾਮਲੇ ਵਿਚ ਸਨਿਚਰਵਾਰ ਨੂੰ ਰਾਬਰਟ ਵਾਡਰਾ ਦੀ ਅੰਤਰਿਮ ਜਮਾਨਤ ਦੀ ਸੀਮਾ ਦੋ ਮਾਰਚ ਤਕ ਵਧਾ ਦਿਤੀ। ਉਧਰ ਈ.ਡੀ. ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿਚ ਵਾਡਰਾ ਸਹਿਯੋਗ ਨਹੀਂ ਕਰ ਰਹੇ ਹਨ ਅਤੇ ਗੋਲਮੋਲ ਜਵਾਬ ਦੇ ਰਹੇ ਹਨ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਵਾਡਰਾ ਨੂੰ ਇਹ ਰਾਹਤ ਦਿਤੀ। ਅਦਾਲਤ ਨੇ ਵਾਡਰਾ ਦੇ ਕਰੀਬੀ ਅਤੇ ਮਾਮਲੇ ਵਿਚ ਸਾਥੀ ਦੋਸ਼ੀ ਮਨੋਜ ਅਰੋੜਾ ਦੀ ਗ੍ਰਿਫ਼ਤਾਰੀ 'ਤੇ ਵੀ ਅਗਲੀ ਸੁਣਵਾਈ ਮਤਲਬ ਦੋ ਮਾਰਚ ਤਕ ਰੋਕ ਲਗਾ ਦਿਤੀ ਹੈ।

ਈ.ਡੀ. ਨੇ ਵਾਡਰਾ ਤੋਂ ਪੁੱਛ-ਪੜਤਾਲ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਅੰਤਰਿਮ ਜਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਭਨਵਈਏ ਰਾਬਰਟ ਵਾਡਰਾ ਨੇ ਉਸ ਨਾਲ ਜੁੜੀ ਇਕ ਕੰਪਨੀ ਦੀ ਜਾਇਦਾਦ ਕੁਰਕ ਕਰਨ ਦੀ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ''ਉਨ੍ਹਾਂ ਨੂੰ ਜਾਨਬੁੱਝ ਕੇ ਨਿਸ਼ਾਨਾ ਬਣਾਉਣ'' ਵਾਲਾ ਦਸਿਆ ਅਤੇ ਦਾਅਵਾ ਕੀਤਾ ਕਿ ਇਹ ''ਸੱਤਾ ਦੀ ਪੂਰੀ ਤਰ੍ਹਾਂ ਦੁਰਵਰਤੋਂ'' ਨੂੰ ਦਿਖਾਂਉਦਾ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਸ ਨੇ ਬੀਕਾਨੇਰ ਜ਼ਮੀਨ ਘੋਟਾਲਾ ਮਨੀ ਲਾਂਡਰਿੰਗ ਮਾਮਲੇ ਸਬੰਧੀ

ਉਨ੍ਹਾਂ ਨਾਲ ਜੁੜੀ ਇਕ ਕੰਪਨੀ ਦੀ 4.62 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਸ ਦੇ ਇਕ ਦਿਨ ਮਗਰੋਂ ਵਾਡਰਾ ਨੇ ''ਲਗਾਤਾਰ ਸ਼ੋਸ਼ਣ'' ਕੀਤੇ ਜਾਣ ਦਾ ਦੋਸ਼ ਲਗਾਇਆ। ਵਾਡਰਾ ਨੇ ਫ਼ੇਸਬੁੱਕ 'ਤੇ ਲਿਖੇ ਇਕ ਪੋਸਟ ਵਿਚ ਕਿਹਾ, ''ਮੇਰੇ ਕੋਲ ਲੁਕਾਉਦ ਲਈ ਕੁਝ ਨਹੀਂ ਹੈ ਅਤੇ ਨਿਸ਼ਚਤ ਤੌਰ 'ਤੇ ਮੈਂ ਕਾਨੂੰਨ ਤੋਂ ਉਤੇ ਨਹੀਂ ਹਾਂ। ਮੈਂ ਕਰੀਬ ਛੇ ਦਿਨ ਤਕ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਰਿਹਾ। ਹਰ ਦਿਨ ਅੱਠ ਤੋਂ 12 ਘੰਟੇ ਤਕ ਪੁੱਛ-ਪੜਤਾਲ ਹੋਈ। ਸਿਰਫ਼ 40 ਮਿੰਟ ਦਾ ਲੰਚ ਬ੍ਰੇਕ ਦਿਤਾ ਜਾਂਦਾ ਸੀ ਅਤੇ ਬਾਥਰੂਮ ਤਕ ਵੀ ਮੈਨੂੰ ਇਕੱਲਾ ਨਹੀਂ ਛੱਡਿਆ ਜਾਂਦਾ ਸੀ।''

ਵਾਡਰਾ ਨੇ ਕਿਹਾ ਕਿ ਉਨ੍ਹਾਂ ਪੂਰੀ ਤਰ੍ਹਾਂ ਸਹਿਯੋਗ ਕੀਤਾ ਅਤੇ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਜਦੋਂ ਵੀ ਬੁਲਾਇਆ ਗਿਆ ਤਾਂ ਨਿਯਮਾਂ ਦਾ ਪਾਲਣ ਕੀਤਾ। ਉਨ੍ਹਾਂ ਦੋਸ਼ ਲਗਾਇਆ, ''ਮੇਰੇ ਦਫ਼ਤਰ ਅਤੇ ਅਜਿਹੀਆਂ ਜਗ੍ਹਾ ਜਿਨਾਂ ਦੇ ਮਾਮਲੇ ਅਦਾਲਤ ਵਿਚ ਲਟਕ ਰਹੇ ਹਨ ਉਨ੍ਹਾਂ ਨੂੰ ਕੁਰਕ ਕੀਤਾ ਜਾਣਾ ਸੱਤਾ ਦੀ ਪੂਰੀ ਤਰ੍ਹਾਂ ਦੁਰਵਰਤੋਂ, ਬਦਲਾ ਅਤੇ ਅਨੈਤਿਕ ਰੂਪ ਵਿਚ ਜਾਨਬੁੱਝ ਕੇ ਕਿਸੇ ਨੂੰ ਨਿਸ਼ਾਨਾਂ ਬਣਾਉਣਾ ਦਿਖਾਈ ਦਿੰਦਾ ਹੈ।' ਵਾਡਰਾ ਨੇ ਕਿਹਾ, ''ਜਦੋਂ ਸੱਚਾਈ ਦੀ ਜਿੱਤ ਹੋਏਗੀ ਤਾਂ ਮੈਨੂੰ ਲਗਦਾ ਹੈ ਕਿ ਮਾਫ਼ੀ ਹੀ ਕਾਫ਼ੀ ਹੋਏਗੀ। ਅਪਣੇ ਲਈ ਇਨਸਾਫ਼ ਵਾਸਤੇ ਪੂਰੀ ਤਰ੍ਹਾਂ ਦ੍ਰਿੜ ਰਹਾਂਗਾ।'' (ਪੀਟੀਆਈ)