ਮੋਦੀ ਨੇ ਨਿਊਜ਼ੀਲੈਂਡ ’ਚ ਭਾਰਤ ਵਿਰੋਧੀ ਗਤੀਵਿਧੀਆਂ ’ਤੇ ਪ੍ਰਧਾਨ ਮੰਤਰੀ ਲਕਸਨ ਨੂੰ ਚਿੰਤਾ ਤੋਂ ਜਾਣੂ ਕਰਵਾਇਆ
ਭਾਰਤ ਤੇ ਨਿਊਜ਼ੀਲੈਂਡ ਨੇ ਰੱਖਿਆ ਸਮਝੌਤੇ ’ਤੇ ਕੀਤੇ ਹਸਤਾਖਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਅਪਣੇ ਹਮਰੁਤਬਾ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੇ ਦੇਸ਼ ’ਚ ਕੁੱਝ ਗੈਰ-ਕਾਨੂੰਨੀ ਤੱਤਾਂ ਵਲੋਂ ਭਾਰਤ ਵਿਰੋਧੀ ਗਤੀਵਿਧੀਆਂ ’ਤੇ ਚਿੰਤਾ ਜ਼ਾਹਰ ਕੀਤੀ। ਦੋਹਾਂ ਦੇਸ਼ਾਂ ਨੇ ਅਪਣੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਸੰਸਥਾਗਤ ਬਣਾਉਣ ਲਈ ਇਕ ਇਤਿਹਾਸਕ ਸਮਝੌਤੇ ’ਤੇ ਦਸਤਖਤ ਵੀ ਕੀਤੇ।
ਮੋਦੀ ਅਤੇ ਲਕਸਨ ਵਿਚਾਲੇ ਗੱਲਬਾਤ ਤੋਂ ਬਾਅਦ ਦੋਹਾਂ ਧਿਰਾਂ ਨੇ ਸਿੱਖਿਆ, ਖੇਡਾਂ, ਖੇਤੀਬਾੜੀ ਅਤੇ ਜਲਵਾਯੂ ਪਰਿਵਰਤਨ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਛੇ ਸਮਝੌਤਿਆਂ ’ਤੇ ਦਸਤਖਤ ਕੀਤੇ ਅਤੇ ਰੱਖਿਆ ਉਦਯੋਗਿਕ ਖੇਤਰ ਵਿਚ ਸਹਿਯੋਗ ਲਈ ਰੋਡਮੈਪ ਤਿਆਰ ਕਰਨ ਦਾ ਫੈਸਲਾ ਕੀਤਾ।
ਮੋਦੀ ਨੇ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਆਜ਼ਾਦ, ਖੁੱਲ੍ਹੇ, ਸੁਰੱਖਿਅਤ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਵਿਸਥਾਰਵਾਦ ’ਚ ਨਹੀਂ ਸਗੋਂ ਵਿਕਾਸ ਦੀ ਨੀਤੀ ’ਚ ਵਿਸ਼ਵਾਸ ਰਖਦੇ ਹਾਂ।’’ ਉਨ੍ਹਾਂ ਦੀ ਇਹ ਟਿਪਣੀ ਖੇਤਰ ਵਿਚ ਚੀਨ ਦੇ ਵਿਸਥਾਰਵਾਦੀ ਰੁਖ ਨੂੰ ਲੈ ਕੇ ਵਧ ਰਹੀਆਂ ਵਿਸ਼ਵਵਿਆਪੀ ਚਿੰਤਾਵਾਂ ਦੇ ਵਿਚਕਾਰ ਆਈ ਹੈ।
ਸਾਂਝੇ ਬਿਆਨ ਮੁਤਾਬਕ ਦੋਹਾਂ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦਾ ਸਮਰਥਨ ਕਰਨ ਦੀ ਅਪਣੀ ਵਚਨਬੱਧਤਾ ਦੁਹਰਾਈ, ਜਿੱਥੇ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਵੇਗਾ। ਲਕਸਨ ਦੋਹਾਂ ਪੱਖਾਂ ਵਿਚਾਲੇ ਡੂੰਘੀ ਆਰਥਕ ਭਾਈਵਾਲੀ ਨੂੰ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਪੰਜ ਦਿਨਾਂ ਦੌਰੇ ’ਤੇ ਐਤਵਾਰ ਨੂੰ ਕੌਮੀ ਰਾਜਧਾਨੀ ਪਹੁੰਚੇ ਸਨ।
