ਆਸਾਮ 'ਚ ਤੂਫਾਨ ਅਤੇ ਮੀਂਹ ਕਾਰਨ 14 ਲੋਕਾਂ ਦੀ ਗਈ ਜਾਨ, ਹਜ਼ਾਰਾਂ ਘਰ ਨੁਕਸਾਨੇ 

ਏਜੰਸੀ

ਖ਼ਬਰਾਂ, ਰਾਸ਼ਟਰੀ

NH-54E 'ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ

Assam Storm

ਮੀਂਹ ਕਾਰਨ 592 ਪਿੰਡਾਂ ਨੂੰ ਹੋਇਆ ਨੁਕਸਾਨ ਅਤੇ 20 ਹਜ਼ਾਰ ਤੋਂ ਵੱਧ ਲੋਕ ਹੋਏ ਪ੍ਰਭਾਵਿਤ 
ਗੁਹਾਟੀ :
ਇਸ ਸਮੇਂ ਦੇਸ਼ ਭਰ 'ਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਕਈ ਸੂਬਿਆਂ 'ਚ ਪਾਰਾ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਸਾਮ ਵਿੱਚ ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਬੀਤੀ ਰਾਤ ਇੱਥੇ ਪਏ ਭਾਰੀ ਮੀਂਹ ਅਤੇ ਝੱਖੜ ਨੇ ਕਾਫੀ ਨੁਕਸਾਨ ਕੀਤਾ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ ਤੂਫਾਨ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏ.ਐੱਸ.ਡੀ.ਐੱਮ.ਏ.) ਮੁਤਾਬਕ ਰਾਜ 'ਚ ਕੱਲ੍ਹ ਅਸਮਾਨੀ ਬਿਜਲੀ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜੋ ਹੁਣ ਵਧ ਕੇ 14 ਹੋ ਗਈ ਹੈ।

ਅਥਾਰਟੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ 592 ਪਿੰਡਾਂ ਨੂੰ ਨੁਕਸਾਨ ਹੋਇਆ ਹੈ ਅਤੇ 20 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ। ਬਿਜਲੀ ਅਤੇ ਤੂਫਾਨ ਕਾਰਨ ਕਰੀਬ 6000 ਕੱਚੇ ਅਤੇ ਪੱਕੇ ਮਕਾਨਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਕਰੀਬ 900 ਕੱਚੇ ਅਤੇ ਪੱਕੇ ਮਕਾਨ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਦੁਕਾਨਾਂ ਅਤੇ ਕਈ ਸੰਸਥਾਵਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਅਥਾਰਟੀ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।

ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਕੇਲੋਲੋ ਪਿੰਡ ਨੇੜੇ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ 54 ਈ 'ਤੇ ਕਈ ਵਾਹਨ ਫਸ ਗਏ। ਨੈਸ਼ਨਲ ਹਾਈਵੇਅ 'ਤੇ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਅਤੇ ਕਈ ਵਾਹਨ ਚਿੱਕੜ 'ਚ ਫਸ ਗਏ। ਪਹਾੜੀ ਜ਼ਿਲ੍ਹੇ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੋਂ ਬਾਅਦ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਜ਼ਮੀਨ ਖਿਸਕਣ ਕਾਰਨ ਸੜਕ ਦੇ ਕਈ ਹਿੱਸੇ ਨੁਕਸਾਨੇ ਗਏ ਹਨ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਵੀ ਬਰਸਾਤ ਦੇ ਮੌਸਮ ਦੌਰਾਨ ਅਜਿਹਾ ਹੀ ਹਾਲ ਹੋਇਆ ਸੀ। ਇਸ ਦੌਰਾਨ NHAI ਅਤੇ ਜ਼ਿਲ੍ਹਾ ਪ੍ਰਸ਼ਾਸਨ ਸੜਕ ਅਤੇ ਮਲਬੇ ਨੂੰ ਸਾਫ਼ ਕਰਨ ਵਿੱਚ ਜੁਟੇ ਹੋਏ ਹਨ।