Mahadev App case: ਮਹਾਦੇਵ ਸੱਟਾ ਐਪ ਮਾਮਲਾ: ਭੁਪੇਸ਼ ਬਘੇਲ ਅਤੇ ਹੋਰਾਂ ਵਿਰੁਧ ਐਫ.ਆਈ.ਆਰ. ਦਰਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਹਾਦੇਵ ਐਪ ਦੇ ਦੋ ਮੁੱਖ ਪ੍ਰਮੋਟਰ ਛੱਤੀਸਗੜ੍ਹ ਨਾਲ ਸਬੰਧਤ ਹਨ

FIR Against Chhattisgarh Ex Chief Minister Bhupesh Baghel In Mahadev Betting App Case

 

Mahadev App case:  ਰਾਏਪੁਰ: ਛੱਤੀਸਗੜ੍ਹ ਦੀ ਆਰਥਕ ਅਪਰਾਧ ਬ੍ਰਾਂਚ (ਈ.ਓ.ਡਬਲਿਊ.) ਨੇ ਈ.ਡੀ. ਵਲੋਂ ਸੌਂਪੀ ਗਈ ਜਾਂਚ ਰੀਪੋਰਟ ਦੇ ਆਧਾਰ ’ਤੇ ਕਥਿਤ ਮਹਾਦੇਵ ਆਨਲਾਈਨ ਸੱਟੇਬਾਜ਼ੀ ਘਪਲੇ ’ਚ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ। 

ਮਹਾਦੇਵ ਐਪ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ਦੀ ਇਕ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੇ ਦਿਨੀਂ ਦੋਸ਼ ਲਾਇਆ ਸੀ ਕਿ ਉਸ ਦੀ ਜਾਂਚ ਵਿਚ ਛੱਤੀਸਗੜ੍ਹ ਦੇ ਵੱਖ-ਵੱਖ ਉੱਚ ਪੱਧਰੀ ਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਦਾ ਪ੍ਰਗਟਾਵਾ ਹੋਇਆ ਹੈ।

ਮਹਾਦੇਵ ਐਪ ਦੇ ਦੋ ਮੁੱਖ ਪ੍ਰਮੋਟਰ ਛੱਤੀਸਗੜ੍ਹ ਨਾਲ ਸਬੰਧਤ ਹਨ। ਈ.ਡੀ. ਅਨੁਸਾਰ, ਇਸ ਮਾਮਲੇ ’ਚ ਅਪਰਾਧ ਦੀ ਅਨੁਮਾਨਤ ਆਮਦਨ ਲਗਭਗ 6,000 ਕਰੋੜ ਰੁਪਏ ਹੈ। ਈ.ਓ.ਡਬਲਯੂ. ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਈ.ਡੀ. ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਰਾਜ ਦੀ ਆਰਥਕ ਅਪਰਾਧ ਸ਼ਾਖਾ/ਭ੍ਰਿਸ਼ਟਾਚਾਰ ਰੋਕੂ ਬਿਊਰੋ ਨੂੰ ਸੌਂਪੀ ਗਈ ਰੀਪੋਰਟ ਦੇ ਆਧਾਰ ’ਤੇ 4 ਮਾਰਚ ਨੂੰ ਈ.ਓ.ਡਬਲਯੂ. ਥਾਣੇ ਵਿਚ ਬਘੇਲ ਅਤੇ ਹੋਰਾਂ ਵਿਰੁਧ ਐਫ.ਆਈ.ਆਰ. ਦਰਜ ਕੀਤੀ ਗਈ ਸੀ। 

ਉਨ੍ਹਾਂ ਕਿਹਾ ਕਿ ਸੀਨੀਅਰ ਕਾਂਗਰਸੀ ਨੇਤਾ ਬਘੇਲ ਨੇ ਐਫ.ਆਈ.ਆਰ. ’ਚ ਐਪ ਪ੍ਰਮੋਟਰਾਂ ਰਵੀ ਉੱਪਲ, ਸੌਰਭ ਚੰਦਰਕਰ, ਸ਼ੁਭਮ ਸੋਨੀ ਅਤੇ ਅਨਿਲ ਕੁਮਾਰ ਅਗਰਵਾਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਕੁੱਝ ਨੌਕਰਸ਼ਾਹਾਂ, ਪੁਲਿਸ ਅਧਿਕਾਰੀਆਂ, ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ (ਓ.ਐਸ.ਡੀ.) ਅਤੇ ਹੋਰ ਅਣਪਛਾਤੇ ਨਿੱਜੀ ਵਿਅਕਤੀਆਂ ਨੂੰ ਵੀ ਇਸ ਮਾਮਲੇ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।