ਮੋਦੀ ਅਤੇ ਲਕਸਨ ਨੇ ਦੋਹਾਂ ਦੇਸ਼ਾਂ ਵਿਚਾਲੇ ਸੰਤੁਲਿਤ, ਅਭਿਲਾਸ਼ੀ, ਵਿਆਪਕ ਅਤੇ ਆਪਸੀ ਲਾਭਕਾਰੀ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਲਈ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕੀਤਾ।
ਐਫ.ਟੀ.ਏ. ਗੱਲਬਾਤ ਦੇ ਸੰਦਰਭ ’ਚ, ਮੋਦੀ ਅਤੇ ਲਕਸਨ ਡਿਜੀਟਲ ਭੁਗਤਾਨ ਖੇਤਰ ’ਚ ਸਹਿਯੋਗ ਨੂੰ ਜਲਦੀ ਲਾਗੂ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਦੋਹਾਂ ਧਿਰਾਂ ਦੇ ਸਬੰਧਤ ਅਧਿਕਾਰੀਆਂ ਦਰਮਿਆਨ ਵਿਚਾਰ-ਵਟਾਂਦਰੇ ਲਈ ਸਹਿਮਤ ਹੋਏ।
ਸਾਂਝੇ ਬਿਆਨ ਮੁਤਾਬਕ ਵਪਾਰ ਸਮਝੌਤੇ ਲਈ ਗੱਲਬਾਤ ਦੇ ਸੰਦਰਭ ’ਚ ਦੋਵੇਂ ਧਿਰਾਂ ਅਨਿਯਮਿਤ ਪ੍ਰਵਾਸ ਦੀ ਚੁਨੌਤੀ ਨਾਲ ਨਜਿੱਠਣ ਦੇ ਮੁੱਖ ਉਦੇਸ਼ ਨਾਲ ਪੇਸ਼ੇਵਰਾਂ ਅਤੇ ਹੁਨਰਮੰਦ ਕਾਮਿਆਂ ਦੀ ਆਵਾਜਾਈ ਨੂੰ ਸਹੂਲਤਜਨਕ ਬਣਾਉਣ ਲਈ ਪ੍ਰਣਾਲੀਆਂ ’ਤੇ ਚਰਚਾ ਸ਼ੁਰੂ ਕਰਨ ’ਤੇ ਸਹਿਮਤ ਹੋਈਆਂ।
ਗੱਲਬਾਤ ਦੌਰਾਨ ਮੋਦੀ ਨੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਅਤੇ 2019 ਦੇ ਕ੍ਰਾਈਸਟਚਰਚ ਅਤਿਵਾਦੀ ਹਮਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸੇ ਵੀ ਰੂਪ ’ਚ ਅਤਿਵਾਦ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ, ‘‘ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਵਿਰੁਧ ਸਖਤ ਕਾਰਵਾਈ ਦੀ ਲੋੜ ਹੈ। ਅਸੀਂ ਅਤਿਵਾਦੀ, ਵੱਖਵਾਦੀ ਅਤੇ ਕੱਟੜਪੰਥੀ ਤੱਤਾਂ ਵਿਰੁਧ ਮਿਲ ਕੇ ਸਹਿਯੋਗ ਕਰਨਾ ਜਾਰੀ ਰੱਖਾਂਗੇ।’’ ਮੋਦੀ ਨੇ ਕਿਹਾ, ‘‘ਇਸ ਸੰਦਰਭ ’ਚ ਅਸੀਂ ਨਿਊਜ਼ੀਲੈਂਡ ’ਚ ਕੁੱਝ ਗੈਰ-ਕਾਨੂੰਨੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ’ਤੇ ਅਪਣੀ ਚਿੰਤਾ ਸਾਂਝੀ ਕੀਤੀ। ਸਾਨੂੰ ਭਰੋਸਾ ਹੈ ਕਿ ਸਾਨੂੰ ਇਨ੍ਹਾਂ ਸਾਰੇ ਗੈਰ-ਕਾਨੂੰਨੀ ਤੱਤਾਂ ਵਿਰੁਧ ਨਿਊਜ਼ੀਲੈਂਡ ਸਰਕਾਰ ਤੋਂ ਸਮਰਥਨ ਮਿਲਦਾ ਰਹੇਗਾ।’’
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਤੇ ਮੋਦੀ ਨੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੁਨੌਤੀਪੂਰਨ ਰਣਨੀਤਕ ਦ੍ਰਿਸ਼ਟੀਕੋਣ ’ਤੇ ਚਰਚਾ ਕੀਤੀ। ਲਕਸਨ ਨੇ ਕਿਹਾ, ‘‘ਮੈਂ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ’ਚ ਯੋਗਦਾਨ ਪਾਉਣ ਲਈ ਅਪਣੇ-ਅਪਣੇ ਹਿੱਤਾਂ ਨੂੰ ਲੈ ਕੇ ਸਾਂਝੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਅਪਣੀ ਮਜ਼ਬੂਤ ਵਚਨਬੱਧਤਾ ਦੁਹਰਾਈ ਹੈ।’’
