ਦੇਸ਼ ਦੀ ਸੇਵਾ ਵਿਚ ਮਜ਼ਬੂਤੀ ਨਾਲ ਖੜਾ ਹੈ 'ਚੌਕੀਦਾਰ': ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਲਈ ਅਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਭਾਜਪਾ ਜਨਤਾ ਪਾਰਟੀ ਨੇ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕੀਤੀ।

Narendra Modi

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਅਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਦੇ ਹੋਏ ਭਾਜਪਾ ਜਨਤਾ ਪਾਰਟੀ ਨੇ 'ਮੈਂ ਵੀ ਚੌਕੀਦਾਰ' ਮੁਹਿੰਮ ਸ਼ੁਰੂ ਕੀਤੀ। ਅਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਪਣੇ ਭਾਸ਼ਨਾਂ ਵਿਚ ਕਈ ਵਾਰ ਪ੍ਰਧਾਨ ਮੰਤਰੀ ਮੋਦੀ 'ਤੇ ਹਮਲਾ ਕਰਦੇ ਹੋਏ 'ਚੌਕੀਦਾਰ ਚੌਰ ਹੈ' ਕਿਹਾ ਸੀ। ਵਿਰੋਧੀ ਧਿਰ ਦੇ ਇਸੇ ਹਮਲੇ ਨੂੰ ਹੁਣ ਭਾਜਪਾ ਨੇ ਅਪਣੇ ਚੋਣ ਪ੍ਰਚਾਰ ਵਿਚ ਸ਼ਾਮਲ ਕਰ ਲਿਆ ਹੈ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਨੇ ਮਣੀਸ਼ੰਕਰ ਅਈਅਰ ਵਲੋਂ ਕੀਤੀ ਗਈ ਚਾਏਵਾਲਾ ਟਿਪਣੀ ਨੂੰ ਅਪਣੀ ਚੋਣ ਮੁਹਿੰਮ ਵਿਚ ਸ਼ਾਮਲ ਕੀਤਾ ਸੀ। ਅਪਣੇ ਟਵੀਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਤੁਹਾਡਾ ਇਹ ਚੌਕੀਦਾਰ ਦੇਸ਼ ਦੀ ਸੇਵਾ ਵਿਚ ਮਜ਼ਬੂਤੀ ਨਾਲ ਖੜਾ ਹੈ ਪਰ ਮੈਂ ਇਕੱਲਾ ਨਹੀਂ ਹਾਂ।' ਉਨ੍ਹਾਂ ਕਿਹਾ ਕਿ ਭਾਰਤੀ ਦੀ ਤਰੱਕੀ ਵਿਚ ਸੰਘਰਸ਼ ਕਰਨ ਵਾਲਾ ਹਰ ਭਾਰਤੀ ਇਕ ਚੌਕੀਦਾਰ ਹੈ। ਅੱਜ ਭਾਰਤ ਦਾ ਹਰ ਵਿਅਕਤੀ ਕਹਿ ਰਿਹਾ ਹੈ ਕਿ 'ਮੈਂ ਵੀ ਚੌਕੀਦਾਰ।'  ਮੋਦੀ ਜ਼ਿਆਦਾਤਰ ਖ਼ੁਦ ਨੂੰ ਅਜਿਹਾ 'ਚੌਕੀਦਾਰ' ਦਸਦੇ ਆਏ ਹਨ ਜੋ ਨਾ ਤਾਂ ਭ੍ਰਿਸ਼ਟਾਚਾਰ ਦੀ ਇਜਾਜ਼ਤ ਦੇਵੇਗਾ ਤੇ ਨਾ ਹੀ ਖ਼ੁਦ ਕਰੇਗਾ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਫ਼ੇਲ ਲੜਾਕੂ ਜਹਾਜ਼ ਸਮਝੌਤੇ ਵਿਚ ਕਥਿਤ ਗੜਬੜੀਆਂ ਨੂੰ ਲੈ ਕੇ ਮੋਦੀ 'ਤੇ ਵਾਰ-ਵਾਰ ਨਿਸ਼ਾਨਾ ਲਗਾ ਕੇ ਇਹ ਕਹਿੰਦੇ ਰਹੇ ਹਨ ਕਿ 'ਚੌਕੀਦਾਰ ਚੋਰ ਹੈ।' ਨਰਿੰਦਰ ਮੋਦੀ ਐਪ 'ਤੇ 'ਮੈਂ ਵੀ ਚੌਕੀਦਾਰ' ਮੁਹਿੰਮ ਤਹਿਤ ਪ੍ਰਣ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਲਈ 11 ਅਪ੍ਰੈਲ ਤੋਂ ਵੋਟਾਂ ਪੈਣੀਆਂ ਸ਼ੁਰੂ ਹੋਣਗੀਆਂ ਜੋ ਸੱਤ ਗੇੜਾਂ ਵਿਚੋਂ ਹੁੰਦੀਆਂ ਹੋਈਆਂ 19 ਮਈ ਨੂੰ ਖ਼ਤਮ ਹੋਣਗੀਆਂ ਤੇ 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ।