ਨੈਸ਼ਨਲ ਬਾਕਸਰ ਦੀ ਹਾਲਤ ਦੇਖ ਭਾਵੁਕ ਹੋਏ ਫਰਹਾਨ ਅਖ਼ਤਰ, ਹੁਣ ਦੁਨੀਆਂ ਦੇਖੇਗੀ ਸੰਘਰਸ਼ ਦੀ ਕਹਾਣੀ
ਫਰਹਾਨ ਅਖ਼ਤਰ ਬਾਕਸਰ 'ਤੇ ਇਕ ਫਿਲਮ ਬਣਾ ਰਹੇ ਹਨ
ਮੁੰਬਈ - ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ ਫ਼ਿਲਮ ‘ਤੂਫ਼ਾਨ’ ’ਚ ਫਰਹਾਨ ਅਖ਼ਤਰ ਇਕ ਬਾਕਸਰ ਦੇ ਕਿਰਦਾਰ ’ਚ ਨਜ਼ਰ ਆਉਣਗੇ। ਇਹ ਫ਼ਿਲਮ ਇਕ ਸਟ੍ਰੀਟ ਬਾਕਸਰ ਦੇ ਸੰਘਰਸ਼ ’ਤੇ ਬਣੀ ਹੈ। ਅਜਿਹੇ ’ਚ ਜਦੋਂ ਫਰਹਾਨ ਅਖ਼ਤਰ ਦੇ ਸਾਹਮਣੇ ਇਕ ਅਸਲ ਜ਼ਿੰਦਗੀ ਦੇ ਬਾਕਸਰ ਦੀ ਵੀਡੀਓ ਆਈ, ਜਿਸ ਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੈ ਤਾਂ ਫਰਹਾਨ ਭਾਵੁਕ ਹੋ ਗਏ। ਉਨ੍ਹਾਂ ਨੇ ਉਕਤ ਬਾਕਸਰ ਦੀ ਜਾਣਕਾਰੀ ਵੀਡੀਓ ਸ਼ੇਅਰ ਕਰਨ ਵਾਲੇ ਸਖ਼ਸ਼ ਤੋਂ ਮੰਗੀ।
ਵੀਡੀਓ ਆਬਿਦ ਖ਼ਾਨ ਬਾਰੇ ਹੈ, ਜਿਨ੍ਹਾਂ ਨੂੰ ਰਾਸ਼ਟਰੀ ਪੱਧਰ ਦਾ ਬਾਕਸਰ ਦੱਸਿਆ ਗਿਆ ਹੈ। ਇਸ ਦੇ ਨਾਲ ਜੋ ਜਾਣਕਾਰੀ ਦਿੱਤੀ ਹੈ, ਉਸ ਅਨੁਸਾਰ ਆਬਿਦ ਐੱਨ. ਆਈ. ਐੱਸ. ਸਿਖਲਾਈ ਕੋਚ ਸਨ ਪਰ ਹੁਣ ਉਨ੍ਹਾਂ ਨੂੰ ਗੁਜ਼ਾਰੇ ਲਈ ਆਟੋ ਚਲਾਉਣਾ ਪੈ ਰਿਹਾ ਹੈ। ਵੀਡੀਓ ’ਚ ਆਬਿਦ ਬਾਕਸਿੰਗ ਪੰਚ ਲਾਉਂਦੇ ਨਜ਼ਰ ਆਉਂਦੇ ਹਨ, ਉਥੇ ਹੀ ਉਹ ਆਪਣੀ ਕਹਾਣੀ ਸੁਣਾਉਂਦੇ ਹਨ।
ਫਰਹਾਨ ਨੇ ਇਹ ਵੀਡੀਓ ਰੀ-ਟਵੀਟ ਕਰਕੇ ਲਿਖਿਆ, ‘ਇਹ ਦੇਖਣਾ ਦੁਖਦ ਪਰ ਪ੍ਰੇਰਣਾਦਾਇਕ ਵੀ ਹੈ। ਇਸ ਸਪੋਰਟਸਮੈਨ ਨੇ ਕਿਸ ਤਰ੍ਹਾਂ ਆਪਣੀ ਅਧੂਰੀ ਲਾਲਸਾ ਦਾ ਮੁਕਾਬਲਾ ਕੀਤਾ ਹੈ।’ ਇਸ ਤੋਂ ਬਾਅਦ ਫਰਹਾਨ ਨੇ ਆਬਿਦ ਦੀ ਜਾਣਕਾਰੀ ਮੰਗੀ। ਵੀਡੀਓ ’ਚ ਆਬਿਦ ਕਹਿੰਦੇ ਹਨ ਕਿ ਗ਼ਰੀਬ ਇਨਸਾਨ ਲਈ ਸਭ ਤੋਂ ਵੱਡਾ ਸ਼ਰਾਪ ਗ਼ਰੀਬੀ ਹੈ ਤੇ ਉਸ ਤੋਂ ਵੱਡਾ ਸ਼ਰਾਪ ਇਹ ਹੈ ਕਿ ਉਹ ਸਪੋਰਟਸ ਲਵਰ ਹੈ।
ਸਪੋਰਟਸ ਪਰਸਨ ਹੁੰਦੇ ਹੋਏ ਉਨ੍ਹਾਂ ਕਈ ਬੁਲੰਦੀਆਂ ਹਾਸਲ ਕੀਤੀਆਂ ਅਤੇ ਡਿਪਲੋਮਾ ਵੀ ਕੀਤਾ। ਉਸ ਤੋਂ ਬਾਅਦ ਵੀ ਕੰਮ ਨਹੀਂ ਮਿਲਿਆ। ਜਿਥੇ ਵੀ ਗਿਆ, ਨਕਾਰ ਦਿੱਤਾ ਗਿਆ। ਆਬਿਦ ਕਹਿੰਦੇ ਹਨ ਕਿ ਬਾਕਸਿੰਗ ’ਚ ਗ਼ਰੀਬ ਤਬਕੇ ਦੇ ਜਾਂ ਮਿਡਲ ਕਲਾਸ ਦੇ ਲੋਕ ਹੀ ਆਉਂਦੇ ਹਨ ਕਿਉਂਕਿ ਇਸ ’ਚ ਮਾਰ ਖਾਣੀ ਪੈਂਦੀ ਹੈ।
ਪੈਸੇ ਵਾਲਾ ਕ੍ਰਿਕਟ, ਲਾਨ ਟੈਨਿਸ, ਬੈਡਮਿੰਟਨ ਜਿਹੀਆਂ ਖੇਡਾਂ ਖੇਡਦਾ ਹੈ। ਦੱਸਣਯੋਗ ਹੈ ਕਿ ਫਰਹਾਨ ਦੀ ‘ਤੂਫ਼ਾਨ’ ਫ਼ਿਲਮ 21 ਮਈ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਫ਼ਿਲਮ ’ਚ ਮ੍ਰਿਣਾਲ ਠਾਕੁਰ ਤੇ ਪਰੇਸ਼ ਰਾਵਲ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ।