ਦੇਸ਼ ਭਰ 'ਚ ਭਾਜਪਾ ਦੇ ਚਾਰ ਸੀਨੀਅਰ ਆਗੂਆਂ ਨੇ ਪਾਰਟੀ ਛੱਡੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਭਰ 'ਚ ਨਾਰਾਜ਼ ਆਗੂਆਂ ਵਲੋਂ ਪਾਰਟੀਆਂ ਛੱਡਣ ਅਤੇ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ

Four senior BJP leaders left the party all over the country

ਨਵੀਂ ਦਿੱਲੀ : ਦੇਸ਼ ਭਰ 'ਚ ਨਾਰਾਜ਼ ਆਗੂਆਂ ਵਲੋਂ ਪਾਰਟੀਆਂ ਛੱਡਣ ਅਤੇ ਬਦਲਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਅੱਜ ਭਾਰਤੀ ਜਨਤਾ ਪਾਰਟੀ ਦੇ ਆਸਾਮ, ਉੱਤਰਾਖੰਡ, ਉੱਤਰ ਪ੍ਰਦੇਸ਼, ਅਤੇ ਭੁਵਨੇਸ਼ਵਰ 'ਚ ਸੀਨੀਅਰ ਆਗੂਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਥ ਛੱਡ ਕੇ ਹੋਰਨਾਂ ਪਾਰਟੀਆਂ ਦਾ ਪੱਲਾ ਫੜ ਲਿਆ। ਆਸਾਮ 'ਚ ਭਾਜਪਾ ਨੂੰ ਕਰਾਰਾ ਝਟਕਾ ਦਿੰਦਿਆਂ ਤੇਜਪੁਰ ਤੋਂ ਮੌਜੂਦਾ ਸੰਸਦ ਮੈਂਬਰ ਰਾਮ ਪ੍ਰਸਾਦ ਸ਼ਰਮਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਕੇ ਦੋਸ਼ ਲਾਇਆ ਕਿ 'ਪਾਰਟੀ 'ਚ ਨਵੇਂ ਘੁਸਪੈਠੀਆਂ' ਕਰ ਕੇ ਪੁਰਾਣੇ ਕਾਰਕੁਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਤੇਜਪੁਰ ਲੋਕ ਸਭਾ ਸੀਟ ਲਈ ਪਾਰਟੀ ਦੇ ਸੰਭਾਵਤ ਉਮੀਦਵਾਰਾਂ ਦੇ ਪੈਨਲ 'ਚ ਸ਼ਰਮਾ ਦਾ ਨਾਂ ਸ਼ਾਮਲ ਨਹੀਂ ਸੀ। ਸ਼ਰਮਾ ਦੀ ਬੇਟੀ ਨੂੰ ਏ.ਪੀ.ਐਸ.ਸੀ. ਨੌਕਰੀ ਘਪਲੇ ਦੇ ਸਿਲਸਿਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਤੋਂ ਹੀ ਉਨ੍ਹਾਂ ਦੀ ਉਮੀਦਵਾਰੀ ਦਾਅ 'ਤੇ ਸੀ। ਉੱਤਰ ਪ੍ਰਦੇਸ਼ ਦੀ ਪਰਿਆਗਰਾਜ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਸ਼ਿਆਮਾ ਚਰਣ ਗੁਪਤਾ ਨੇ ਸਮਾਜਵਾਦੀ ਪਾਰਟੀ ਦਾ ਪੱਲਾ ਫੜ ਲਿਆ ਅਤੇ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਬਾਂਦਾ ਤੋਂ ਉਮੀਦਵਾਰ ਐਲਾਨ ਕਰ ਦਿਤਾ। ਜ਼ਿਕਰਯੋਗ ਹੈ ਕਿ ਗੁਪਤਾ 2014 ਦੀਆਂ ਚੋਣਾਂ ਭਾਜਪਾ ਦੇ ਟਿਕਟ 'ਤੇ ਲੜੇ ਸਨ ਅਤੇ ਪਰਿਆਗਰਾਜ ਤੋਂ ਲੋਕ ਸਭਾ ਸੰਸਦ ਮੈਂਬਰ ਬਣੇ ਸਨ।

2004 'ਚ ਉਹ ਸਮਾਜਵਾਦੀ ਪਾਰਟੀ ਦੇ ਟਿਕਟ 'ਤੇ ਬਾਂਦਾ ਤੋਂ ਚੋਣ ਜਿੱਤ ਚੁੱਕੇ ਹਨ। ਦਸਿਆ ਜਾ ਰਿਹਾ ਹੈ ਕਿ ਗੁਪਤਾ ਨੂੰ ਇਸ ਵਾਰੀ ਭਾਜਪਾ ਵਲੋਂ ਟਿਕਟ ਕੱਟੇ ਜਾਣ ਦਾ ਡਰ ਸੀ ਇਸ ਲਈ ਉਨ੍ਹਾਂ ਸਮਾਜਵਾਦੀ ਪਾਰਟੀ 'ਚ ਜਾਣ ਦਾ ਫ਼ੈਸਲਾ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਮਹਿੰਦਰ ਨਾਥ ਪਾਂਡੇ ਨੇ ਕਿਹਾ ਹੈ ਕਿ ਗੁਪਤਾ ਨੂੰ ਅਹਿਸਾਸ ਸੀ ਕਿ ਉਨ੍ਹਾਂ ਦੇ ਕੰਮਾਂ ਕਰ ਕੇ ਇਸ ਵਾਰੀ ਉਨ੍ਹਾਂ ਨੂੰ ਭਾਜਪਾ ਤੋਂ ਟਿਕਟ ਨਹੀਂ ਮਿਲੇਗਾ, ਇਸ ਲਈ ਉਨ੍ਹਾਂ ਅਪਣਾ ਨਵਾਂ ਟਿਕਾਣਾ ਲੱਭ ਲਿਆ। 

