ਕੀ ਚੀਨ ਦੀ ਲੈਬ ਨੇ ਬਣਾਇਆ ਸੀ ਕੋਰੋਨਾ ਵਾਇਰਸ? ਅਮਰੀਕੀ ਖੁਫੀਆ ਏਜੰਸੀ ਨੇ ਕੀਤਾ ਵੱਡਾ ਖੁਲਾਸਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ CIA ਅਤੇ ਹੋਰ ਅਮਰੀਕੀ ਏਜੰਸੀਆਂ ਨੂੰ ਕਈ ਅਜਿਹੇ ਸਬੂਤ ਮਿਲੇ ਹਨ...

Us explores possibility that coronavirus started in chinese lab not a market

ਨਵੀਂ ਦਿੱਲੀ: ਦੁਨੀਆ ਦੇ ਜ਼ਿਆਦਾਤਰ ਵਿਗਿਆਨੀਆਂ ਮੁਤਾਬਕ ਨੋਵਲ ਕੋਰੋਨਾ ਵਾਇਰਸ ਕੋਵਿਡ-19 ਵਾਇਰਸ ਚਮਗਿੱਦੜਾਂ ਅਤੇ ਪੇਂਗੋਲਿਨ ਦੁਆਰਾ ਮਨੁੱਖਾਂ ਵਿਚ ਫੈਲਿਆ ਹੈ। ਪਰ ਅਮਰੀਕੀ ਖੁਫੀਆ ਏਜੰਸੀਆਂ ਨੂੰ ਇਸ ਗੱਲ ’ਤੇ ਅਜੇ ਵੀ ਸ਼ੱਕ ਹੈ ਅਤੇ ਉਹਨਾਂ ਨੇ ਇਸ ਗੱਲ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਅਸਲ ਵਿਚ ਇਸ ਵਾਇਰਸ ਦੀ ਉਤਪੱਤੀ ਕਿੱਥੋਂ ਹੋਈ ਹੈ।

ਦਰਅਸਲ CIA ਅਤੇ ਹੋਰ ਅਮਰੀਕੀ ਏਜੰਸੀਆਂ ਨੂੰ ਕਈ ਅਜਿਹੇ ਸਬੂਤ ਮਿਲੇ ਹਨ ਜੋ ਕਿ ਕੋਰੋਨਾ ਵਾਇਰਸ ਨੂੰ ਵੁਹਾਨ ਦੀ ਇਕ ਲੈਬ ਵਿਚ ਬਣਾਏ ਜਾਣ ਵੱਲ ਇਸ਼ਾਰਾ ਕਰਦੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਥਿਊਰੀਆਂ ਸਾਹਮਣੇ ਆਈਆਂ ਹਨ ਪਰ ਇਹਨਾਂ ਵਿਚੋਂ ਸੱਚ ਕਿਹੜੀ ਹੈ ਇਸ ’ਤੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ।

ਅਮਰੀਕੀ ਖੁਫੀਆ ਏਜੰਸੀ ਨੇ ਤੈਅ ਕੀਤਾ ਹੈ ਕਿ ਕਿਸੇ ਵੀ ਥਿਊਰੀ ’ਤੇ ਭਰੋਸਾ ਕਰਨ ਦੀ ਥਾਂ ਇਸ ਦੀ ਜਾਂਚ ਕਰ ਕੇ ਕੋਰੋਨਾ ਵਾਇਰਸ ਦਾ ਅਸਲ ਸੱਚ ਸਾਹਮਣੇ ਲਿਆਉਣਾ ਜ਼ਰੂਰੀ ਹੈ। ਯੂਐਸ ਇੰਟੇਲੀਜੈਂਸ ਸਰੋਤ ਮੁਤਾਬਕ ਟਰੰਪ ਦੇ ਸਮਰਥਕਾਂ ਨੇ ਚੀਨ ’ਤੇ ਇਲਜ਼ਾਮ ਲਗਾਉਂਦਿਆਂ ਕਈ ਫਰਜ਼ੀ ਗੱਲਾਂ ਸੋਸ਼ਲ ਮੀਡੀਆ ਦੁਆਰਾ ਫੈਲਾਈਆਂ ਹੋਈਆਂ ਹਨ। ਇਹਨਾਂ ਵਿਚੋਂ ਇਕ ਥਿਊਰੀ ਅਜਿਹੀ ਵੀ ਹੈ ਜਿਸ ਦੀ ਜਾਂਚ ਖੂਫੀਆ ਏਜੰਸੀ ਵੀ ਕਰ ਰਹੀ ਹੈ।   

ਕੀ ਹੈ ਉਹ ਥਿਊਰੀ?

