Electoral bond: ਚੋਣ ਬਾਂਡ ਇਕ ‘ਪ੍ਰਯੋਗ’ ਹੈ, ਸਮਾਂ ਦੱਸੇਗਾ ਕਿ ਇਹ ਕਿੰਨਾ ਫਾਇਦੇਮੰਦ ਸੀ: ਆਰ.ਐਸ.ਐਸ. ਨੇਤਾ ਹੋਸਬਾਲੇ
ਦੱਤਾਤ੍ਰੇਯ ਹੋਸਬਾਲੇ ਨੂੰ ਤਿੰਨ ਸਾਲ ਲਈ ਆਰ.ਐਸ.ਐਸ. ਦੇ ਜਨਰਲ ਸਕੱਤਰ ਬਣੇ
Electoral bond: ਨਾਗਪੁਰ : ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਜਨਰਲ ਸਕੱਤਰ ਦੱਤਾਤ੍ਰੇਯ ਹੋਸਬਾਲੇ ਨੇ ਐਤਵਾਰ ਨੂੰ ਕਿਹਾ ਕਿ ਚੋਣ ਬਾਂਡ ਇਕ ਪ੍ਰਯੋਗ ਹੈ ਅਤੇ ਸਮਾਂ ਆਉਣ ’ਤੇ ਪਤਾ ਲੱਗੇਗਾ ਕਿ ਇਹ ਕਿੰਨੇ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਰਹੇ। ਆਰ.ਐਸ.ਐਸ. ਦੀ ਕੁਲ ਭਾਰਤੀ ਪ੍ਰਤੀਨਿਧੀ ਸਭਾ ਨੇ ਐਤਵਾਰ ਨੂੰ ਦੱਤਾਤ੍ਰੇਯ ਹੋਸਬਾਲੇ ਨੂੰ ਤਿੰਨ ਸਾਲ ਦੇ ਕਾਰਜਕਾਲ ਲਈ ਅਪਣਾ ਜਨਰਲ ਸਕੱਤਰ ਚੁਣਿਆ।
ਚੋਣ ਬਾਂਡ ਦੇ ਮੁੱਦੇ ’ਤੇ ਉਠਾਈਆਂ ਜਾ ਰਹੀਆਂ ਚਿੰਤਾਵਾਂ ਅਤੇ ਲਾਭ ਲੈਣ ਲਈ ਇਨ੍ਹਾਂ ਨੂੰ ਖਰੀਦਣ ਦੇ ਦਾਅਵਿਆਂ ਬਾਰੇ ਪੁੱਛੇ ਜਾਣ ’ਤੇ ਹੋਸਬਾਲੇ ਨੇ ਕਿਹਾ ਕਿ ਸੰਘ ਨੇ ਅਜੇ ਇਸ ਬਾਰੇ ਚਰਚਾ ਨਹੀਂ ਕੀਤੀ ਹੈ ਕਿਉਂਕਿ ਚੋਣ ਬਾਂਡ ਇਕ ‘ਪ੍ਰਯੋਗ’ ਹੈ। ਉਨ੍ਹਾਂ ਕਿਹਾ, ‘‘ਇਹ ਕੰਟਰੋਲ ਅਤੇ ਸੰਤੁਲਨ ਨਾਲ ਕੀਤਾ ਗਿਆ ਅਤੇ ਅਜਿਹਾ ਨਹੀਂ ਹੈ ਕਿ ਅੱਜ ਅਚਾਨਕ ਚੋਣ ਬਾਂਡ ਪੇਸ਼ ਕੀਤੇ ਗਏ। ਜਦੋਂ ਵੀ ਕੋਈ ਤਬਦੀਲੀ ਹੁੰਦੀ ਹੈ, ਸਵਾਲ ਉਠਾਏ ਜਾਂਦੇ ਹਨ। ਜਦੋਂ ਈ.ਵੀ.ਐਮ. (ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ) ਪੇਸ਼ ਕੀਤੀਆਂ ਗਈਆਂ ਸਨ ਤਾਂ ਵੀ ਸਵਾਲ ਉਠਾਏ ਗਏ ਸਨ। ਜਦੋਂ ਨਵੀਆਂ ਚੀਜ਼ਾਂ ਪੈਦਾ ਹੁੰਦੀਆਂ ਹਨ, ਤਾਂ ਲੋਕਾਂ ਲਈ ਸਵਾਲ ਉਠਾਉਣਾ ਸੁਭਾਵਕ ਹੈ। ਪਰ ਉਹ ਸਮਾਂ ਆਵੇਗਾ ਜਦੋਂ ਇਹ ਪਤਾ ਲੱਗੇਗਾ ਕਿ ਨਵੀਂ ਪ੍ਰਣਾਲੀ ਕਿੰਨੀ ਲਾਭਕਾਰੀ ਅਤੇ ਪ੍ਰਭਾਵਸ਼ਾਲੀ ਸੀ। ਇਸ ਲਈ ਸੰਘ ਨੂੰ ਲਗਦਾ ਹੈ ਕਿ ਇਸ ਨੂੰ ਵਰਤੋਂ ਲਈ ਛੱਡ ਦੇਣਾ ਚਾਹੀਦਾ ਹੈ।’