ਪ੍ਰਸਤਾਵਿਤ ਐਫ.ਟੀ.ਏ. ਬਾਰੇ ਮੋਦੀ ਨੇ ਕਿਹਾ ਕਿ ਡੇਅਰੀ, ਫੂਡ ਪ੍ਰੋਸੈਸਿੰਗ ਅਤੇ ਫਾਰਮਾ ਵਰਗੇ ਖੇਤਰਾਂ ’ਚ ਸਹਿਯੋਗ ਅਤੇ ਨਿਵੇਸ਼ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਦੋਹਾਂ ਧਿਰਾਂ ਵਿਚਾਲੇ ਹੋਏ ਸਮਝੌਤਿਆਂ ਵਿਚ ਭਾਰਤ ਦੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ. ਸੀ) ਅਤੇ ਨਿਊਜ਼ੀਲੈਂਡ ਕਸਟਮ ਸੇਵਾ ਵਿਚਾਲੇ ਆਪਸੀ ਮਾਨਤਾ ਸਮਝੌਤਾ ਸ਼ਾਮਲ ਹੈ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਰੱਖਿਆ ਸਮਝੌਤਾ ਸਮੁੱਚੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਸਮੁੰਦਰੀ ਸੁਰੱਖਿਆ ਦੇ ਮਾਮਲੇ ’ਚ ਨਿਊਜ਼ੀਲੈਂਡ ਨੇ ਸੰਯੁਕਤ ਸਮੁੰਦਰੀ ਬਲਾਂ ਨਾਲ ਭਾਰਤ ਦੇ ਸਬੰਧਾਂ ਦਾ ਸਵਾਗਤ ਕੀਤਾ। ਮੋਦੀ ਅਤੇ ਲਕਸਨ ਦੋਹਾਂ ਨੇ ਨਿਊਜ਼ੀਲੈਂਡ ਦੀ ਕਮਾਂਡ ਟਾਸਕ ਫੋਰਸ 150 ਦੌਰਾਨ ਰੱਖਿਆ ਸਬੰਧਾਂ ’ਚ ਹੋਈ ਪ੍ਰਗਤੀ ਦਾ ਸਵਾਗਤ ਕੀਤਾ।
ਦੋਹਾਂ ਨੇਤਾਵਾਂ ਨੇ ਗਲੋਬਲ ਚੁਨੌਤੀਆਂ ’ਤੇ ਵੀ ਚਰਚਾ ਕੀਤੀ। ਪਛਮੀ ਏਸ਼ੀਆ ਦੀ ਸਥਿਤੀ ’ਤੇ ਮੋਦੀ ਅਤੇ ਲਕਸਨ ਨੇ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਲਈ ਅਪਣੇ ਦ੍ਰਿੜ ਸਮਰਥਨ ਦੀ ਪੁਸ਼ਟੀ ਕੀਤੀ।
ਮੋਦੀ ਅਤੇ ਲਕਸਨ ਨੇ ਯੂਕਰੇਨ ਦੀ ਜੰਗ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਕੌਮਾਂਤਰੀ ਕਾਨੂੰਨ, ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਅਤੇ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਸਨਮਾਨ ’ਤੇ ਅਧਾਰਤ ਨਿਆਂਪੂਰਨ ਅਤੇ ਟਿਕਾਊ ਸ਼ਾਂਤੀ ਲਈ ਸਮਰਥਨ ਜ਼ਾਹਰ ਕੀਤਾ।
ਉਨ੍ਹਾਂ ਨੇ ਅਤਿਵਾਦ ਦੇ ਵਿੱਤਪੋਸ਼ਣ ਨੈੱਟਵਰਕ ਅਤੇ ਸੁਰੱਖਿਅਤ ਪਨਾਹਗਾਹਾਂ ਨੂੰ ਤਬਾਹ ਕਰਨ, ਆਨਲਾਈਨ ਸਮੇਤ ਅਤਿਵਾਦੀ ਢਾਂਚੇ ਨੂੰ ਤਬਾਹ ਕਰਨ ਅਤੇ ਅਤਿਵਾਦ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿਚ ਲਿਆਉਣ ਦਾ ਸੱਦਾ ਦਿਤਾ।