ਉੱਤਰਾਖੰਡ ਦੀ ਪੌੜੀ ਸੀਟ ਤੋਂ ਵੀ ਲੋਕ ਸਭਾ ਦੇ ਸੰਸਦ ਮੈਂਬਰ ਅਤੇ ਸੀਨੀਅਰ ਭਾਜਪਾ ਆਗੂ ਭੁਵਨ ਚੰਦਰ ਖੰਡੂਰੀ ਦੇ ਪੁੱਤ ਮਨੀਸ਼ ਖੰਡੂਰੀ ਦੇਹਰਾਦੂਨ 'ਚ ਰਾਹੁਲ ਗਾਂਧੀ ਦੀ ਰੈਲੀ ਦੌਰਾਨ ਕਾਂਗਰਸ 'ਚ ਸ਼ਾਮਲ ਹੋ ਗਏ। ਕਾਂਗਰਸ ਪ੍ਰਧਾਨ ਨੇ ਮੰਚ 'ਤੇ ਉਨ੍ਹਾਂ ਦਾ ਅਪਣੀ ਪਾਰਟੀ 'ਚ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਆਉਣ 'ਤੇ ਖ਼ੁਸ਼ੀ ਪ੍ਰਗਟਾਈ। ਕਾਂਗਰਸ ਪ੍ਰਧਾਨ ਨੇ ਮਨੀਸ਼ ਦੇ ਅਪਣੀ ਪਾਰਟੀ 'ਚ ਆਉਣ ਦਾ ਕਾਰਨ ਵੀ ਜਨਤਾ ਨਾਲ ਸਾਂਝਾ ਕੀਤਾ

ਅਤੇ ਕਿਹਾ ਕਿ ਅਪਣੀ ਪੂਰੀ ਜ਼ਿੰਦਗੀ ਫ਼ੌਜ ਅਤੇ ਦੇਸ਼ ਦੀ ਰਾਖੀ ਲਈ ਦੇਣ ਵਾਲੇ ਭੁਵਨ ਚੰਦਰ ਖੰਡੂਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ਼ ਇਸ ਲਈ ਸੰਸਦ ਦੀ ਰਖਿਆ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿਤਾ ਕਿਉਂਕਿ ਉਨ੍ਹਾਂ ਨੇ ਸਰਕਾਰ ਨੂੰ ਇਹ ਕਿਹਾ ਸੀ ਕਿ ਫ਼ੌਜ ਕੋਲ ਨਾ ਤਾਂ ਢੁਕਵੇਂ ਹਥਿਆਰ ਹਨ ਅਤੇ ਨਾਹੀ ਉਸ ਦੀ ਤਿਆਰੀ ਠੀਕ ਹੈ। ਮਨੀਸ਼ ਖੰਡੂਰੀ ਨੇ ਕਿਹਾ ਕਿ ਉਹ ਕਾਂਗਰਸ 'ਚ ਆ ਕੇ ਚੰਗਾ ਮਹਿਸੂਸ ਕਰ ਰਹੇ ਹਨ

ਅਤੇ ਉਹ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਇਸੇ ਤਰ੍ਹਾਂ ਭਾਜਪਾ ਦੀ ਉੜੀਸਾ ਇਕਾਈ ਦੇ ਪ੍ਰਧਾਨ ਬਸੰਤ ਪਾਂਡਾ ਦੇ ਭਤੀਜੇ ਹਰੀਸ਼ਚੰਦਰ ਪਾਂਡਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਹਾਜ਼ਰੀ 'ਚ ਸੱਤਾਧਾਰੀ ਬੀਜੂ ਜਨਤਾ ਦਲ (ਬੀ.ਜੇ.ਡੀ.) 'ਚ ਸ਼ਾਮਲ ਹੋ ਗਏ। ਹਰੀਸ਼ਚੰਦਰ ਨੇ ਕਿਹਾ ਕਿ ਉਹ ਪਟਨਾਇਕ ਦੀ ਅਗਵਾਈ ਵਾਲੀ ਬੀ.ਜੇ.ਡੀ. ਸਰਕਾਰ ਵਲੋਂ ਕੀਤੇ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਤ ਹੋ ਕੇ ਬੀ.ਜੇ.ਡੀ. 'ਚ ਸ਼ਾਮਲ ਹੋਏ ਹਨ।  (ਪੀਟੀਆਈ)