ਪੰਜਾਬ ਨੈਸ਼ਨਲ ਬੈਂਕ 'ਚ 13,000 ਕਰੋੜ ਰੁਪਏ ਦਾ ਘਪਲਾ ਆਡੀਟਰਾਂ ਨੂੰ ਅਨੁਸ਼ਾਸਨੀ ਬੋਰਡ ਅੱਗੇ ਪੇਸ਼ ਹੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਂਚ ਟੀਮ ਨੂੰ ਬੈਂਕ ਵਲੋਂ ਨਹੀਂ ਦਿਤੀ ਜਾ ਰਹੀ ਪੂਰੀ ਜਾਣਕਾਰੀ : ਐਸ.ਬੀ. ਜਵਾਰੇ 

Punjab National Bank

 ਭਾਰਤੀ ਚਾਰਟਰਡ ਅਕਾਊਂਟੈਂਟ ਸੰਸਥਾਨ (ਆਈ.ਸੀ.ਏ.ਆਈ.) ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਦੀ ਬਰੈਡੀ ਹਾਊਸ ਬਰਾਂਚ ਦੇ ਸਟੈਚੁਟਰੀ ਆਡੀਟਰਾਂ ਨੂੰ ਨੋਟਿਸ ਭੇਜ ਕੇ ਉਸ ਦੇ ਅਨੁਸ਼ਾਸਨਿਕ ਬੋਰਡ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਪੀ.ਐਨ.ਬੀ. ਦੀ ਇਸ ਬਰਾਂਚ 'ਚ ਨੀਰਵ ਮੋਦੀ ਨਾਲ ਸਬੰਧਤ 13,000 ਕਰੋੜ ਰੁਪਏ ਦਾ ਘਪਲਾ ਹੋਇਆ ਹੈ।ਚਾਰਟਰਡ ਅਕਾਊਂਟੈਂਟ ਦੇ ਸਿਖਰਲੇ ਸੰਸਥਾਨ ਨੇ 2011-12 ਤੋਂ 2016-17 ਤਕ ਦੇ ਸਟੈਚੁਟਰੀ ਆਡੀਟਰਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਨੂੰ ਅਪਣੇ ਅਨੁਸ਼ਾਸਨਿਕ ਬੋਰਡ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਇਹ ਸਾਰੇ 8 ਆਡੀਟਰਸ ਆਈ.ਸੀ.ਏ.ਆਈ. ਦੇ ਮੈਂਬਰ ਹਨ। ਆਈ.ਸੀ.ਏ.ਆਈ. ਦੇ ਮੈਂਬਰ ਐਸ.ਬੀ. ਜਵਾਰੇ ਨੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਐਕਟ 1949 ਦੇ ਤਹਿਤ ਇਹ ਨੋਟਿਸ ਦਿਤੇ ਗਏ ਹਨ। ਆਡੀਟਰਾਂ ਦੇ ਜਵਾਬ ਤੋਂ ਬਾਅਦ ਹੀ ਘਪਲੇ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਸਥਿਤੀ ਸਪਸ਼ਟ ਹੋ ਸਕੇਗੀ। ਇੰਸਟੀਚਿਊਟ ਦਾ ਕਹਿਣਾ ਹੈ ਕਿ ਇਸ ਸਮੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਡੀਟਰਸ ਦੋਸ਼ੀ ਹਨ। ਪੀ.ਐਨ.ਬੀ. ਘਪਲਾ ਸਾਹਮਣੇ ਆਉਣ ਤੋਂ ਬਾਅਦ ਆਈ.ਸੀ.ਏ.ਆਈ. ਨੇ 10 ਮੈਂਬਰੀ ਉੱਚ ਪਧਰੀ ਜਾਂਚ ਟੀਮ ਗਠਤ ਕੀਤੀ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਇਹ ਕਮੇਟੀ ਬੈਂਕਿੰਗ ਸਿਸਟਮ ਦੀਆਂ ਕਮੀਆਂ ਨੂੰ ਠੀਕ ਕਰਨ ਲਈ ਸੁਝਾਅ ਵੀ ਦੇਵੇਗੀ। 

ਆਈ.ਸੀ.ਏ.ਆਈ. ਦੇ ਮੈਂਬਰ ਐਸ.ਬੀ. ਜਵਾਰੇ ਦਾ ਕਹਿਣਾ ਹੈ ਕਿ ਪੀ.ਐਨ.ਬੀ. ਵਲੋਂ ਜਾਂਚ ਵਿਚ ਸਹਿਯੋਗ ਦੇਣ ਤੋਂ ਇਨਕਾਰ ਕਰਨ 'ਤੇ ਕਮੇਟੀ ਨੇ ਸਰਕਾਰ ਕੋਲੋਂ ਦਖਲਅੰਦਾਜ਼ੀ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਅਤੇ ਵਿੱਤ ਮੰਤਰਾਲੇ ਵਲੋਂ ਪੀ.ਐਨ.ਬੀ. ਨੂੰ ਚਿੱਠੀ ਭੇਜੀ ਗਈ ਹੈ। ਇਸ ਦੇ ਤਹਿਤ ਜਾਂਚ ਕਰਨ ਵਾਲੇ ਸੰਗਠਨ ਨੂੰ ਜਾਣਕਾਰੀਆਂ ਦੇਣ ਲਈ ਕਿਹਾ ਗਿਆ ਹੈ। ਜਵਾਰੇ ਮੁਤਾਬਕ ਬੈਂਕ ਕੋਲੋਂ ਮੰਗੀ ਗਈ ਜਾਣਕਾਰੀ ਅਜੇ ਤਕ ਪ੍ਰਾਪਤ ਨਹੀਂ ਹੋਈ। ਜਵਾਰੇ ਖੁਦ ਵੀ ਇਸ ਕਮੇਟੀ ਦੇ ਕਨਵੀਨਰ ਹਨ।ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਆਈ.ਸੀ.ਏ.ਆਈ. ਜਾਂਚ ਕਮੇਟੀ ਨੇ ਬੈਂਕ ਵਲੋਂ ਹੋਈਆਂ ਖਾਮੀਆਂ ਦਾ ਪਤਾ ਲਗਾਇਆ ਹੈ। ਇਨ੍ਹਾਂ ਵਿਚ ਕਾਰਪੋਰੇਟ ਪ੍ਰਸ਼ਾਸਨ 'ਚ ਗ਼ਲਤੀ, ਗ਼ਲਤ ਆਡਿਟ ਅਤੇ ਹੋਰ ਸਾਵਧਾਨੀਆਂ ਦੀ ਕੁਤਾਹੀ ਵਰਤਣ ਦੀ ਗੱਲ ਸਾਹਮਣੇ ਆਈ ਹੈ।          (ਪੀਟੀਆਈ)