ਸ੍ਰੀਨਗਰ : ਸੁਰੱਖਿਆ ਫੋਰਸ ਨੇ ਮੁਕਾਬਲੇ 'ਚ 2 ਅਤਵਾਦੀ ਕੀਤੇ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ : ਸੁਰੱਖਿਆ ਫੋਰਸ ਨੇ ਮੁਕਾਬਲੇ 'ਚ 2 ਅਤਵਾਦੀ ਕੀਤੇ ਢੇਰ

army

ਸ਼੍ਰੀਨਗਰ : ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਬਾਹਰਲੇ ਇਲਾਕੇ ਵਿਚ ਇਕ ਮੁਕਾਬਲੇ ਦੌਰਾਨ ਸੁਰੱਖਿਆ ਫੋਰਸ ਨੇ 2 ਅੱਤਵਾਦੀਆਂ ਨੂੰ ਮਾਰ ਸੁਟਿਆ। ਸਰਕਾਰੀ ਸੂਤਰਾਂ ਨੇ ਦਸਿਆ ਕਿ ਅਤਵਾਦੀਆਂ ਦੇ ਇਕ ਗਰੁਪ ਵਲੋਂ ਕੱਲ੍ਹ ਭਾਜਪਾ ਨੇਤਾ ਮੁਹੰਮਦ ਅਨਵਰ ਖਾਨ 'ਤੇ ਹਮਲਾ ਕਰਨ ਅਤੇ ਉਨ੍ਹਾਂ ਦੇ ਦੋ ਨਿਜੀ ਸੁਰੱਖਿਆ ਅਧਿਕਾਰੀਆਂ(ਪੀ.ਐਸ.ਓ) ਕੋਲੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰਨ ਦੇ ਬਾਅਦ ਸੁਰੱਖਿਆ ਫੋਰਸ ਨੇ ਸ੍ਰੀਨਗਰ ਦੇ ਬਾਹਰੀ ਖੇਤਰ ਖਾਨਮੋਹ ਦੇ ਬਲਹਮਾ 'ਚ ਅਤਵਾਦੀਆਂ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

 

ਉਨ੍ਹਾਂ ਨੇ ਦਸਿਆ ਕਿ ਸੁਰੱਖਿਆ ਫੋਰਸ ਦੇ ਜਵਾਨ ਜਿਸ ਸਮੇਂ ਇਲਾਕੇ ਦੀ ਘੇਰਾਬੰਦੀ ਕਰ ਰਹੇ ਸਨ ਤਾਂ ਉਥੇ ਲੁਕੇ ਹੋਏ ਅਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲਾਬਾਰੀ ਸ਼ੁਰੂ ਕਰ ਦਿਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਨੇ ਦਸਿਆ ਕਿ ਮੁੱਠਭੇੜ ਦੀ ਸੂਚਨਾ ਮਿਲਣ ਤੋਂ ਬਾਅਦ ਹੋਰ ਸੁਰੱਖਿਆ ਫੋਰਸ ਨੂੰ ਮੌਕੇ 'ਤੇ ਭੇਜ ਦਿਤਾ ਗਿਆ ਤਾਂ ਜੋ ਘਟਨਾ ਵਿਚ ਸ਼ਾਮਲ ਕੋਈ ਵੀ ਅਤਵਾਦੀ ਬਚ ਨਾ ਸਕੇ ਇਸ ਲਈ ਪੂਰੇ ਖੇਤਰ ਦੀ ਘੇਰਾਬੰਦੀ ਕਰ ਵੀ ਕਰ ਦਿਤੀ ਗਈ।

 

ਉਨ੍ਹਾਂ ਨੇ ਦਸਿਆ ਕਿ ਇਸ ਮੁੱਠਭੇੜ ਵਾਲੇ ਸਥਾਨ ਦੇ ਕੋਲੋਂ 2 ਅਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ ਪਰ ਅਜੇ ਤਕ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦਸਿਆ ਜਾਂਦਾ ਹੈ ਕਿ ਇਸ ਮੁੱਠਭੇੜ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ(ਸੀ.ਆਰ.ਪੀ.ਐਫ.) ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ ਜਿਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਖਾਨ 'ਤੇ ਖਾਨਮੋਹ ਖੇਤਰ ਵਿਚ ਅਤਵਾਦੀਆਂ ਦੇ ਇਕ ਗਰੁਪ ਵਲੋਂ ਕੱਲ੍ਹ ਹਮਲਾ ਕਰ ਦਿਤਾ ਗਿਆ ਸੀ ਜਿਸ ਵਿਚ ਬਿਲਾਲ ਅਹਿਮਦ ਨਾਲ ਦਾ ਸੁਰੱਖਿਆ ਅਧਿਕਾਰੀ ਜ਼ਖਮੀ ਹੋ ਗਿਆ ਸੀ।