15 ਹਜ਼ਾਰ ਫੁੱਟ ਦੀ ਉਚਾਈ ਅਤੇ ਜ਼ੀਰੋ ਤੋਂ ਹੇਠਾਂ ਤਾਪਮਾਨ 'ਚ ਵੀ ਡਟੇ ITBP ਜਵਾਨ
ਬਰਫ਼ 'ਤੇ ਗਸ਼ਤ ਕਰ ਰਹੇ ਜਵਾਨਾਂ ਦਾ ਵੀਡੀਓ ਹੋਇਆ ਵਾਇਰਲ
ਦੇਹਰਾਦੂਨ : ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ ਕਿਉਂਕਿ ਸਾਡੇ ਬਹਾਦਰ ਸੈਨਿਕ ਦਿਨ-ਰਾਤ ਤੂਫਾਨ, ਬਰਸਾਤ ਅਤੇ ਬਰਫ਼ਬਾਰੀ ਦੌਰਾਨ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਹਾਲਾਤ ਜੋ ਵੀ ਹੋਣ, ਉਹ ਸੀਮਾਵਾਂ ਦੀ ਰਾਖੀ ਕਰ ਰਹੇ ਹਨ।
ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਬਹਾਦਰ ਜਵਾਨ ਉੱਤਰਾਖੰਡ ਹਿਮਾਲਿਆ ਵਿੱਚ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਕਰ ਰਹੇ ਹਨ। ਉਹ ਜ਼ੀਰੋ ਤੋਂ ਹੇਠਾਂ ਤਾਪਮਾਨ 'ਚ 15,000 ਫੁੱਟ ਦੀ ਉਚਾਈ 'ਤੇ ਉਤਰਾਖੰਡ ਹਿਮਾਲਿਆ ਦੇ ਬਰਫ਼ੀਲੇ ਖੇਤਰ 'ਚ ਗਸ਼ਤ ਕਰ ਰਹੇ ਹਨ।
ਦੱਸ ਦੇਈਏ ਕਿ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈਟੀਬੀਪੀ) ਦੇ ਜਵਾਨਾਂ ਨੂੰ ਉਤਰਾਖੰਡ ਦੇ ਸਰਹੱਦੀ ਸਥਾਨ 'ਤੇ ਮਾਇਨਸ 25 ਡਿਗਰੀ ਸੈਲਸੀਅਸ ਤਾਪਮਾਨ 'ਤੇ ਅਤਿਅੰਤ ਠੰਡੇ ਹਾਲਾਤਾਂ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕਿ ਇੱਕ ਰੁਟੀਨ ਅਭਿਆਸ ਹੈ। ਇਸ ਦੀ ਇੱਕ ਵੀਡੀਓ ਸਾਹਮਣੇ ਆਈ ਸੀ।
ਜਿਸ ਵਿੱਚ ਆਈਟੀਬੀਪੀ ਦੇ ਜਵਾਨ ਬਰਫ਼ਬਾਰੀ ਦੇ ਵਿਚਕਾਰ ਸਿਫ਼ਰ ਤੋਂ ਹੇਠਾਂ ਤਾਪਮਾਨ ਵਿੱਚ ਸਿਖਲਾਈ ਲੈ ਰਹੇ ਸਨ। ਵੀਡੀਓ 'ਚ ਜਵਾਨਾਂ ਨੂੰ ਆਧੁਨਿਕ ਹਥਿਆਰ ਫੜ ਕੇ ਸਰੀਰਕ ਕਸਰਤ ਕਰਦੇ ਦਿਖਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈਟੀਬੀਪੀ ਦੀ ਸਥਾਪਨਾ ਸਾਲ 1962 ਵਿੱਚ ਹੋਈ ਸੀ।
ITBP ਮੁੱਖ ਤੌਰ 'ਤੇ 18,800 ਫੁੱਟ ਦੀ ਉਚਾਈ 'ਤੇ ਸਥਿਤ BOPS ਵਿਖੇ ਹਿਮਾਲਿਆ ਵਿੱਚ 3,488 ਕਿਲੋਮੀਟਰ ਲੰਬੀ ਭਾਰਤੀ ਸਰਹੱਦ ਦੀ ਰਾਖੀ ਕਰਦਾ ਹੈ। ਸਰਹੱਦੀ ਸੁਰੱਖਿਆ ਤੋਂ ਇਲਾਵਾ, ITBP ਨਕਸਲ ਵਿਰੋਧੀ ਕਾਰਵਾਈਆਂ ਅਤੇ ਹੋਰ ਅੰਦਰੂਨੀ ਸੁਰੱਖਿਆ ਡਿਊਟੀਆਂ ਲਈ ਵੀ ਤਾਇਨਾਤ ਹੈ।