ਸੂਤਰਾਂ ਮੁਤਾਬਕ ਅਮਰੀਕੀ ਖੁਫੀਆ ਏਜੰਸੀਆਂ ਨੂੰ ਅਜਿਹੀ ਹੀ ਇਕ ਥਿਊਰੀ ਨਾਲ ਜੁੜੇ ਕੁੱਝ ਸਬੂਤ ਹੱਥ ਲੱਗੇ ਹਨ। ਇਸ ਦੇ ਮੁਤਾਬਕ ਕੋਰੋਨਾ ਚੀਨ ਦੀ ਕਿਸੇ ਮਾਰਕਿਟ ਤੋਂ ਨਹੀਂ ਫੈਲਿਆ ਬਲਕਿ ਇਸ ਨੂੰ ਵੁਹਾਨ ਸ਼ਹਿਰ ਦੀ ਇਕ ਲੈਬ ਵਿਚ ਬਣਾਇਆ ਗਿਆ ਹੈ। ਇਸ ਥਿਊਰੀ ਮੁਤਾਬਕ ਕੋਰੋਨਾ ਨੂੰ ਇਕ ਬਾਇਓਵੇਪੇਨ ਦੀ ਤਰ੍ਹਾਂ ਡਿਵੈਲਪ ਕੀਤਾ ਜਾ ਰਿਹਾ ਸੀ ਪਰ ਇਕ ਛੋਟੀ ਜਿਹੀ ਗਲਤੀ ਕਾਰਨ ਆਮ ਲੋਕਾਂ ਦੇ ਸੰਪਰਕ ਵਿਚ ਆ ਗਿਆ।

ਲੈਬ ਵਿਚ ਹੀ ਕੰਮ ਕਰਨ ਵਾਲੇ ਇਕ ਵਿਅਕਤੀ ਨਾਲ ਛੋਟਾ ਜਿਹਾ ਹਾਦਸਾ ਹੋ ਗਿਆ ਅਤੇ ਉਹ ਖੁਦ ਇਨਫੈਕਟੇਡ ਹੋ ਗਿਆ। ਇਸ ਤੋਂ ਬਾਅਦ ਉਸ ਨੇ ਅਣਜਾਣੇ ਵਿਚ ਇਸ ਨੂੰ ਲੈਬ ਲਈ ਕਈ ਦੂਜੇ ਲੋਕਾਂ ਅਤੇ ਵੁਹਾਨ ਦੇ ਬਜ਼ਾਰ ਤਕ ਪਹੁੰਚਾ ਦਿੱਤਾ। ਸੂਤਰਾਂ ਮੁਤਾਬਕ ਅਮਰੀਕਨ ਖੁਫੀਆ ਏਜੰਸੀ ਫਿਲਹਾਲ ਇਸ ਥਿਊਰੀ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੂਰੀ ਦੁਨੀਆ ਵਿਚ ਕੋਰੋਨਾ ਦੇ ਫੈਲ ਜਾਣ ਤੋਂ ਬਾਅਦ ਹੁਣ ਇਸ ਦੀ ਅਸਲ ਉਤਪੱਤੀ ਦਾ ਪਤਾ ਲਗਾਉਣਾ ਬੇਹੱਦ ਮੁਸ਼ਕਿਲ ਮੰਨਿਆ ਜਾ ਰਿਹਾ ਹੈ।

ਜੁਆਇੰਟ ਚੀਫ ਆਫ਼ ਸਟਾਫ ਦੇ ਚੇਅਰਮੈਨ ਮਾਰਕ ਮਾਈਲੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਕੋਰੋਨਾ ਕਿਸੇ ਲੈਬ ਵਿੱਚ ਤਿਆਰ ਕੀਤਾ ਗਿਆ ਸੀ ਜਾਂ ਨਹੀਂ।

ਮਾਰਕ ਨੇ ਕਿਹਾ ਕਿ ਫਿਲਹਾਲ ਅਜਿਹਾ ਲਗਦਾ ਹੈ ਕਿ ਇਹ ਵਾਇਰਸ ਕੁਦਰਤੀ ਹੈ ਪਰ ਫਿਰ ਵੀ ਉਹ ਹਰ ਚੀਜ਼ ਦੀ ਜਾਂਚ ਅਤੇ ਪੁਸ਼ਟੀ ਕਰਨਾ ਚਾਹੁੰਦੇ ਹਨ। ਕੋਰੋਨਾ ਦੇ ਚੀਨ ਦੀ ਲੈਬ ਵਿਚ ਤਿਆਰ ਹੋਣ ਦਾ ਸ਼ੱਕ ਪਹਿਲਾਂ ਮੀਡੀਆ ਚੈਨਲਾਂ ਦੁਆਰ ਜ਼ਾਹਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਰਾਸ਼ਟਰਪਤੀ ਟਰੰਪ ਨੇ ਵੀ ਇਸ ਦਾ ਸਮਰਥਨ ਕੀਤਾ।

