ਤਾਰਿਕ ਰਹਿਮਾਨ ਬਣੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਰਿਕ ਰਹਿਮਾਨ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜ਼ਿਆ ਦੇ ਪੁੱਤਰ ਹਨ

Tariq Rahman becomes Prime Minister of Bangladesh

ਢਾਕਾ : ਬੰਗਲਾਦੇਸ਼ ਨੇ ਲੰਮੇ  ਸਿਆਸੀ ਅਸਥਿਰਤਾ ਦੇ ਦੌਰ ਤੋਂ ਬਾਅਦ ਨਵੀਂ ਸ਼ੁਰੂਆਤ ਕੀਤੀ ਹੈ। ਬੀ.ਐਨ.ਪੀ. ਦੇ ਨੇਤਾ ਤਾਰੀਕ ਰਹਿਮਾਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਮੁਹੰਮਦ ਸ਼ਹਾਬੁੱਦੀਨ ਨੇ ਜਾਤੀਆ ਸੰਸਦ ਦੇ ਦਖਣੀ ਪਲਾਜ਼ਾ ਵਿਚ ਰਹਮਾਨ ਨੂੰ ਅਹੁਦੇ ਦੀ ਸਹੁੰ ਚੁਕਾਈ ਜਿਸ ਨਾਲ 18 ਮਹੀਨਿਆਂ ਦੀ ਸਿਆਸੀ ਅਨਿਸ਼ਚਿਤਤਾ ਅਤੇ ਨੋਬੇਲ ਪੁਰਸਕਾਰ ਜੇਤੂ ਮੁਹੰਮਤ ਯੁਨੁਸ ਦੀ ਕਮਜ਼ੋਰ ਨਿਆਂ ਵਿਵਸਥਾ ਵਾਲੀ ਅੰਤਰਿਮ ਸਰਕਾਰ ਦਾ ਅੰਤ ਹੋ ਗਿਆ।

60 ਸਾਲ ਦੇ ਰਹਿਮਾਨ, ਜੋ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲੇਦਾ ਜ਼ਿਆ ਦੇ ਪੁੱਤਰ ਹਨ, 17 ਸਾਲਾਂ ਦੀ ਲੰਡਨ ਵਿਚ ਜ਼ਲਾਵਤਨ ਜ਼ਿੰਦਗੀ ਤੋਂ ਬਾਅਦ ਦਸੰਬਰ ਵਿਚ ਵਾਪਸ ਦੇਸ਼ ਆਏ ਸਨ। ਇਹ ਪਹਿਲੀ ਵਾਰ ਹੈ ਕਿ ਉਹ ਪ੍ਰਧਾਨ ਮੰਤਰੀ ਬਣੇ ਹਨ।

ਸਹੁੰ ਚੁਕ ਸਮਾਰੋਹ ਵਿਚ ਭਾਰਤ ਦੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਭਾਗ ਲਿਆ। ਸਹੁੰ ਚੁਕਦਿਆਂ ਰਹਮਾਨ ਨੇ ਕਿਹਾ, “ਮੈਂ ਕਾਨੂੰਨ ਅਨੁਸਾਰ ਪ੍ਰਧਾਨ ਮੰਤਰੀ ਦੇ ਦਫ਼ਤਰ ਦੀਆਂ ਜ਼ਿੰਮੇਵਾਰੀਆਂ ਨਿਭਾਵਾਂਗਾ।’’ ਬੀ.ਐਨ.ਪੀ. ਨੇ ਹਾਲੀਆ ਚੋਣਾਂ ਵਿਚ 209 ਸੀਟਾਂ ਜਿੱਤੀਆਂ, ਜਦਕਿ ਜਮਾਤ-ਏ-ਇਸਲਾਮੀ 68 ਸੀਟਾਂ ਨਾਲ ਮੁੱਖ ਵਿਰੋਧੀ ਪਾਰਟੀ ਵਜੋਂ ਉਭਰੀ। ਆਵਾਮੀ ਲੀਗ ਨੂੰ ਚੋਣਾਂ ਲੜਨ ਤੋਂ ਰੋਕ ਦਿਤਾ ਗਿਆ ਸੀ।

ਰਹਿਮਾਨ ਨਾਲ 25 ਮੰਤਰੀਆਂ ਅਤੇ 24 ਰਾਜ ਮੰਤਰੀਆਂ ਨੇ ਵੀ ਸਹੁੰ ਚੁਕੀ। ਨਵੀਂ ਕੈਬਨਿਟ ’ਚ ਦੋ ਘੱਟਗਿਣਤੀ ਭਾਈਚਾਰੇ ਦੇ ਮੈਂਬਰ ਵੀ ਹਨ। ਇਕ ਮੰਤਰੀ ਹਿੰਦੂ ਧਰਮ ਨਾਲ ਸਬੰਧਤ ਨਿਤਿਨ ਰਾਏ ਚੌਧਰੀ ਅਤੇ ਦੂਜੇ ਬੁੱਧ ਧਰਮ ਨਾਲ ਸਬੰਧਤ ਦੀਪੇਨ ਦੀਵਾਨ ਹਨ। 

ਸਹੁੰ ਚੁਕਣ ਤੋਂ ਬਾਅਦ ਰਹਿਮਾਨ ਨੇ ਕੌਮੀ  ਏਕਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਸਾਡੇ ਵਿਚਾਰ ਵੱਖਰੇ ਹੋ ਸਕਦੇ ਹਨ, ਪਰ ਦੇਸ਼ ਦੇ ਹਿੱਤ ਵਿਚ ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ। ਏਕਤਾ ਸਾਡੀ ਤਾਕਤ ਹੈ, ਵੰਡ ਸਾਡੀ ਕਮਜ਼ੋਰੀ।’’ ਨਵੀਂ ਸਰਕਾਰ ਸਾਹਮਣੇ ਸੱਭ ਤੋਂ ਵੱਡੀਆਂ ਚੁਨੌਤੀ ਆਂ ਆਰਥਕ ਤਾ ਨੂੰ ਸੰਭਾਲਣਾ ਅਤੇ ਸੁਸ਼ਾਸਨ ਯਕੀਨੀ ਬਣਾਉਣਾ ਹਨ।