ਮੌਸਮ ਵਿਭਾਗ ਦੀ ਭਵਿੱਖਬਾਣੀ ਇਸ ਸਾਲ ਵੀ ਮਾਨਸੂਨ ਚੰਗੀ ਰਹਿਣ ਦੀ ਉਮੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੂਨ ਦੇ ਪਹਿਲੇ ਹਫ਼ਤੇ 'ਚ ਦਸਤਕ ਦੇਣ ਦੀ ਸੰਭਾਵਨਾ

weather forecasting

ਮੌਸਮ ਵਿਭਾਗ ਨੇ ਦੇਸ਼ ਵਿਚ ਇਸ ਸਾਲ ਮਈ ਦੇ  ਆਖ਼ਰੀ ਜਾਂ ਜੂਨ ਦੇ ਪਹਿਲੇ ਹਫ਼ਤੇ ਵਿਚ ਮਾਨਸੂਨ ਦੇ ਦਸਤਕ ਦੇਣ ਦੇ ਆਧਾਰ ਤੇ ਪਿਛਲੇ ਤਿੰਨ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਧਾਰਨ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਖੇਤੀਬਾੜੀ ਸਕੱਤਰ ਐਸ.ਕੇ. ਪਟਨਾਇਕ ਨੇ ਕਿਹਾ ਕਿ ਇਸ ਨਾਲ ਦੇਸ਼ ਦੀ ਅਨਾਜ ਪੈਦਾਵਾਰ ਦਾ ਨਵਾਂ ਰੀਕਾਰਡ ਬਣੇਗਾ ਅਤੇ ਅਨਾਜ ਦੀ ਪੈਦਾਵਾਰ ਇਸ ਸਾਲ ਦੇ 27 ਕਰੋੜ 75 ਲੱਖ ਟਨ ਦੇ ਰੀਕਾਰਡ ਨੂੰ ਵੀ ਪਾਰ ਕਰ ਜਾਵੇਗੀ। ਦਖਣੀ-ਪਛਮੀ ਮਾਨਸੂਨ ਭਾਰਤ ਦੀ ਖੇਤੀ ਸਮੇਤ ਅਰਥਚਾਰੇ ਲਈ ਜੀਵਨ ਰੇਖਾ ਵਾਂਗ ਹੈ। ਦੇਸ਼ ਦੀ 50 ਫ਼ੀ ਸਦੀ ਆਬਾਦੀ ਖੇਤੀ 'ਤੇ ਨਿਰਭਰ ਕਰਦੀ ਹੈ ਅਤੇ ਇਸ ਦਾ ਖੇਤੀ ਅਤੇ ਸਬੰਧਤ ਖੇਤਰਾਂ ਦਾ ਯੋਗਦਾਨ 15 ਫ਼ੀ ਸਦੀ ਤਕ ਹੈ। ਮੌਸਮ ਵਿਭਾਗ  ਦੇ ਮਹਾਨਿਦੇਸ਼ਕ ਕੇ.ਜੇ. ਸੁਰੇਸ਼ ਨੇ ਅੱਜ ਇਸ ਸਾਲ ਦੇ ਮੌਸਮ ਬਾਰੇ ਦਸਦੇ ਹੋਏ ਇਹ ਜਾਣਕਾਰੀ ਦਿਤੀ। ਸੁਰੇਸ਼ ਨੇ ਪਹਿਲੇ ਪੜਾਅ ਵਿਚ ਅਪ੍ਰੈਲ ਤੋਂ ਜੂਨ ਤਕ ਦੇ ਮੌਸਮ ਦਾ ਹਾਲ ਬਿਆਨ ਕਰਦੇ ਹੋਏ ਪੱਤਰਕਾਰਾਂ ਨੂੰ ਦਸਿਆ ਕਿ ਇਸ ਸਾਲ ਦੱਖਣ-ਪੱਛਮ ਵਾਲਾ ਮਾਨਸੂਨ ਮਈ ਦੇ ਅਖ਼ੀਰ ਜਾਂ ਜੂਨ ਦੇ ਪਹਿਲੇ ਹਫ਼ਤੇ ਵਿਚ ਕੇਰਲ ਸਮੁੰਦਰੀ ਕੰਢੇ ਦਸਤਕ ਦੇਵੇਗੀ।

ਉਨ੍ਹਾਂ ਦਸਿਆ ਕਿ ਮਾਨਸੂਨ ਦੇ ਸਰਗਰਮ ਹੋਣ ਤੋਂ ਬਾਅਦ ਇਸ ਦੀ ਅਸਲੀ ਅਨੁਮਾਨਿਤ ਮਾਤਰਾ ਬਾਰੇ ਆਉਣ ਵਾਲੇ ਜੂਨ ਮਹੀਨੇ ਦੇ ਦੂਜੇ ਹਫ਼ਤੇ ਵਿਚ ਦਸਿਆ ਜਾ ਸਕੇਗਾ। ਉਸੀ ਸਮੇਂ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਮੀਂਹ  ਦੇ ਪੱਧਰ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ। ਸੁਰੇਸ਼ ਨੇ ਦਸਿਆ ਕਿ ਪਹਿਲੇ ਪੜਾਅ  ਦੀ ਭਵਿੱਖਬਾਣੀ  ਦੇ ਮੁਤਾਬਕ ਇਸ ਸਾਲ ਸਧਾਰਨ ਮੀਂਹ ਹੋਣ ਦੀ ਸੰਭਾਵਨਾ 97 ਫ਼ੀ ਸਦੀ ਹੈ । ਮਾਨਸੂਨ ਮਿਸ਼ਨ ਜਲਵਾਯੂ ਭਵਿੱਖਬਾਣੀ ਪ੍ਰਣਾਲੀ  ਦੇ ਆਧਾਰ 'ਤੇ ਉਨ੍ਹਾਂ ਦਸਿਆ ਕਿ ਸਮੁੱਚੇ ਦੇਸ਼ ਵਿਚ ਮਾਨਸੂਨ ਰੁੱਤ ਦੌਰਾਨ ਜੂਨ ਤੋਂ ਸਤੰਬਰ ਦੇ ਵਿਚ ਹੋਣ ਵਾਲੀ ਵਰਖਾ ਦਾ ਔਸਤ ਪੱਧਰ 99 ਫ਼ੀ ਸਦੀ ਤਕ ਰਹਿਣ ਦਾ ਅੰਦਾਜ਼ਾ ਹੈ। (ਪੀਟੀਆਈ)