ਚੀਨ ਨੇ ਕੀਤਾ ਇਨਕਾਰ

ਚੀਨੀ ਸਰਕਾਰ ਪਹਿਲਾਂ ਹੀ ਵੁਹਾਨ ਦੀ ਲੈਬ ਵਿਚੋਂ ਕੋਰੋਨਾ ਵਾਇਰਸ ਦੇ ਫੈਲਣ ਦੀਆਂ ਖਬਰਾਂ ਨੂੰ ਖਾਰਜ ਕਰ ਚੁੱਕੀ ਹੈ ਅਤੇ ਕਈ ਹੋਰ ਮਾਹਰ ਵੀ ਇਸ ਸਿਧਾਂਤ ਨਾਲ ਸਹਿਮਤ ਨਹੀਂ ਹਨ। ਚੀਨ ਨੇ ਜਿਸ ਤਰੀਕੇ ਨਾਲ ਆਪਣੇ ਦੇਸ਼ ਵਿਚ ਕੋਰੋਨਾ ਨੂੰ ਕੰਟਰੋਲ ਕੀਤਾ ਹੈ ਇਹ ਵੀ ਖ਼ਦਸ਼ਾ ਹੈ ਕਿ ਉਨ੍ਹਾਂ ਨੂੰ ਵਾਇਰਸ ਦੇ ਨੁਕਸਾਨ ਅਤੇ ਬਚਾਅ ਬਾਰੇ ਪਹਿਲਾਂ ਹੀ ਪਤਾ ਸੀ।

2018 ਵਿੱਚ ਵਾਸ਼ਿੰਗਟਨ ਪੋਸਟ ਨੇ ਵੀ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ ਜਿਸ ਵਿੱਚ ਵੁਹਾਨ ਦੇ ਇੰਸਟੀਚਿਊਟ ਆਫ ਵਾਇਰੋਲੋਜੀ ਬਾਇਲਾਬਜ਼ ਉੱਤੇ ਗੰਭੀਰ ਆਰੋਪ ਲਗਾਏ ਗਏ ਸਨ। ਚੀਨ ’ਤੇ ਆਰੋਪ ਲਗਾਉਣ ਲਈ ਅਜੇ ਵੀ ਕੋਈ ਪੱਕਾ ਸਬੂਤ ਨਹੀਂ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ  ਮਾਈਕ ਪੋਂਪੀਓ ਦੇ ਅਨੁਸਾਰ ਅਮਰੀਕਾ ਨੇ ਵੂਹਾਨ ਦੀ ਮਾਰਕੀਟ ਵਿੱਚ ਜਾਂਚ ਕਰਨ ਲਈ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਇਜਾਜ਼ਤ ਮੰਗੀ ਸੀ ਜਿੱਥੋਂ ਕੋਰੋਨਾ ਫੈਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਜੇ ਚੀਨ ਨੇ ਇਸ ਤੋਂ ਇਨਕਾਰ ਨਾ ਕੀਤਾ ਹੁੰਦਾ ਤਾਂ ਵਾਇਰਸ ਨੂੰ ਉਸ ਸਮੇਂ ਦੁਨੀਆ ਵਿਚ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਚੀਨ ਦੀ ਨਾਕਾਮੀ ਤੋਂ ਬਾਅਦ ਤੋਂ ਹੀ ਤਮਾਮ ਏਜੰਸੀਆਂ ਦਾ ਸ਼ੱਕ ਹੋਰ ਵੀ ਮਜ਼ਬੂਤ ਹੋ ਗਿਆ ਹੈ ਅਤੇ ਹੁਣ ਇਹ ਪਤਾ ਲਗਾਉਣਾ ਜ਼ਰੂਰੀ ਹੋ ਚੁੱਕਾ ਹੈ ਕਿ ਇਸ ਵਾਇਰਸ ਦੀ ਅਸਲ ਸ਼ੁਰੂਆਤ ਕਿੱਥੋਂ ਹੋਈ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।